ਬੇਟਿਕਟੇ ਮੁਸਾਫਰਾਂ ਨੂੰ ਅਨੋਖੀ ਸਜ਼ਾ

0
358

ਰੋਮ : ਉਂਝ ਤਾਂ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਕਿ ਥੋੜ੍ਹੇ ਜਿਹੇ ਪੈਸੇ ਬਚਾਉਣ ਦੇ ਚੱਕਰ ਵਿੱਚ ਟਿਕਟ ਦੇ ਬਗੈਰ ਹੀ ਬੱਸ ਜਾਂ ਰੇਲਗੱਡੀ ਵਿੱਚ ਸਫ਼ਰ ਕਰਦੇ ਹਨ। ਕਈ ਵਾਰ ਕਈ ਅਜਿਹੇ ਲੋਕਾਂ ਨੂੰ ਵੱਡਾ ਜੁਰਮਾਨਾ ਵੀ ਭਰਨਾ ਪੈਂਦਾ ਹੈ। ਇਟਲੀ ‘ਚ ਵੀ ਬਿਨਾਂ ਟਿਕਟ ਦੇ ਰੇਲ ਗੱਡੀ ‘ਚ ਸਫਰ ਕਰਨ ਵਾਲਿਆਂ ਨੂੰ ਸ਼ਿਕੰਜੇ ‘ਚ ਲਿਆ ਜਾ ਰਿਹਾ ਹੈ। ਬੀਤੇ ਦਿਨੀਂ ਇਟਲੀ ‘ਚ ਬਿਨਾਂ ਟਿਕਟ ਦੇ ਸਫਰ ਕਰਨ ਵਾਲੇ ਤਕਰੀਬਨ 30 ਮੁਸਾਫਰਾਂ ਨੂੰ ਅਜਿਹੀ ਸ਼ਜਾ ਮਿਲੀ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਾ ਹੋਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੋਮ ਤੋਂ ਨਾਪੋਲੀ ਨੂੰ ਹਰ ਰੋਜ਼ ਦੀ ਤਰ੍ਹਾਂ ਲੋਕਲ ਰੇਲ ਗੱਡੀ ਨੇ ਜਦੋਂ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਲਾਤੀਨਾ ਸ਼ਹਿਰ ਲੰਘਦਿਆਂ ਹੀ ਰੇਲਗੱਡੀ ਵਿੱਚ ਚੈੱਕਰ ਆਪਣੀ ਟੀਮ ਲੈ ਕੇ ਪੁੱਜਾ, ਜਿਨ੍ਹਾਂ ਨੇ ਸਾਰੀ ਰੇਲ ਗੱਡੀ ਦੇ ਮੁਸਾਫਰਾਂ ਦੀਆਂ ਟਿਕਟਾਂ ਚੈੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਤ ਦੀ ਗਰਮੀ ਵਿੱਚ ਖਚਾ-ਖੱਚ ਭਰੇ ਡੱਬਿਆਂ ਵਿੱਚ ਤਕਰੀਬਨ 300-400 ਦੇ ਕਰੀਬ ਮੁਸਾਫਰ ਸਨ ਤੇ ਇਨ੍ਹਾਂ ‘ਚੋਂ ਲੱਗਭਗ 30 ਮੁਸਾਫਰ ਅਜਿਹੇ ਸਨ ਜਿਨ੍ਹਾਂ ਕੋਲ ਟਿਕਟ ਨਹੀਂ ਸੀ। ਬਿਨਾਂ ਟਿਕਟ ਦੇ ਸਫ਼ਰ ਕਰਨ ਵਾਲੇ ਮੁਸਾਫਰਾਂ ਵਿੱਚ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਕਿ ਚੈੱਕਰ ਨੇ ਇੱਕ ਪਾਸੇ ਕਰ ਲਿਆ। ਬਿਨਾਂ ਟਿਕਟ ਦੇ ਸਫ਼ਰ ਕਰਨ ਵਾਲੇ ਕੁੱਝ ਮੁਸਾਫਰਾਂ ਨੇ ਤਾਂ ਜੁਰਮਾਨਾ ਭੁਗਤਣ ਲਈ ਯੂਰੋ ਵੀ ਹੱਥਾਂ ਵਿੱਚ ਕੱਢ ਕੇ ਫੜ ਲਏ ਸਨ ਪਰ ਚੈੱਕਰ ਨੇ ਉਨ੍ਹਾਂ ਨੂੰ ਇਹ ਜੁਰਮਾਨਾ ਨਹੀਂ ਲਗਾਇਆ ਸਗੋਂ ਤਿੱਖੀ ਧੁੱਪ ‘ਚ ਪੈਦਲ ਸਫਰ ਕਰਨ ਦੀ ਸਜ਼ਾ ਦਿੱਤੀ। ਉਨ੍ਹਾਂ ਨੇ ਰੇਲ ਗੱਡੀ ਅਜਿਹੀ ਥਾਂ ‘ਤੇ ਰੁਕਵਾਈ ਜਿੱਥੋਂ ਨਾ ਤਾਂ ਕੋਈ ਬੱਸ ਲੰਘਦੀ ਹੈ ਅਤੇ ਨਾ ਹੀ ਕੋਈ ਰੇਲ ਗੱਡੀ ਰੁਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਠੱਗਾਂ ਲਈ ਇਹ ਸਜ਼ਾ ਬਿਲਕੁਲ ਠੀਕ ਹੈ ਤਾਂ ਕਿ ਉਹ ਅੱਗੇ ਤੋਂ ਇੰਝ ਮੁਫਤ ‘ਚ ਸਫਰ ਨਾ ਕਰਨ। ਉਨ੍ਹਾਂ ਕਿਹਾ ਕਿ ਜਦ ਤਕ ਮੁਫਤ ‘ਚ ਸਫਰ ਕਰਨ ਵਾਲਿਆਂ ਨਾਲ ਸਖਤਾਈ ਨਹੀਂ ਕੀਤੀ ਜਾਵੇਗੀ ਤਦ ਤਕ ਉਹ ਅਜਿਹਾ ਹੀ ਕਰਦੇ ਰਹਿਣਗੇ।