ਤਾਈਵਾਨ ਅਤੇ ਚੀਨ ਵਿਚਕਾਰ ਕੀ ਹੈ ਝਗੜਾ ?

0
280

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਈਵਾਨ ਦੇ ਲੋਕਾਂ ਨੂੰ ਆਖਿਆ ਹੈ ਕਿ ਉਹ ਮੰਨ ਲੈਣ ਕਿ ਤਾਈਵਾਨ ਮੁੜ ਚੀਨ ਵਿੱਚ “ਰਲਣਾ ਚਾਹੀਦਾ ਹੈ ਅਤੇ ਰਲਾ ਲਿਆ ਜਾਵੇਗਾ।”

ਇੱਕ ਭਾਸ਼ਣ ਵਿੱਚ ਜਿਨਪਿੰਗ ਨੇ ਮੁੜ ਆਖਿਆ ਕਿ ਚੀਨ ਇੱਕ-ਦੇਸ਼-ਦੋ-ਵਿਵਸਥਾਵਾਂ ਦੇ ਸਿਧਾਂਤ ‘ਤੇ ਚਲਦਿਆਂ ਸ਼ਾਂਤੀ ਨਾਲ ਮੁੜ ਏਕੀਕਰਨ ਦਾ ਹਮਾਇਤੀ ਹੈ ਪਰ ਨਾਲ ਹੀ ਉਸ ਕੋਲ ਫੌਜੀ ਕਾਰਵਾਈ ਦਾ ਵੀ ਵਿਕਲਪ ਹੈ।

ਇਹ ਚੀਨ ਤੇ ਤਾਈਵਾਨ ਵਿੱਚ ਝਗੜਾ ਹੈ ਕੀ? ਚੀਨ ਕਿਉਂ ਚਾਹੁੰਦਾ ਹੈ ਕਿ ਤਾਈਵਾਨ ਮੁੜ ਉਸ ਦਾ ਹਿੱਸਾ ਬਣ ਜਾਵੇ? ਤਾਈਵਾਨ ਕੀ ਚਾਹੁੰਦਾ ਹੈ?

ਚੀਨ ਅਸਲ ਵਿੱਚ ਤਾਈਵਾਨ ਨੂੰ ਆਪਣੇ ਹੀ ਇੱਕ ਸੂਬੇ ਵਜੋਂ ਵੇਖਦਾ ਹੈ ਪਰ ਤਾਈਵਾਨ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦਾ ਵੱਖਰਾ ਦੇਸ਼ ਹੈ।
ਇਤਿਹਾਸ ਕੀ ਕਹਿੰਦਾ ਹੈ

ਮੰਨਿਆ ਜਾਂਦਾ ਹੈ ਕਿ ਮੌਜੂਦਾ ਤਾਈਵਾਨ ਵਿੱਚ ਸਭ ਤੋਂ ਪਹਿਲਾਂ ਦੱਖਣੀ ਚੀਨ ਦੇ ਇਲਾਕੇ ਤੋਂ ਕਬੀਲੇ ਆ ਕੇ ਵੱਸੇ। ਚੀਨ ਦੇ ਦਸਤਾਵੇਜ਼ਾਂ ਵਿੱਚ ਤਾਈਵਾਨ ਟਾਪੂ ਦਾ ਪਹਿਲਾ ਜ਼ਿਕਰ 239 ਈਸਵੀ ਵਿੱਚ ਆਉਂਦਾ ਹੈ ਜਦੋਂ ਚੀਨ ਦੇ ਸ਼ਾਸਕਾਂ ਨੇ ਇੱਕ ਬੇੜਾ ਭੇਜ ਕੇ ਜਾਣਨ ਦਿ ਕੋਸ਼ਿਸ਼ ਕੀਤੀ ਕਿ ਟਾਪੂ ‘ਤੇ ਕੀ ਹੈ। ਚੀਨ ਇਸ ਗੱਲ ਨੂੰ ਵਾਰ-ਵਾਰ ਦੱਸ ਕੇ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੁੰਦਾ ਹੈ।

