ਫੌਜੀਆਂ ਨੇ ਲਾਈ ਸੀ ਹਾਂਗਕਾਂਗ ‘ਚ ਸਿੱਖੀ ਦੀ ਪੌਦ

0
356

ਹਾਂਗਕਾਂਗ ਦੇ ਵਾਨ ਚਾਈ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਨਾਲ ਬ੍ਰਿਟਿਸ਼ ਆਰਮੀ ਰੈਜੀਮੈਂਟ ਦੇ ਸਿੱਖ ਸਿਪਾਹੀਆਂ ਵੱਲੋਂ 1901 ਵਿੱਚ ਸਥਾਪਤ ਕੀਤਾ ਗਿਆ ਸੀ। ਸਿੱਖ ਸਿਪਾਹੀਆਂ ਵੱਲੋਂ ਸਥਾਪਤ ਕੀਤੇ 116 ਸਾਲ ਪੁਰਾਣੇ ਇਸ ਗੁਰੂ ਘਰ ਨੂੰ 1930 ਵਿੱਚ ਮੁੜ ਤੋਂ ਉਸਾਰਿਆ ਗਿਆ। ਫਿਰ 1980 ਤੇ 1999 ਵਿੱਚ ਗੁਰੂ ਘਰ ਦੀ ਇਮਾਰਤ ‘ਚ ਹੋਰ ਵਾਧਾ ਕੀਤਾ ਗਿਆ। ਅੱਜ ਇਹ ਗੁਰੂ ਘਰ ਹਾਂਗਕਾਂਗ ਦਾ ਸਭ ਤੋਂ ਵੱਡਾ ਤੇ ਪ੍ਰਸਿੱਧ ਗੁਰੂ ਘਰ ਹੈ।
ਹਾਂਗਕਾਂਗ ਦੇ ਵਾਨ ਚਾਈ ਗੁਰੂ ਘਰ ਦੇ ਦਰਸ਼ਨਾਂ ਲਈ ਹਰ ਸਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪਹੁੰਚਦੇ ਹਨ। ਪਿਛਲੇ 8 ਸਾਲਾਂ ਦੌਰਾਨ ਇੱਥੇ 25000 ਵਿਦਿਆਰਥੀ ਦਰਸ਼ਨ ਕਰ ਚੁੱਕੇ ਹਨ।

ਖਾਲਸਾ ਦੀਵਾਨ ਗੁਰੂ ਘਰ ਦੇ ਲੰਗਰ ਹਾਲ ਵਿੱਚ ਰੋਜ਼ਾਨਾ ਲੰਗਰ ਪੱਕਦਾ ਤੇ ਵਰਤਦਾ ਹੈ। ਰੋਜ਼ਾਨਾ ਲਗਭਗ 200 ਦੀ ਗਿਣਤੀ ਵਿੱਚ ਸੰਗਤ ਇੱਥੇ ਲੰਗਰ ਛਕਦੀ ਹੈ ਜਦਕਿ ਐਤਵਾਰ 1500 ਦੇ ਕਰੀਬ ਸੰਗਤ ਲਈ ਲੰਗਰ ਤਿਆਰ ਹੁੰਦਾ ਹੈ। ਗੁਰੂ ਘਰ ਦੇ ਮੌਜੂਦਾ ਪ੍ਰਧਾਨ ਸੁੱਖਾ ਸਿੰਘ ਗਿੱਲ ਮੁਤਾਬਕ 1938 ਵਿੱਚ ਜਾਪਾਨ ਦੇ ਕਬਜ਼ੇ ਸਮੇਂ ਗੁਰੂ ਘਰ ਦੇ ਮੂਹਰਲੇ ਪਾਸੇ ਬੰਬ ਸੁੱਟਣ ਕਾਰਨ ਗੁਰੂ ਘਰ ਦਾ ਕੁਝ ਹਿੱਸਾ ਬਰਬਾਦ ਹੋ ਗਿਆ ਸੀ ਤੇ ਗ੍ਰੰਥੀ ਸਿੰਘ ਨੰਦ ਸਿੰਘ ਦੀ ਮੌਤ ਹੋ ਗਈ ਸੀ।
ਗੁਰਦੁਆਰਾ ਸਾਹਿਬ ਦੀ 1920 ਵੇਲੇ ਦੀ ਯਾਦਗਾਰੀ ਤਸਵੀਰ ਵੀ ਇੱਥੇ ਸਾਂਭ ਕੇ ਰੱਖੀ ਹੋਈ ਹੈ। ਗੁਰੂ ਘਰ ਦੀ ਦਿੱਖ ਤੇ ਕੰਪਲੈਕਸ ਅੰਦਰ ਲੱਗੇ ਰੁੱਖ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਗੁਰੂ ਘਰ ਵਿਦੇਸ਼ੀ ਧਰਤੀ ‘ਤੇ ਸਥਿਤ ਹੈ, ਬਲਕਿ ਇਹ ਪੂਰੀ ਤਰਾਂ ਪੰਜਾਬੀ ਦਿੱਖ ਪੇਸ਼ ਕਰਦਾ ਹੈ। ਗੁਰੂ ਘਰ ਦੇ ਲੰਗਰ ‘ਚੋਂ ਰੋਜ਼ਾਨਾ ਲੋੜਵੰਦ ਰਿਫਿਊਜੀਆਂ ਲਈ ਖਾਸ ਤੌਰ ‘ਤੇ ਲੰਗਰ ਤਿਆਰ ਹੁੰਦਾ ਹੈ।
ਬਾਹਰਲੇ ਮੁਲਕਾਂ ਤੋਂ ਹਾਂਗਕਾਂਗ ਆਉਣ ਵਾਲੇ ਸੈਲਾਨੀਆਂ ਨੂੰ ਇਹ ਗੁਰੂ ਘਰ ਮੁਫਤ ਨਿਵਾਸ ਤੇ ਲੰਗਰ ਦੀ ਸਹੂਲਤ ਖੁੱਲ੍ਹੇ ਦਿਲ ਨਾਲ ਦਿੰਦਾ ਹੈ। ਗੁਰੂ ਘਰ ਵਿਖੇ ਪੰਜਾਬੀ ਸਿਖਾਉਣ ਦੀਆਂ ਕਲਾਸਾਂ, ਗਤਕਾ ਕਲਾਸਾਂ, ਕੀਰਤਨ ਕਲਾਸਾਂ, ਗੁਰਬਾਣੀ ਕਲਾਸਾਂ ਦੀ ਸਹੂਲਤ ਦੇ ਨਾਲ ਲਾਇਬ੍ਰੇਰੀ, ਛੋਟੇ ਬੱਚਿਆਂ ਲਈ ਕਿੰਡਰਗਾਰਟਨ ਤੇ ਕੰਪਿਊਟਰ ਸਿਖਲਾਈ ਵੀ ਦਿੱਤੀ ਜਾਂਦੀ ਹੈ।