ਭਾਜਪਾ ਨੂੰ ਚੋਣਾਂ ਵਿੱਚ ਸ਼ੀਸ਼ਾ ਦਿਖਾਉਣਗੇ ਕਿਸਾਨ: ਟਿਕੈਤ

0
276

ਜੀਂਦ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨਾਂ ਦੇ ਖੁਸ਼ਹਾਲ ਹੋਣ ਤੱਕ ਲੜਾਈ ਖਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਹੀ ਖੁਸ਼ਹਾਲ ਹੋਵੇਗਾ ਜਦੋਂ ਉਸ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਉਸ ਦਾ ਹੱਕ ਨਹੀਂ ਮਿਲਦਾ, ਉਦੋਂ ਤੱਕ ਸਰਕਾਰ ਨਾਲ ਸੰਘਰਸ਼ ਜਾਰੀ ਰਹੇਗਾ। ਸ੍ਰੀ ਟਿਕੈਤ ਨੇ ਨਰਵਾਣਾ ਦੇ ਪਿੰਡ ਫੁਲੀਆ ਖੁਰਦ ਵਿੱਚ ਚੰਡੀਗੜ੍ਹ ਇੰਟਕ ਦੇ ਸੂਬਾ ਪ੍ਰਧਾਨ ਨਸੀਬ ਜਾਖੜ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਦਾਦਾ ਰਣਜੀਤ ਜਾਖੜ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਸਾਰਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ,‘‘ਕਿਸਾਨਾਂ ਦਾ ਬਲੀਦਾਨ ਅਤੇ ਸੰਘਰਸ਼ ਖਾਲੀ ਨਹੀਂ ਜਾਵੇਗਾ। ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ 700 ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਕਿਸਾਨ ਸ਼ੀਸ਼ਾ ਦਿਖਾਉਣਗੇ।’’ ਉਨ੍ਹਾਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਪ੍ਰਕਾਰ ਦੀ ਸਫ਼ਲਤਾ ਲਈ ਸੰਗਠਤ ਰਹਿਣ।