ਤਾਈਵਾਨ ਕੁਝ ਸਮੇਂ ਲਈ ਡੱਚ ਯਾਨੀ ਹਾਲੈਂਡ ਦੀ ਕਾਲੋਨੀ ਵੀ ਰਿਹਾ (1624-1661) ਪਰ ਇਸ ਉੱਪਰ ਕੋਈ ਸਵਾਲ ਨਹੀਂ ਕਿ 1683 ਤੋਂ 1895 ਤਕ ਚੀਨ ਦੇ ਕੁਇੰਗ ਰਾਜਘਰਾਣੇ ਨੇ ਤਾਈਵਾਨ ਉੱਪਰ ਵੀ ਰਾਜ ਕੀਤਾ।

17ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਤਾਈਵਾਨ ‘ਚ ਚੀਨ ਤੋਂ ਪਰਵਾਸੀ ਆਉਣ ਲੱਗੇ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹੋਕਲੋ ਚਾਈਨੀਜ਼ ਸਨ ਜਾਂ ਹਾਕਾ ਚਾਈਨੀਜ਼, ਜੋ ਕਿ ਮੌਜੂਦਾ ਤਾਈਵਾਨ ਵਿੱਚ ਵੀ ਜਨਸੰਖਿਆ ਦਾ ਸਭ ਤੋਂ ਵੱਡਾ ਹਿੱਸਾ ਹਨ।

ਜੰਗ ਦਾ ਅਸਰ

ਜਦੋਂ ਜਪਾਨ 1895 ਵਿੱਚ ਚੀਨ ਨਾਲ ਯੁੱਧ ਵਿੱਚ ਜਿੱਤਿਆ ਤਾਂ ਕੁਇੰਗ ਰਾਜਘਰਾਣੇ ਨੂੰ ਤਾਈਵਾਨ ਜਪਾਨ ਲਈ ਛੱਡਣਾ ਪਿਆ। ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਵੇਲੇ ਦੇ ਚੀਨੀ ਰਾਜ ਨੂੰ ਅਮਰੀਕਾ ਅਤੇ ਯੂਕੇ ਦਾ ਸਾਥ ਮਿਲਿਆ, ਜਪਾਨ ਹਾਰਿਆ ਤਾਂ ਚੀਨ ਦਾ ਸਾਰੇ ਖੇਤਰ ਉੱਪਰ ਹੀ ਅਧਿਕਾਰ ਆ ਗਿਆ।

ਚੀਨ ਦੇ ਅੰਦਰ ਉਸ ਵੇਲੇ ਦੇ ਸ਼ਾਸਕ ਚਿਆਂਗ ਕਾਈ-ਸ਼ੈਕ ਨੂੰ ਮਾਓ ਦੀਆਂ ਕੰਮਿਊਨਿਸਟ ਫੌਜਾਂ ਨੇ ਖਦੇੜ ਦਿੱਤਾ। ਆਪਣੀ ਬਾਕੀ ਬਚੀ ਕੁਓ-ਮਿਨ-ਤਾਂਗ (ਕੇਐੱਮਟੀ) ਸਰਕਾਰ ਸਮੇਤ ਚਿਆਂਗ 1949 ਵਿੱਚ ਤਾਈਵਾਨ ਚਲੇ ਗਏ।

ਇਸ ਸਮੂਹ ਵਿੱਚ ਆਏ ਚੀਨੀ ਲੋਕਾਂ ਦਾ ਤਾਈਵਾਨ ਦੀ ਆਬਾਦੀ ਵਿੱਚ 14 ਫ਼ੀਸਦੀ ਹਿੱਸਾ ਹੈ ਪਰ 1949 ਤੋਂ ਕਈ ਸਾਲਾਂ ਤੱਕ ਇਨ੍ਹਾਂ ਨੇ ਦੇਸ਼ ਉੱਪਰ ਰਾਜ ਕੀਤਾ।

ਦੂਜੇ ਪਾਸੇ ਚੀਨ ਦੇ ਜ਼ਿਆਦਾਤਰ ਇਲਾਕੇ ਉੱਪਰ ਖੱਬੇ ਪੱਖੀਆਂ ਦਾ ਰਾਜ ਕਾਇਮ ਹੋ ਗਿਆ ਜੋ ਅੱਜ ਵੀ ਇੱਕ ਰੂਪ ਵਿੱਚ ਚੱਲ ਰਿਹਾ ਹੈ।

ਤਾਈਵਾਨ ਵਿੱਚ ਚਿਆਂਗ ਕਾਈ-ਸ਼ੈਕ ਦਾ ਪੁੱਤਰ ਉਸ ਦੇ ਸ਼ਾਸਕੀ ਢਾਂਚੇ ਨੂੰ ਲੋਕਾਂ ਦੇ ਗੁੱਸੇ ਸਾਹਮਣੇ ਖੜ੍ਹਾ ਨਾ ਰੱਖ ਸਕਿਆ।

ਉਸ ਨੇ ਸਾਲ 2000 ਵਿੱਚ ਚੋਣਾਂ ਕਰਵਾਈਆਂ ਜਿਨ੍ਹਾਂ ਵਿੱਚ ਪਹਿਲੀ ਵਾਰ ਕੇਐੱਮਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਰਾਸ਼ਟਰਪਤੀ ਬਣਿਆ, ਨਾਮ ਸੀ ਚੈਨ ਸ਼ੁਈ-ਬਿਆਨ।

ਰਿਸ਼ਤਿਆਂ ਦੇ ਹਾਲਾਤ

ਕਈ ਦਹਾਕਿਆਂ ਦੀ ਗਰਮਾਗਰਮੀ ਤੋਂ ਬਾਅਦ 1980ਵਿਆਂ ਵਿੱਚ ਚੀਨ ਤੇ ਤਾਈਵਾਨ ਦੇ ਰਿਸ਼ਤੇ ਕੁਝ ਠੀਕ ਹੋਣੇ ਸ਼ੁਰੂ ਹੋਏ।

ਚੀਨ ਨੇ ਇੱਕ-ਦੇਸ਼-ਦੋ-ਵਿਵਸਥਾਵਾਂ ਦਾ ਸਿਧਾਂਤ ਪੇਸ਼ ਕੀਤਾ ਜਿਸ ਮੁਤਾਬਕ ਚੀਨ ਆਪਣੇ ਕੰਮਿਊਨਿਸਟ ਸਿਸਟਮ ਨਾਲ ਚੱਲੇਗਾ ਅਤੇ ਤਾਈਵਾਨ ਆਪਣੇ ਆਰਥਕ-ਰਾਜਨੀਤਕ ਤਰੀਕੇ ਨਾਲ। ਸ਼ਰਤ ਇਹ ਸੀ ਕਿ ਤਾਈਵਾਨ ਆਪਣੇ ਉੱਪਰ ਚੀਨ ਦੇ ਰਾਜ ਨੂੰ ਕਬੂਲੇਗਾ ਅਤੇ ਬਦਲੇ ਵਿੱਚ ਉਸ ਨੂੰ ਖੁਦਮੁਖਤਿਆਰੀ ਮਿਲੇਗੀ।

ਤਾਈਵਾਨ, ਜੋ ਆਪਣੇ ਆਪ ਨੂੰ ‘ਰਿਪਬਲਿਕ ਆਫ਼ ਚਾਈਨਾ’ ਆਖਦਾ ਰਿਹਾ ਹੈ, ਨੇ ਇਸ ਫਾਰਮੂਲੇ ਨੂੰ ਨਕਾਰ ਦਿੱਤਾ। ਫਿਰ ਵੀ ਸਰਕਾਰ ਨੇ ਚੀਨ ਜਾਣ ਅਤੇ ਉੱਥੇ ਨਿਵੇਸ਼ ਕਰਨ ਦੇ ਨਿਯਮਾਂ ‘ਚ ਢਿੱਲ ਕੀਤੀ। ਸਾਲ 1991 ਵਿੱਚ ਤਾਈਵਾਨ ਸਰਕਾਰ ਨੇ ਮੌਜੂਦਾ ਚੀਨ, ‘ਪੀਪਲਜ਼ ਰਿਪਬਲਿਕ ਆਫ਼ ਚਾਈਨਾ’, ਨਾਲ ਜੰਗ ਨੂੰ ਰਸਮੀ ਤੌਰ ’ਤੇ ਖ਼ਤਮ ਵੀ ਐਲਾਨ ਦਿੱਤਾ।

