ਭਿਅੰਕਰ ਬਿਮਾਰੀਆਂ ਨੂੰ ਜਨਮ ਦੇ ਰਿਹੈ ਜਲਵਾਯੂ ਪਰਿਵਰਤਨ

0
414
pollution and clean energy concept.

ਇਸ ਵੇਲੇ ਧਰਤੀ ਦੀ ਤਪਸ਼ ਵਧਣ ਕਾਰਨ ਜਲਵਾਯੂ ਪਰਿਵਰਤਨ ਸਾਰੀ ਦੁਨੀਆ ਵਿਚ ਸਭ ਤੋਂ ਵੱਧ ਚਰਚਿਤ ਵਿਸ਼ਾ ਬਣਿਆ ਹੋਇਆ ਹੈ। ਵਾਤਾਵਰਨ ਵਿਗਿਆਨੀਆਂ ਵੱਲੋਂ ਕੀਤੀ ਗਈ ਪੇਸ਼ੀਨਗੋਈ ਕਾਫੀ ਚਿੰਤਾਜਨਕ ਹੈ। ਕੋਪਨਹੇਗਨ ਸਿਖਰ ਸੰਮੇਲਨ ਵਿਚ 192 ਦੇਸ਼ਾਂ ਦੇ ਕਰੀਬ 1500 ਵਿਗਿਆਨੀਆਂ ਦਾ ਪਹੁੰਚਣਾ ਅਤੇ ਧਰਤੀ ਦੀ ਵਧਦੀ ਤਪਸ਼ ਨੂੰ ਘੱਟ ਕਰਨ ਲਈ ਕੀਤਾ ਗਿਆ ਉਪਰਾਲਾ ਕਾਫੀ ਸ਼ਲਾਘਾਯੋਗ ਅਤੇ ਆਸ ਦੀ ਕਿਰਨ ਨਜ਼ਰ ਆ ਰਿਹਾ ਹੈ। ਸਾਰੀ ਦੁਨੀਆ ਦੇ ਵਾਤਾਵਰਨ ਮਾਹਿਰਾਂ ਦੀ ਰਾਇ ਹੈ ਕਿ ਧਰਤੀ ਦੀ ਤਪਸ਼ ਸਨਅਤੀ ਉਦਯੋਗ ਲਈ ਵਰਤੀ ਜਾ ਰਹੀ ਬੇਤਾਹਾਸ਼ਾ ਊਰਜਾ ਦੀ ਖਪਤ ਤੋਂ ਪੈਦਾ ਹੋ ਰਹੀਆਂ ਗੈਸਾਂ-ਕਾਰਬਨ ਡਾਇਆਕਸਾਈਡ ਆਦਿ ਦਾ ਸਿੱਟਾ ਹੈ। ਇਨ੍ਹਾਂ ਗੈਸਾਂ ਦੇ ਵਧਣ ਨਾਲ ਜਲਵਾਯੂ ਪਰਿਵਰਤਨ ਹੋਣ ਕਰਕੇ ਗਲੇਸ਼ੀਅਰ ਪਿਘਲ ਰਹੇ ਹਨ, ਪਹਾੜਾਂ ਦੀ ਬਰਫ਼ ਸਮੁੰਦਰ ਵੱਲ ਵਹਿ ਤੁਰੀ ਹੈ, ਸਮੁੰਦਰ ਤਲ ਦਿਨ-ਬਦਿਨ ਉੱਚਾ ਹੋ ਰਿਹਾ ਹੈ, ਜੰਗਲਾਂ ਨੂੰ ਅੱਗ ਲੱਗ ਰਹੀ ਹੈ, ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਕਹਿਰ ਢਾਹ ਰਹੀਆਂ ਹਨ ਅਤੇ ਜਵਾਲਾਮੁਖੀ ਫਟ ਰਹੇ ਹਨ ਤੇ ਕਿਧਰੇ ਮੀਲਾਂ ਲੰਮੇ ਧਰਤੀ ਵਿਚ ਪਾੜ ਪੈ ਰਹੇ ਹਨ, ਜਿਸ ਕਾਰਨ ਧਰਤੀ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਜਿਵੇਂ-ਜਿਵੇਂ ਧਰਤੀ ਦੀ ਤਪਸ਼ ਵਧ ਰਹੀ ਹੈ ਅਤੇ ਜਲਵਾਯੂ ਪਰਿਵਰਤਨ ਹੋ ਰਿਹਾ ਹੈ ਤਿਵੇਂ-ਤਿਵੇਂ ਹੀ ਇਸ ਪਰਿਵਰਤਨ ਦਾ ਸਿੱਧਾ ਅਸਰ ਮਨੁੱਖ ਦੀ ਸਰੀਰਕ ਪ੍ਰਣਾਲੀ ਉੱਪਰ ਵੀ ਹੋ ਰਿਹਾ ਹੈ; ਕੁਦਰਤੀ ਤੌਰ ‘ਤੇ ਜਿਹੋ ਜਿਹਾ ਵਾਤਾਵਰਨ ਬ੍ਰਹਿਮੰਡ ਵਿਚ ਹੋਏਗਾ ਉਹੋ ਜਿਹਾ ਹੀ ਵਾਤਾਵਰਨ ਮਨੁੱਖੀ ਸਰੀਰ ਵਿਚ ਵੀ ਹੋਏਗਾ। ਇਸ ਸਬੰਧ ਵਿਚ ਗੁਰਬਾਣੀ ਦਾ ਫੁਰਮਾਨ ਹੈ
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਭਾਵ ਕਿ ਜਿੰਨੀਆਂ ਸ਼ਕਤੀਆਂ ਜਾਂ ਜਿਹੋ ਜਿਹਾ ਵਾਤਾਵਰਨ ਬ੍ਰਹਿਮੰਡ ਵਿਚ ਹੁੰਦਾ ਹੈ ਓਨੀਆਂ ਹੀ ਸ਼ਕਤੀਆਂ ਤੇ ਉਹੋ ਜਿਹਾ ਹੀ ਵਾਤਾਵਰਨ ਮਨੁੱਖ ਦੇ ਸਰੀਰ ਵਿਚ ਵੀ ਹੁੰਦਾ ਹੈ।
ਮੈਡੀਕਲ ਸਾਇੰਸ ਦੀ ਖੋਜ ਅਨੁਸਾਰ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਮਨੁੱਖ ਦੇ ਸਰੀਰ ਵਿਚ ਧਰਤੀ, ਪਾਣੀ, ਅਗਨੀ, ਹਵਾ ਅਤੇ ਅਕਾਸ਼ ਹੁੰਦੇ ਹਨ ਤੇ ਇਨ੍ਹਾਂ ਦੀ ਮਾਤਰਾ ਵੀ ਬ੍ਰਹਿੰਮਡ ਵਿਚਲੀ ਮਾਤਰਾ ਜਿੰਨੀ ਹੀ ਹੁੰਦੀ ਹੈ।
ਪਾਣੀ ਦੀ ਮਾਤਰਾ
ਜੇਕਰ ਬ੍ਰਹਿਮੰਡ ਵਿਚ ਕਿਸੇ ਵਕਤ ਕੁਦਰਤੀ ਨਿਯਮ ਦੇ ਉਲਟ ਪਾਣੀ ਦੀ ਮਾਤਰਾ ਵਧਦੀ-ਘਟਦੀ ਹੈ ਤਾਂ ਇਸ ਦਾ ਸਿੱਧਾ ਅਸਰ ਮਨੁੱਖ ਦੇ ਗੁਰਦਿਆਂ, ਜਣਨ ਅੰਗਾਂ, ਨਰਵਜ, ਟਿਸ਼ੂਜ, ਸੈਲਜ ਬੋਨ-ਮੈਰੋ, ਵੀਰਜ ਭੰਡਾਰ, ਸੈਕਸ ਆਰਗਨਜ ‘ਤੇ ਪੈਂਦਾ ਹੈ, ਜਿਸ ਕਰਕੇ ਇਨ੍ਹਾਂ ਦੇ ਸਿਸਟਮ ਵਿਚ ਵਿਗਾੜ ਪੈਦਾ ਹੋਣ ਨਾਲ ਬਿਮਾਰੀਆਂ ਜਨਮ ਲੈਂਦੀਆਂ ਹਨ। ਪਾਣੀ ਸਰੀਰ ਵਿਚ ਰਕਤ ਪ੍ਰਵਾਹ ਤੇ ਤਾਪ ਪ੍ਰਵਾਹ ਨੂੰ ਚਾਲੂ ਰੱਖਦਾ ਹੈ।
ਤਪਸ਼ ਦੀ ਮਾਤਰਾ
