ਬੰਦ ਹੋਇਆ ਹਾਂਗਕਾਂਗ ਦਾ ਲੋਕਤੰਤਰ ਪੱਖੀ ਅਖ਼ਬਾਰ

0
257

ਹਾਂਗਕਾਂਗ(ਏਜੰਸੀਆਂ) ਹਾਂਗਕਾਂਗ ਵਿਚ ਪਿਛਲੇ 26 ਸਾਲ ਤੋਂ ਛਪਦੇ ਐਪਲ ਡੇਲੀ ਅਖਬਾਰ ਨੇ ਅੱਜ ਆਪਣਾ ਆਖਰੀ ਅੰਕ ਛਾਪਿਆ। ਲੋਕਤੰਤਰ ਪੱਖੀ ਇਸ ਅਖਬਾਰ ਦੇ ਆਖਰੀ ਅੰਕ ਦੀ ਉਡੀਕ ਲੋਕੀ ਪਿਛਲੀ ਰਾਤ ਤੋਂ ਹੀ ਕਰ ਰਹੇ ਸਨ। ਅੱਧੀ ਰਾਤ ਤੋ ਬਾਅਦ ਜਦ ਕਿ ਸਟਾਲਾਂ ਤੇ ਆਇਆ ਤਾਂ ਲੋਕੀ ਇਸ ਨੂੰ ਖਰੀਦਣ ਲਈ ਟੁੱਟ ਪਏ। ਇਹ ਅਖਬਾਰ ਜੋ ਕਿ ਰੋਜਾਨਾ ਇਕ ਲੱਖ ਤੇ ਘੱਟ ਕਾਪੀਆਂ ਛਾਪਦਾ ਸੀ, ਨੇ 10 ਲੱਖ ਕਾਪੀਆਂ ਛਾਪੀਆਂ। ਪਿਛਲੀ ਰਾਤ ਵੀ ਬਹੁਤ ਸਾਰੇ ਸਮਰਥਕ ਇਸ ਦੇ ਚੁੰਗ ਕੁਆਨ ਓ ਸਥਿਤ ਮੁੱਖ ਦਫਤਰ ਦੇ ਬਾਹਰ ਇਕੱਠੇ ਹੋਏ।ਇਸ ਇਕੱਠ ਦੀ ਤਸਵੀਰ ਹੀ ਅੱਜ ਇਸ ਦਾ ਮੁੱਖ ਪੰਨੇ ਦੀ ਤਸਵੀਰ ਹੈ।ਇਸ ਦੇ ਨਾਲ ਹੀ ਇਸ ਨੇ ਆਪਣੇ ਵੈਬਸਾਈਟ ਵੀ ਬੰਦ ਕਰ ਦਿਤੇ ਹਨ।
ਇਸ ਅਖਬਾਰ ਦੇ 5 ਸੰਪਾਦਕਾਂ ਤੇ ਐਗਜ਼ੀਕਿਊਟਿਵਸ ਨੂੰ ਪੁਲਿਸ ਗਿ੍ਫ਼ਤਾਰ ਕਰ ਚੁੱਕੀ ਹੈ | ਅਖਬਾਰ ਨਾਲ ਜੁੜੀ ਕਰੀਬ 2.3 ਕਰੋੜ ਡਾਲਰ ਦੀ ਸੰਪੰਤੀ ਨੂੰ ਵੀ ਸਰਕਾਰ ਨੇ ਜ਼ਬਤ ਕਰ ਲਿਆ ਹੈ | ਅਖਬਾਰ ਦੇ ਬੋਰਡ ਆਫ ਡਾਇਰੈਕਟਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਂਗਕਾਂਗ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ 26 ਸਾਲ ਪੁਰਾਣੇ ਅਖਬਾਰ ਦੇ ਪਿ੍ੰਟ ਤੇ ਆਨਲਾਈਨ ਐਡੀਸ਼ਨ ਜਾਰੀ ਨਹੀਂ ਹੋ ਸਕਣਗੇ | ਅਖਬਾਰ ਦੇ 5 ਸੰਪਾਦਕਾਂ ਨੂੰ ਪੁਲਿਸ ਨੇ ਵਿਦੇਸ਼ੀਆਂ ਦੇ ਨਾਲ ਮਿਲ ਕੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ‘ਚ ਪਾਉਣ ਦੇ ਸ਼ੱਕ ਵਜੋਂ ਹਿਰਾਸਤ ‘ਚ ਲਿਆ ਹੈ | ਲੋਕਤੰਤਰ ਸਮਰਥਕ ਅਖਬਾਰ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤੇ ਜਾਣ ‘ਤੇ ਅਮਰੀਕਾ ਨੇ ਚੀਨ ਤੇ ਹਾਂਗਕਾਂਗ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ |
ਇਸ ਦਾ ਮਾਲਕ ਜਿੰਮੀ ਲਾਈ ਪਹਿਲਾਂ ਹੀ ਦੇਸ਼ ਧਰੋਹ ਵਰਗੇ ਕੇਸਾਂ ਲਈ ਜੇਲ ਵਿਚ ਬੰਦ ਹੈ।