ਦੋਵਾਂ ਪੱਖਾਂ ਨੇ ਗੈਰ-ਅਧਿਕਾਰਤ ਤੌਰ ‘ਤੇ ਗੱਲਬਾਤ ਵੀ ਕੀਤੀ ਪਰ ਚੀਨ ਵੱਲੋਂ ਤਾਈਵਾਨ ਦੀ ਸਰਕਾਰ ਨੂੰ ਗ਼ੈਰ-ਕਾਨੂੰਨੀ ਮੰਨਣ ਕਰਕੇ ਇਹ ਅੱਗੇ ਨਹੀਂ ਵੱਧ ਸਕੀ।

ਕੀ ਹੈ ਮੂਲ ਮੁੱਦਾ

ਤਾਈਵਾਨ ਕੀ ਹੈ ਅਤੇ ਇਸ ਦਾ ਨਾਂ ਕੀ ਹੋਣਾ ਚਾਹੀਦਾ ਹੈ, ਇਸ ਬਾਰੇ ਅਸਹਿਮਤੀ ਅਤੇ ਦੁਵਿਧਾ ਹੈ।

ਚਿਆਂਗ ਕਾਈ-ਸ਼ੈਕ ਦੀ ਜਿਹੜੀ ਸਰਕਾਰ ਤਾਈਵਾਨ ਆ ਕੇ ਵੱਸੀ ਸੀ ਉਸ ਨੇ ਨਾਂ ਰੱਖਿਆ ਸੀ ‘ਰਿਪਬਲਿਕ ਆਫ਼ ਚਾਈਨਾ’ ਅਤੇ ਨਾਲ ਹੀ ਇਸ ਦਾ ਟੀਚਾ ਸੀ ਕਿ ਬਾਕੀ ਦਾ ਚੀਨ ਵੀ ਮੁੜ ਕਬਜ਼ਾਉਣਾ ਹੈ। ਇਸੇ ਸਰਕਾਰ ਨੂੰ ਸੰਯੁਕਤ ਰਾਸ਼ਟਰ ਨੇ ਵੀ ਮਾਨਤਾ ਦਿੱਤੀ ਅਤੇ ਕਈ ਵੱਡੇ ਦੇਸ਼ ਇਸ ਨੂੰ ਹੀ ਅਸਲ ਚੀਨੀ ਸਰਕਾਰ ਮੰਨਦੇ ਰਹੇ।

ਫਿਰ 1971 ਵਿੱਚ ਸੰਯੁਕਤ ਰਾਸ਼ਟਰ ਨੇ ਮਾਨਤਾ ਤਾਈਵਾਨ ਦੀ ਬਜਾਇ ਬੀਜਿੰਗ ਦੀ ਰਾਜਧਾਨੀ ਵਾਲੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਨੂੰ ਦੇ ਦਿੱਤੀ। ਉਸ ਤੋਂ ਬਾਅਦ ਤਾਂ ਤਾਈਵਾਨ ਵਾਲੇ ‘ਚੀਨ’ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਘਟਦੀ ਰਹੀ ਹੈ ਅਤੇ ਇਸ ਵੇਲੇ 20 ਦੇ ਕਰੀਬ ਹੈ।

ਚੀਨ ਮੰਨਦਾ ਹੈ ਕਿ ਤਾਈਵਾਨ ਉਸ ਦਾ ਹੀ ਵੱਖ ਹੋਇਆ ਸੂਬਾ ਹੈ।

ਤਾਈਵਾਨ ਦੇ ਆਗੂ ਆਪਣੇ ਦੇਸ਼ ਨੂੰ ਆਜ਼ਾਦ ਮੁਲਕ ਮੰਨਦੇ ਹਨ ਜਿਸ ਦਾ ਸੰਵਿਧਾਨ ਹੈ, ਲੋਕਤੰਤਰ ਹੈ ਅਤੇ 3 ਲੱਖ ਦੀ ਫੌਜ ਹੈ।