ਜੇਕਰ ਬ੍ਰਹਿਮੰਡ ਵਿਚ ਗਰਮੀ ਦੀ ਮਾਤਰਾ ਵਿਚ ਵਾਧਾ ਘਾਟਾ ਹੋ ਜਾਵੇ ਤਾਂ ਮਨੁੱਖੀ ਸਰੀਰ ਵਿਚ ਉਸ ਦਾ ਅਸਰ ਉਸੇ ਰਫ਼ਤਾਰ ਨਾਲ ਬਰਾਬਰ ਦੀ ਮਾਤਰਾ ਵਿਚ ਹੁੰਦਾ ਹੈ, ਜਿਸ ਕਰਕੇ ਸਰੀਰ ਦੇ ਮੇਹਦੇ, ਜਿਗਰ, ਪੈਂਕਰੀਆਜ, ਐਡਰਨਲ, ਪਾਚਨ ਸ਼ਕਤੀ, ਬਾਇਲ ਐਜਾਈਮਜ, ਸਰੀਰਕ ਤਾਪਮਾਨ, ਬਲੱਡ-ਫਾਰਮੇਸ਼ਨ ਅਤੇ ਹੱਡੀਆਂ ਨਾਲ ਸਬੰਧਤ ਗਲੈਂਡ ਆਰਗਨਜ਼ ਦੇ ਪ੍ਰਬੰਧ ਕਿਰਿਆ ਵਿਚ ਵਾਧ ਘਾਟ ਹੋ ਜਾਣ ਕਰਕੇ ਇਨ੍ਹਾਂ ਨਾਲ ਸਬੰਧਤ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਦੇ ਹਨ।
ਹਵਾ ਦੀ ਮਾਤਰਾ
ਜੇਕਰ ਕਿਸੇ ਕਾਰਨ ਬ੍ਰਹਿਮੰਡ ਵਿਚ ਹਵਾ ਦੀ ਮਾਤਰਾ ਅਤੇ ਵਹਾਅ ਵਿਚ ਵਾਧ ਘਾਟ ਹੋਣੀ ਸ਼ੁਰੂ ਹੋ ਜਾਵੇ ਤਾਂ ਇਸ ਦਾ ਸਿੱਧਾ ਅਸਰ ਮਨੁੱਖੀ ਸਰੀਰ ਦੇ ਦਿਲ, ਛਾਤੀ, ਫੇਫੜੇ, ਥਾਈਮਸ-ਗਲੈਂਡ, ਸੈੱਲ ਫਾਰਮੇਸ਼ਨ, ਸਰੀਰਕ ਤਾਕਤ, ਬਾਡੀ ਬੈਲੈਂਸ, ਟੈਂਪਰਾਮੈਂਟ ਅਤੇ ਮਨ ਤੇ ਦਿਲ ਨਾਲ ਸਬੰਧਤ ਕਾਰਜ ਪ੍ਰਾਣਲੀ ਉੱਪਰ ਪੈਂਦਾ ਹੈ। ਜਿਸ ਕਰਕੇ ਇਨ੍ਹਾਂ ਦੇ ਗਲੈਂਡਜ-ਆਰਗਨਜ਼ ਨਾਲ ਸਬੰਧਿਤ ਬਿਮਾਰੀਆਂ ਜਨਮ ਲੈਂਦੀਆਂ ਹਨ। ਹਵਾ ਦੇ ਹੋਣ ਕਰਕੇ ਹੀ ਸਾਹ ਪ੍ਰਣਾਲੀ ਅਤੇ ਐਕਸਕਰੇਟਰੀ ਸਿਸਟਮ ਕੰਮ ਕਰਦੇ ਹਨ।
ਅਕਾਸ਼ ਦਾ ਵਧਣਾ
ਜੇਕਰ ਕਿਸੇ ਕਾਰਨ ਬ੍ਰਹਿਮੰਡੀ ਅਕਾਸ਼ ਵਿਚ ਸਪੇਸ ਘਟਦੀ-ਵਧਦੀ ਹੈ ਤਾਂ ਮਨੁੱਖੀ ਸਰੀਰ ਵਿਚਲੇ ਥਾਇਰਾਡ-ਗਲੈਂਡਜ, ਪਿਚੂਟਰੀ ਗਲੈਂਡ, ਪੀਨੀਅਲ-ਗਲੈਂਡ, ਨਜ਼ਰ, ਸੁਣਨ ਸ਼ਕਤੀ, ਯਾਦਾਸ਼ਤ ਅਤੇ ਦਿਮਾਗ ਆਦਿ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋਣ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ। ਇੱਥੋਂ ਤੱਕ ਕਿ ਸਪੇਸ ਦੇ ਘਟਣ ਕਾਰਨ ਜੇਕਰ ਬਲਾਕੇਜ ਹੋ ਜਾਵੇ ਤਾਂ ਹਾਰਟ ਅਟੈਕ ਅਤੇ ਬੇਹੋਸ਼ੀ ਦੇ ਦੌਰੇ ਪੈ ਸਕਦੇ ਹਨ।
