ਜੰਗ, ਜੁਮਲੇ ਤੇ ਜਾਣਕਾਰੀ

0
307

ਇਕ ਸਮਾਂ ਸੀ ਜਦੋਂ ਵਿਦੇਸ਼ ਨੀਤੀ ਬਾਰੇ ਬਿਆਨ ਵਿਦੇਸ਼ ਮੰਤਰੀ ਵੱਲੋਂ ਦਿੱਤੇ ਜਾਂਦੇ ਸਨ, ਵਿੱਤੀ ਮਾਮਲਿਆਂ ਬਾਰੇ ਨੀਤੀਗਤ ਜਾਣਕਾਰੀ ਵਿੱਤ ਮੰਤਰੀ ਵੱਲੋਂ ਦਿੱਤੀ ਜਾਂਦੀ ਸੀ ਅਤੇ ਰੱਖਿਆ ਮਾਮਲਿਆਂ ਬਾਰੇ ਕੌਮੀ ਪੱਧਰ ਦੀਆਂ ਪ੍ਰੈਸ ਕਾਨਫ਼ਰੰਸਾਂ ਜਾਂ ਨੀਤੀਗਤ ਬਿਆਨ ਰੱਖਿਆ ਮੰਤਰੀ ਦਾ ਕਾਰਜ ਖੇਤਰ ਮੰਨੇ ਜਾਂਦੇ ਸਨ। ਅੱਜਕੱਲ੍ਹ, ਅਜਿਹੀਆਂ ਹੱਦਬੰਦੀਆਂ ਮਿਟ ਗਈਆਂ ਹਨ। ਵਿਦੇਸ਼ ਨੀਤੀ, ਗ੍ਰਹਿ ਨੀਤੀ, ਵਿੱਤੀ ਨੀਤੀ, ਰੱਖਿਆ ਨੀਤੀ, ਵਿਗਿਆਨ ਨੀਤੀ, ਉਦਯੋਗ ਨੀਤੀ- ਗੱਲ ਕੀ ਹਰ ਨੀਤੀ ਬਾਰੇ ਬਿਆਨਬਾਜ਼ੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ। ਇਹ ਮਰਜ਼ ਸਿਰਫ਼ ਪ੍ਰਧਾਨ ਮੰਤਰੀ ਤਕ ਹੀ ਸੀਮਤ ਨਹੀਂ ਰਹੀ, ਜਿੱਥੇ ਟੈਲੀਵਿਜ਼ਨ ਕੈਮਰੇ ਤੇ ਮਾਈਕ ਜਿਸਦੇ ਵੀ ਅੱਗੇ ਆਉਂਦੇ ਹਨ, ਉਹ ਹੀ ਨੀਤੀਗਤ ਬਿਆਨ ਦਾਗ਼ਣੇ ਸ਼ੁਰੂੁ ਕਰ ਦਿੰਦਾ ਹੈ। ਰੱਖਿਆ ਮਾਮਲਿਆਂ ਵਿੱਚ ਤਾਂ ਇਹ ਮਰਜ਼ ਕੁਝ ਜ਼ਿਆਦਾ ਹੀ ਦੂਰ ਤਕ ਫੈਲ ਗਈ ਹੈ। ਥਲ ਸੈਨਾ ਮੁਖੀਆਂ ਦੀ ਤਾਂ ਜ਼ੁਬਾਨਬੰਦੀ ਕੀਤੀ ਨਹੀਂ ਜਾ ਸਕਦੀ; ਅੱਗੋਂ ਕਮਾਂਡਾਂ ਦੇ ਮੁਖੀ, ਕੋਰ ਕਮਾਂਡਰ, ਡਿਵੀਜ਼ਨਲ ਕਮਾਂਡਰ ਤੇ ਇੱਥੋਂ ਤਕ ਕਿ ਬ੍ਰਿਗੇਡ ਕਮਾਂਡਰ ਵੀ ਮੀਡੀਆ ਨੂੰ ਦੇਖਦਿਆਂ ਹੀ ਆਪਣਾ ਸੰਜਮ ਤੇ ਸੁਹਜ ਭੁੱਲ ਜਾਂਦੇ ਹਨ ਅਤੇ ‘ਦੁਸ਼ਮਣ ਦੇ ਦੰਦ ਖੱਟੇ ਕਰਨ ਦੇ ਸਮਰੱਥ’ ਹੋਣ ਦੇ ਦਾਅਵਿਆਂ ਦੇ ਤੁਣਕੇ ਮਾਰਨ ਲੱਗਦੇ ਹਨ।