ਇਸ ਭੰਬਲਭੂਸੇ ‘ਚ ਜ਼ਿਆਦਾਤਰ ਦੇਸ਼ ਪਾਸੇ ਰਹਿ ਕੇ ਹੀ ਖੁਸ਼ ਹਨ। ਹੁਣ ਤਾਈਵਾਨ ਕੋਲ ਆਜ਼ਾਦ ਦੇਸ਼ ਵਾਲੇ ਸਾਰੇ ਢਾਂਚੇ ਹਨ ਪਰ ਉਸ ਦੇ ਕਾਨੂੰਨੀ ਆਧਾਰ ਉੱਪਰ ਲਗਾਤਾਰ ਅਸਹਿਮਤੀ ਹੈ।

ਤਾਈਵਾਨ ਦੇ ਲੋਕ ਕੀ ਕਹਿੰਦੇ ਹਨ

ਰਾਜਨੀਤਕ ਤੌਰ ‘ਤੇ ਤਾਈਵਾਨ ਤੇ ਚੀਨ ਦੇ ਰਿਸ਼ਤੇ ਹੌਲੀ-ਹੌਲੀ ਅਗਾਂਹ ਵਧ ਰਹੇ ਹਨ ਪਰ ਨਾਗਰਿਕਾਂ ਵਿਚਕਾਰ ਸਾਂਝ ਅਤੇ ਆਰਥਕ ਰਿਸ਼ਤੇ ਵਧਦੇ ਰਹੇ ਹਨ।

ਤਾਈਵਾਨ ਦੀਆਂ ਕੰਪਨੀਆਂ ਨੇ ਚੀਨ ਵਿੱਚ 60 ਰੱਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ ਅਤੇ 10 ਲੱਖ ਤਾਈਵਾਨੀ ਲੋਕ ਹੁਣ ਚੀਨ ਵਿੱਚ ਰਹਿੰਦੇ ਹਨ ਤੇ ਫੈਕਟਰੀਆਂ ਚਲਾਉਂਦੇ ਹਨ।

ਤਾਈਵਾਨ ਦੇ ਕੁਝ ਲੋਕਾਂ ਦਾ ਡਰ ਹੈ ਕਿ ਚੀਨ ਉਸ ਦੇ ਅਰਥਚਾਰੇ ਉੱਪਰ ਭਾਰੂ ਹੋ ਰਿਹਾ ਹੈ। ਅਜਿਹੇ ਵੀ ਲੋਕ ਹਨ ਜੋ ਮੰਨਦੇ ਹਨ ਕਿ ਆਰਥਿਕ ਰਿਸ਼ਤੇ ਹੋਣ ਦਾ ਫਾਇਦਾ ਇਹ ਹੈ ਕਿ ਚੀਨ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੇਗਾ ਕਿਉਂਕਿ ਉਸ ਨਾਲ ਚੀਨ ਦਾ ਵੀ ਨੁਕਸਾਨ ਹੋਵੇਗਾ।

ਅਧਿਕਾਰਤ ਤੌਰ ‘ਤੇ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਤਾਈਵਾਨ ਦੀ ਆਜ਼ਾਦੀ ਚਾਹੁੰਦੀ ਹੈ ਜਦਕਿ ਮੌਜੂਦਾ ਤਾਈਵਾਨ ਦੀ ਸਥਾਪਨਾ ਕਰਨ ਵਾਲੀ ਕੇਐੱਮਟੀ ਚਾਹੁੰਦੀ ਹੈ ਕਿ ਚੀਨ ਇੱਕੋ ਹੋ ਜਾਵੇ।

ਸਰਵੇਖਣਾਂ ਮੁਤਾਬਕ ਜ਼ਿਆਦਾਤਰ ਲੋਕ ਨਾ ਤਾਂ ਆਜ਼ਾਦੀ ਦੇ ਮੋਹਰੀ ਹਨ ਅਤੇ ਨਾ ਹੀ ਮੁੜ ਚੀਨ ਨੂੰ ਇੱਕ ਕਰਨਾ ਚਾਹੁੰਦੇ ਹਨ, ਸਗੋਂ ਬਹੁਤੇ ਲੋਕ ਮੌਜੂਦਾ ਵਿਚਕਾਰ ਦਾ ਕੋਈ ਰਸਤਾ ਲੱਭਣਾ ਬਿਹਤਰ ਮੰਨਦੇ ਹਨ।

ਉਂਝ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਹ ਖੁਦ ਨੂੰ ਚੀਨੀ ਘੱਟ ਅਤੇ ਤਾਈਵਾਨੀ ਜ਼ਿਆਦਾ ਮੰਨਦੇ ਹਨ।

ਅਮਰੀਕਾ ਕਿੱਥੇ ਖੜ੍ਹਾ ਹੈ?