ਵਾਤਾਵਰਨ ਮਾਹਿਰ ਵਿਗਿਆਨੀਆਂ ਨੇ ਵਾਤਾਵਰਨ ਦੀ ਸਥਿਰਤਾ ਭੰਗ ਹੋਣ ਤੋਂ ਬਚਾਉਣ ਲਈ ਗਰੀਨ ਗੈਸਾਂ (ਕਾਰਬਨ ਡਾਇਆਕਸਾਈਡ) ਦੇ ਨਿਕਾਸ ਵਿਚ 80 ਤੋਂ 95 ਫ਼ੀਸਦੀ ਤੱਕ ਕਮੀ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਇਹ ਤਾਂ ਅਜੇ ਦਿੱਲੀ ਦੂਰ ਹੈ ਵਾਲੀ ਗੱਲ ਹੈ, ਪ੍ਰੰਤੂ ਜੇਕਰ ਅੱਜ ਦੇ ਮਨੁੱਖ ਨੇ ਭਿਅੰਕਰ ਅਤੇ ਲਾ-ਇਲਾਜ ਬਿਮਾਰੀਆਂ ਦੇ ਪ੍ਰਕੋਪ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਆਪਣੇ ਘਰਾਂ ਤੋਂ ਗਰੀਨ ਗੈਸਾਂ ਦੇ ਨਿਕਾਸ ਨੂੰ ਘੱਟ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸਾਨੂੰ ਕਾਰਾਂ ਤੇ ਸਕੂਟਰਾਂ ਦੀ 50 ਪ੍ਰਤੀਸ਼ਤ ਗਿਣਤੀ ਘਟਾਉਣੀ ਪਏਗੀ। ਸਖ਼ਤ ਜ਼ਰੂਰਤ ਤੋਂ ਬਿਨਾਂ ਜਨਰੇਟਰ ਨਾ ਚਲਾਏ ਜਾਣ। ਆਟੋ ਰਿਕਸ਼ਾ ਦੀ ਥਾਂ ਕੋਈ ਹੋਰ ਬਦਲਵਾਂ ਪ੍ਰਬੰਧ ਹੋਵੇ। ਮਾਲ ਦੀ ਢੋਆ-ਢੁਆਈ ਅਤੇ ਯਾਤਰਾ ਇਲੈਕਟਿਰਕ-ਟਰੇਨਜ਼ ‘ਤੇ ਕੀਤੀ ਜਾਵੇ, ਤਾਂ ਜੋ ਬੱਸਾਂ ਟਰੱਕਾਂ ਦੀ ਗਿਣਤੀ ਘਟਾਈ ਜਾ ਸਕੇ। ਹਰੇਕ ਵਿਅਕਤੀ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਹਰ ਸਾਲ ਜਨਮ ਦਿਨ ‘ਤੇ ਇਕ ਰੁੱਖ ਜ਼ਰੂਰ ਲਗਾਏ। ਇਸ ਨਾਲ ਅਸੀਂ ਆਪਣੇ ਆਲੇ ਦੁਆਲੇ ਦੀ ਤਪਸ਼ ਤਾਂ ਘਟਾ ਹੀ ਸਕਦੇ ਹਾਂ। ਇਸ ਤਰੀਕੇ ਨਾਲ ਬਿਮਾਰੀਆਂ ਤੋਂ ਕਾਫੀ ਛੁਟਕਾਰਾ ਪਾਇਆ ਜਾ ਸਕਦਾ ਹੈ। ਕਿਉਂਕਿ ਧਰਤੀ ਤੋਂ ਪਹਿਲਾਂ ਮਨੁੱਖ ਨੂੰ ਬਚਾਉਣਾ ਜ਼ਰੂਰੀ ਹੈ ਤੇ ਫਿਰ ਅੱਜ ਦਾ ਅਰੋਗ ਮਨੁੱਖ ਹੀ ਧਰਤੀ ਨੂੰ ਬਚਾਅ ਸਕਦਾ ਹੈ।

ਂਐਮ.ਡੀ., ਪੀ.ਐਚ.ਡੀ (ਏ.ਐਮ) ਡੀ.ਆਰ.ਸੀ.ਟੀ.
ਅਕਾਲ ਹਿਊਮਨ ਸਿਸਟਮ 208 ਗਲੋਬਲ ਇਨਕਲੇਵ ਮੋਰਿੰਡਾ
ਮੋਬਾਈਲ : 94653-57706