ਹਵਾਈ ਸੈਨਾ ਦੇ ਕਮਾਂਡਰਾਂ ਨੂੰ ਅਜਿਹੇ ਅਵਸਰ ਘੱਟ ਮਿਲਦੇ ਹਨ। ਉਂਜ ਵੀ, ਉਨ੍ਹਾਂ ਦਾ ਰੁਖ਼ ਮੁਕਾਬਲਤਨ ਘੱਟ ਜਾਰਿਹਾਨਾ ਹੁੰਦਾ ਹੈ। ਹਵਾਈ ਸੈਨਾ ਮੁਖੀ, ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਦੀ ਵੀਰਵਾਰ ਦੀ ਮੀਡੀਆ ਕਾਨਫ਼ਰੰਸ ਇਸਦੀ ਇੱਕ ਮਿਸਾਲ ਸੀ। ਉਨ੍ਹਾਂ ਨੇ ਹਵਾਈ ਸੈਨਾ ਦਿਵਸ (8 ਅਕਤੂਬਰ) ਤੋਂ ਪਹਿਲਾਂ ਕੀਤੀ ਇਸ ਕਾਨਫਰੰਸ ਵਿੱਚ ਸਵਾਲਾਂ ਦੇ ਜਵਾਬ ਆਮ ਤੌਰ ’ਤੇ ਸੁਹਜਮਈ ਤੇ ਸੰਜਮੀ ਢੰਗ ਨਾਲ ਦਿੱਤੇ, ਪਰ ਇੱਕ-ਦੋ ਥਾਈਂ ਉਹ ਵੀ ‘ਬਿਪਿਨ ਰਾਵਤ’ ਵਾਇਰਸ ਦੀ ਲਪੇਟ ਵਿੱਚ ਆ ਗਏ। ਇੱਕ ਥਾਂ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ‘ਅਸੀਂ ਦੋ-ਮੁਹਾਜ਼ੀ ਜੰਗ ਲੜਨ ਦੇ ਪੂਰੇ ਸਮਰੱਥ ਹਾਂ।’ ਇਸੇ ਤਰ੍ਹਾਂ ਪਾਕਿਸਤਾਨ ਸਬੰਧੀ ਇੱਕ ਸਵਾਲ ਦੇ ਪ੍ਰਸੰਗ ਵਿੱਚ ਉਨ੍ਹਾਂ ਦਾ ਜਵਾਬ ਸੀ, ‘‘ਅਸੀਂ ਪਾਕਿਸਤਾਨ ਦੇ ਪਰਮਾਣੂ ਟਿਕਾਣਿਆਂ ਦਾ ਪਤਾ ਲਾਉਣ ਤੇ ਉਨ੍ਹਾਂ ਨੂੰ ਨਸ਼ਟ ਕਰਨ ਦੇ ਕਾਬਲ ਹਾਂ।’’ ਅਜਿਹੇ ਕਥਨਾਂ ਨੇ ਜਿੱਥੇ ਇੱਕ ਸੰਜੀਦਾ ਤੇ ਜਾਣਕਾਰੀ ਭਰਪੂਰ ਵਾਰਤਾਲਾਪ ਨੂੰ ਬੇਲੋੜਾ ਜੰਗਜੂ ਰੂਪ ਦੇ ਦਿੱਤਾ, ਉੱਥੇ ਇੱਕ ਅਤਿਅੰਤ ਅਹਿਮ ਜਾਣਕਾਰੀ ਕਿ ਚੀਨੀ ਫ਼ੌਜੀ ਅਜੇ ਵੀ ਡੋਕਲਾਮ ਖੇਤਰ ਵਿੱਚ ਮੌਜੂਦ ਹਨ, ਨੂੰ ਵੀ ਗੁੱਠੇ ਲਾ ਦਿੱਤਾ।
ਮੀਡੀਆ ਅਕਸਰ ‘ਰਸੀਲੇ’ ਤੇ ਜੰਗਵਾਦੀ ਕਥਨਾਂ ਦੀ ਤਾਕ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਅੰਦਰ ਸਨਸਨੀ ਵਾਲਾ ਮਾਦਾ ਹੋਵੇ। ਹਵਾਈ ਸੈਨਾ ਮੁਖੀ ਦੇ ‘ਦੋ-ਮੁਹਾਜ਼ੀ ਜੰਗ’ ਅਤੇ ‘ਪਰਮਾਣੂ ਟਿਕਾਣਿਆਂ ਨੂੰ ਨਸ਼ਟ ਕਰਨ’ ਵਰਗੇ ਕਥਨਾਂ ਨੇ ਇਹ ਜੰਗਵਾਦੀ ਰਸੀਲਾਪਣ ਮੀਡੀਆ ਨੂੰ ਪ੍ਰਦਾਨ ਕਰ ਦਿੱਤਾ। ਉਂਜ, ਹਵਾਈ ਸੈਨਾ ਦੀ ਮੌਜੂਦਾ ਸਥਿਤੀ, ਇਸਦੀਆਂ ਖ਼ੂਬੀਆਂ-ਖ਼ਾਮੀਆਂ ਤੇ ਕਮੀਆਂ-ਬੇਸ਼ੀਆਂ, ਇਸਦੀ ਮੁਸੱਲਾਬਰਦਾਰੀ ਆਦਿ ਬਾਰੇ ਜਾਣਕਾਰੀ ਦੇਣ ਪੱਖੋਂ ਏਅਰ ਚੀਫ਼ ਮਾਰਸ਼ਲ ਧਨੋਆ ਚੋਖੇ ਹੁਨਰਮੰਦ ਜਾਪੇ। ਡੋਕਲਾਮ ਵਿੱਚ ਚੀਨੀ ਫ਼ੌਜ ਮੌਜੂਦਗੀ ਬਾਰੇ ਉਨ੍ਹਾਂ ਨੇ ਜਿੱਥੇ ਸਪਸ਼ਟ ਜਾਣਕਾਰੀ ਪ੍ਰਦਾਨ ਕੀਤੀ, ਪਰ ਨਾਲ ਹੀ ਤੌਖ਼ਲੇ ਵੀ ਦੂਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਉਸ ਖ਼ਿੱਤੇ ਵਿੱਚੋਂ ਚੀਨੀ ਫ਼ੌਜੀ ਦਸਤੇ ਅਜੇ ਪੂਰੀ ਤਰ੍ਹਾਂ ਨਹੀਂ ਹਟੇ, ਪਰ ਨਾ ਤਾਂ ਹੁਣ ਸੜਕ ਬਣ ਰਹੀ ਹੈ ਅਤੇ ਨਾ ਹੀ ਉਹ ਫ਼ੌਜੀ ਉਸ ਥਾਂ ਵੱਲ ਆਉਂਦੇ ਹਨ ਜਿੱਥੇ ਭਾਰਤੀ ਫ਼ੌਜੀਆਂ ਨੇ ਉਨ੍ਹਾਂ ਨੂੰ 16 ਜੂਨ ਨੂੰ ਅੱਗੇ ਵਧਣ ਤੋਂ ਰੋਕਿਆ ਸੀ। ਇਸੇ ਤਰ੍ਹਾਂ ਚੀਨੀ ਫ਼ੌਜੀ ਦਸਤਿਆਂ ਵਾਂਗ ਭਾਰਤੀ ਫ਼ੌਜੀ ਦਸਤੇ ਵੀ ਭਾਰਤੀ ਸਰਹੱਦ ਅੰਦਰਲੇ ਆਪਣੇ ਮੋਰਚਿਆਂ ਉੱਤੇ ਮੌਜੂਦ ਹਨ ਅਤੇ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖਦੇ ਆ ਰਹੇ ਹਨ। ਦੋ ਮੁਹਾਜ਼ੀ ਜੰਗ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਜੰਗ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਜੇ ਇਹ ਸ਼ੁਰੂ ਹੁੰਦੀ ਹੈ ਤਾਂ ਭਾਰਤ ਨੂੰ ਮੁਕੰਮਲ ਅਪਰੇਸ਼ਨਾਂ ਲਈ 42 ਸਕੁਐਡਰਨਾਂ ਦੀ ਲੋੜ ਪਵੇਗੀ। ਇਸ ਤੋਂ ਇਹ ਭਾਵ ਨਹੀਂ ਕਿ ਅਸੀਂ ਮੌਜੂਦਾ 32 ਸਕੁਐਡਰਨਾਂ ਨਾਲ ਇਹ ਜੰਗ ਨਹੀਂ ਲੜ ਸਕਦੇ। ਮੋਟੇ ਤੌਰ ’ਤੇ ਇਹ ਵਾਰਤਾਲਾਪ ਜੰਗਬਾਜ਼ੀ ਤੇ ਜੁਮਲੇਬਾਜ਼ੀ ਤੋਂ ਮੁਕਤ ਸੀ। ਅਮਨ ਦੇ ਦਿਨਾਂ ਵਿੱਚ ਫ਼ੌਜਾਂ ਤੇ ਫ਼ੌਜੀ ਮੁਖੀਆਂ ਦੀ ਸੁਰ ਅਜਿਹੀ ਹੀ ਹੋਣੀ ਚਾਹੀਦੀ ਹੈ।