ਤਾਈਵਾਨ ਦਾ ਸਭ ਤੋਂ ਜ਼ਰੂਰੀ ਖ਼ਾਸ ਹੈ ਅਮਰੀਕਾ। ਦੂਜੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਦੌਰਾਨ ਬਣੇ ਇਸ ਰਿਸ਼ਤੇ ਦਾ ਸਭ ਤੋਂ ਔਖਾ ਵਕਤ ਉਦੋਂ ਆਇਆ ਜਦੋਂ 1979 ਵਿੱਚ ਰਾਸ਼ਟਰਪਤੀ ਜਿਮੀ ਕਾਰਟਰ ਨੇ ਤਾਈਵਾਨ ਦੀ ਮਾਨਤਾ ਰੱਦ ਕਰ ਕੇ ਚੀਨ ਨਾਲ ਰਿਸ਼ਤਾ ਪੱਕਾ ਕਰਨ ਵੱਲ ਕਦਮ ਚੁੱਕਿਆ।

ਅਮਰੀਕੀ ਕਾਂਗਰਸ (ਸੰਸਦ) ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ, ਇਸ ਲਈ ਇੱਕ ਕਾਨੂੰਨ ਬਣਾ ਕੇ ਤਾਈਵਾਨ ਨੂੰ ਆਪਣੀ ਰੱਖਿਆ ਲਈ ਹਥਿਆਰ ਦੇਣ ਦਾ ਪ੍ਰਬੰਧ ਕੀਤਾ ਅਤੇ ਆਖਿਆ ਕਿ ਚੀਨ ਵੱਲੋਂ ਤਾਈਵਾਨ ਉੱਪਰ ਕਿਸੇ ਵੀ ਹਮਲੇ ਨੂੰ ਅਮਰੀਕਾ “ਬਹੁਤ ਗੰਭੀਰਤਾ” ਨਾਲ ਵੇਖੇਗਾ।

ਉਸ ਤੋਂ ਬਾਅਦ ਹੁਣ ਤਕ ਅਮਰੀਕਾ ਨੇ ਵਿਚਲੇ ਰਸਤੇ ਨੂੰ ਹੀ ਤਰਜੀਹ ਦਿੱਤੀ ਹੈ।

ਇਸ ਸਾਰੇ ਝਗੜੇ ਵਿੱਚ ਅਮਰੀਕਾ ਦਾ ਅਹਿਮ ਕਿਰਦਾਰ 1996 ਵਿੱਚ ਸਾਫ ਨਜ਼ਰ ਆਇਆ ਸੀ ਜਦੋਂ ਚੀਨ ਨੇ ਤਾਈਵਾਨ ਦੀਆਂ ਚੋਣਾਂ ਉੱਪਰ ਅਸਰ ਪਾਉਣ ਦੇ ਟੀਚੇ ਨਾਲ ਮਿਸਾਇਲਾਂ ਦਾ ਵੱਡਾ ਟੈਸਟ ਕੀਤਾ ਸੀ।

ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਤਾਈਵਾਨ ਕੋਲ ਆਪਣੇ ਜੰਗੀ ਬੇੜੇ ਭੇਜੇ ਸਨ।

2000 ਦਾ ਮੋੜ ਤੇ ਅੱਗੇ

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਉਸ ਵੇਲੇ ਹਲਚਲ ਹੋਈ ਜਦੋਂ ਸਾਲ 2000 ਵਿੱਚ ਤਾਈਵਾਨ ਦੀਆਂ ਚੋਣਾਂ ਵਿੱਚ ਚੈਨ ਸ਼ੁਈ-ਬਿਆਨ ਜਿੱਤੇ। ਉਹ ਖੁੱਲ੍ਹੇ ਤੌਰ ‘ਤੇ ਤਾਈਵਾਨ ਦੇ ਆਜ਼ਾਦ ਮੁਲਕ ਹੋਣ ਦੀ ਗੱਲ ਕਰਦੇ ਸਨ।

ਚੈਨ 2004 ਵਿੱਚ ਮੁੜ ਰਾਸ਼ਟਰਪਤੀ ਬਣੇ, ਜਿਸ ਤੋਂ ਅਗਲੇ ਸਾਲ ਚੀਨ ਨੇ ਇੱਕ ਨਵਾਂ ਕਾਨੂੰਨ ਬਣਾ ਕੇ ਆਖਿਆ ਕਿ ਉਹ “ਗ਼ੈਰ-ਸ਼ਾਂਤਮਈ ਤਰੀਕੇ” ਵਰਤ ਕੇ ਵੀ ਤਾਈਵਾਨ ਨੂੰ ਚੀਨ ਤੋਂ ਵੱਖ ਹੋਣੋਂ ਰੋਕ ਸਕਦਾ ਹੈ।

ਸਾਲ 2008 ਅਤੇ 2012 ਵਿੱਚ ਤਾਈਵਾਨ ਦੇ ਰਾਸ਼ਟਰਪਤੀ ਬਣੇ ਮਾ ਯਿੰਗ-ਜਿਊ ਨੇ ਆਰਥਕ ਰਿਸ਼ਤੇ ਸੁਧਾਰੇ। ਜਨਵਰੀ 2016 ਵਿੱਚ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਦੇ ਸਾਈ ਇੰਗ-ਵੈਨ ਤਾਈਵਾਨ ਦੀ ਰਾਸ਼ਟਰਪਤੀ ਬਣੀ। ਉਨ੍ਹਾਂ ਦੀ ਪਾਰਟੀ ਵੀ ਆਜ਼ਾਦੀ ਦੇ ਪੱਖ ਵਿੱਚ ਨਜ਼ਰ ਆਉਂਦੀ ਹੈ।

2016 ‘ਚ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੌਨਲਡ ਟਰੰਪ ਨਾਲ ਸਾਈ ਇੰਗ-ਵੈਨ ਨੇ ਫ਼ੋਨ ‘ਤੇ ਗੱਲ ਕੀਤੀ। ਇਹ ਕਈ ਦਹਾਕਿਆਂ ਦੀ ਨੀਤੀ ਤੋਂ ਵੱਖ ਕਦਮ ਸੀ ਕਿਉਂਕਿ ਅਮਰੀਕਾ ਨੇ 1979 ਵਿੱਚ ਹੀ ਤਾਈਵਾਨ ਨਾਲ ਅਧਿਕਾਰਤ ਰਿਸ਼ਤੇ ਖ਼ਤਮ ਕਰ ਲਏ ਸਨ।

ਸਾਲ 2018 ਵਿੱਚ ਚੀਨ ਨੇ ਕੌਮਾਂਤਰੀ ਪੱਧਰ ‘ਤੇ ਦਬਾਅ ਕਾਇਮ ਕਰ ਕੇ ਕਈ ਕੰਪਨੀਆਂ ਨੂੰ ਆਪਣੀਆਂ ਵੈੱਬਸਾਈਟਾਂ ਉੱਪਰ ਤਾਈਵਾਨ ਨੂੰ ਚੀਨ ਦਾ ਹਿੱਸਾ ਦਿਖਾਉਣ ਲਈ ਮਜਬੂਰ ਕੀਤਾ। ਧਮਕੀ ਇਹ ਸੀ ਕਿ ਚੀਨ ਉਨ੍ਹਾਂ ਨਾਲ ਇਸੇ ਸ਼ਰਤ ‘ਤੇ ਵਪਾਰ ਕਰੇਗਾ।

ਬੀਤੇ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਸਾਈ ਇੰਗ-ਵੈਨ ਦੀ ਪਾਰਟੀ ਨੂੰ ਨੁਕਸਾਨ ਹੋਇਆ ਜਿਸ ਨੂੰ ਚੀਨ ਨੇ ਉਨ੍ਹਾਂ ਦੀ ‘ਵੱਖਵਾਦੀ’ ਨੀਤੀ ਲਈ ਧੱਕਾ ਮੰਨਿਆ।