ਕਿਉਂ ਪਿਆਰਾ ਹੋਇਆ ਪਰਵਾਸ ?

0
624

ਦੁਨੀਆਂ ਦਾ ਦੋ-ਤਿਹਾਈ  ਪਰਵਾਸ ਵਿਕਾਸਸ਼ੀਲ ਦੇਸ਼ਾਂ ਤੋਂ 20 ਵਿਕਸਿਤ ਦੇਸ਼ਾਂ ਵੱਲ ਹੋਇਆ ਹੈ, ਜਿਨ੍ਹਾਂ ਵਿੱਚੋਂ ਅਮਰੀਕਾ ਸਭ ਤੋਂ ਵੱਧ 47 ਫ਼ੀਸਦੀ ਪਰਵਾਸੀਆਂ ਦਾ ਰੈਣ ਬਸੇਰਾ ਬਣਿਆ ਹੈ। ਪਰਵਾਸ ਬਾਰੇ 2015 ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਸਭ ਤੋਂ ਵੱਧ ਪਰਵਾਸ ਭਾਰਤ ਵਿੱਚੋਂ ਹੋਇਆ ਤੇ ਇਹ ਅੰਕੜੇ 1.6 ਕਰੋੜ ਹਨ। ਦੂਜੇ  ਨੰਬਰ ’ਤੇ 1.2 ਕਰੋੜ ਦੇ ਅੰਕੜੇ ਨਾਲ ਮੈਕਸਿਕੋ ਦਾ ਨਾਮ ਆਉਂਦਾ ਹੈ। ਪੂਰੀ ਦੁਨੀਆਂ ਵਿੱਚ 2010 ਤੋਂ 2015 ਤੱਕ ਪਰਵਾਸ 2.8 ਤੋਂ 3. 3 ਫ਼ੀਸਦੀ ਹੋ ਗਿਆ।
ਪਰਵਾਸ ਦਾ ਉਦੇਸ਼ ਵਿਆਹ, ਰੁਜ਼ਗਾਰ, ਵਪਾਰ ਆਦਿ ਕੁਝ ਵੀ ਹੋ ਸਕਦਾ ਹੈ,  ਪਰ ਅੱਜ-ਕੱਲ੍ਹ ਪੜ੍ਹਾਈ ਲਈ ਵੱਡੇ ਪੱਧਰ ’ਤੇ ਨੌਜਵਾਨ ਵਿਦੇਸ਼ ਜਾ ਰਹੇ ਹਨ। ਇਸ ਦਾ ਮੁੱੱਖ ਮਕਸਦ ਭਾਵੇਂ  ਪੜ੍ਹਾਈ ਨਹੀਂ,  ਬਲਕਿ ਉਥੋਂ ਦੀ ਨਾਗਰਿਕਤਾ ਹਾਸਲ ਕਰਨਾ ਹੈ। ਸਾਡੇ ਦੇਸ਼ ਦੇ ਨੌਜਵਾਨ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਆਦਿ ਦੇਸ਼ਾਂ ਵਿੱਚ ਜਾਣ ਲਈ ਕਾਹਲੇ ਨਜ਼ਰ ਆਉਂਦੇ ਹਨ। ਵਿਦੇਸ਼ ਮੰਤਰਾਲੇ ਦੇ 2017 ਦੇ ਅੰਕੜਿਆਂ ਅਨੁਸਾਰ ਲਗਪਗ 5 ਲੱਖ ਵਿਦਿਆਰਥੀ ਭਾਰਤੀ ਉੱਚ ਸਿੱਖਿਆ ਨੂੰ ਨਕਾਰਦੇ ਹੋਏ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਨਾਮਾਤਰ ਹੀ ਪੜ੍ਹਾਈ ਪੂਰੀ ਹੋਣ ’ਤੇ ਵਤਨ ਪਰਤਦੇ ਹਨ। ਆਸਟਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਆਦਿ ਦੇਸ਼ ਭਾਰਤ ਮੁਕਾਬਲੇ ਕਿਹੜੀਆਂ ਗੱਲਾਂ ਵਿੱਚ ਅੱਗੇ ਹਨ, ਜੋ ਸਾਡੇ ਨੌਜਵਾਨ ਉਥੋਂ ਦੇ  ਪੱਕੇ ਵਸਨੀਕ ਬਣਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।
ਵਧੀਆ ਸਿੱਖਿਆ ਅਤੇ ਸਿਹਤ ਹਰ ਇਨਸਾਨ ਲਈ ਤਰਜੀਹੀ ਹੁੰਦੇ ਹਨ। ਵਿਕਸਿਤ ਦੇਸ਼ਾਂ ਵਿੱਚ 5 ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ 0.7 ਫ਼ੀਸਦੀ ਹੈ, ਜਦੋਂਕਿ ਸਾਡੇ ਮੁਲਖ ਵਿੱਚ 4.7 ਫ਼ੀਸਦੀ ਹੈ। ਭਾਰਤ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 1.3 ਫ਼ੀਸਦੀ ਸਿਹਤ ਸੇਵਾਵਾਂ ’ਤੇ, ਜਦੋਂਕਿ ਉਪਰੋਕਤ ਦੇਸ਼ 11 ਫ਼ੀਸਦੀ ਤੋਂ ਵੱਧ ਸਿਹਤ ਸੇਵਾਵਾਂ ’ਤੇ ਖ਼ਰਚਦੇ ਹਨ। ਇਹ ਪਾੜਾ ਵੱਡੀ ਗਿਣਤੀ ਲੋਕਾਂ ਨੂੰ ਵਿਦੇਸ਼ ਵੱਲ ਖਿੱਚਦਾ ਹੈ। ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਸੜਕ ਹਾਦਸਿਆਂ ਵਿੱਚ ਇੱਕ ਲੱਖ ਵਿਅਕਤੀਆਂ ਪਿੱਛੇ 6 ਮੌਤਾਂ ਹੁੰਦੀਆਂ ਹਨ, ਜਦੋਂਕਿ ਭਾਰਤ ਵਿੱਚ ਇਹ ਦਰ 16 ਹੈ।  ਭਾਰਤ ਵਿੱਚ ਪਖ਼ਾਨਿਆਂ ਦੀ ਵਰਤੋਂ ਸਿਰਫ਼ 39.6 ਫ਼ੀਸਦੀ ਲੋਕ, ਜਦੋਂਕਿ ਵਿਕਸਿਤ ਦੇਸ਼ਾਂ ਵਿੱਚ 99 ਫ਼ੀਸਦੀ ਲੋਕ ਕਰਦੇ ਹਨ। ਭਾਰਤ ਵਿੱਚ ਹਵਾ ਪ੍ਰਦੂਸ਼ਣ 62.4 ਫ਼ੀਸਦੀ, ਜਦੋਂ ਉਪਰੋਕਤ ਦੇਸ਼ਾਂ ਵਿੱਚ ਸਿਰਫ਼ 7.64 ਫ਼ੀਸਦੀ ਹੈ। ਜੇ  ਕਿਸੇ ਵਿਅਕਤੀ ਨੇ ਭਾਰਤ ਵਿੱਚ ਆਪਣਾ ਕਾਰੋਬਾਰ ਚਲਾਉਣਾ ਹੋਵੇ ਤਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਔਸਤਨ 26 ਦਿਨ ਦਾ ਸਮਾਂ ਲੱਗਦਾ ਹੈ, ਜਦੋਂਕਿ ਇਨ੍ਹਾਂ ਦੇਸ਼ਾਂ ਵਿੱਚ ਇਹ ਸਮਾਂ ਸਿਰਫ਼ 4 ਦਿਨ ਹੈ। ਭਾਰਤ ਦੇ ਪਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਦੋਂਕਿ ਇੱਥੇ ਆਉਣ ਵਾਲੇ ਪਰਵਾਸੀਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਭਾਰਤ 2010 ਤੋਂ 2015 ਤੱਕ ਤੀਜੇ ਸਥਾਨ ਤੋਂ ਖਿਸਕ ਕੇ ਬਾਰ੍ਹਵੇਂ ’ਤੇ ਚਲਾ ਗਿਆ ਹੈ। ਭਾਰਤ ਵਿੱਚ ਬਿਜਲੀ ਦੀ ਵਰਤੋਂ 806 ਯੂਨਿਟ ਪ੍ਰਤੀ ਵਿਅਕਤੀ ਹੈ, ਜਦੋਂਕਿ ਉਪਰੋਕਤ ਪੰਜ ਦੇਸ਼ਾਂ ਵਿੱਚ ਇਹ ਖ਼ਪਤ 10552 ਯੂਨਿਟ ਪ੍ਰਤੀ ਵਿਅਕਤੀ ਹੈ। ਰੌਸ਼ਨੀਆਂ ਦੀ ਇਹ ਚਕਾਚੌਂਧ ਵੀ ਭਾਰਤੀਆਂ ਨੂੰ ਵਿਦੇਸ਼ ਵੱਲ ਧੱਕਦੀ ਹੈ। ਭਾਰਤ ਵਿੱਚ ਵੱਧ ਜਨਸੰਖਿਆ ਕਾਰਨ ਪ੍ਰਤੀ ਵਰਗ ਕਿਲੋਮੀਟਰ ਵਿੱਚ ਲਗਪਗ 450 ਵਿਅਕਤੀ ਰਹਿੰਦੇ  ਹਨ, ਜਦੋਂਕਿ  ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਇਹ ਗਿਣਤੀ 67 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।
ਗ਼ੈਰ-ਕਾਨੂੰਨੀ ਪਰਵਾਸ ਵਿੱਚ ਵੀ ਭਾਰਤੀ ਪਿੱਛੇ ਨਹੀਂ ਹਨ। ਬਹੁਤ ਨੌਜਵਾਨ ਰਾਹੇ ਹੀ ਰਹਿ ਜਾਂਦੇ ਹਨ। ਦਸੰਬਰ 1996  ਵਿੱਚ ਮਾਲਟਾ ਕਾਂਡ ਵਾਪਰਿਆ ਸੀ, ਜਿਸ ਵਿੱਚ ਜਹਾਜ਼ 389 ਲੋਕਾਂ ਨੂੰ ਲੈ ਡੁੱਬਿਆ ਸੀ। ਇਨ੍ਹਾਂ ਵਿੱਚ 144 ਭਾਰਤੀ ਸਨ। ਇਸੇ ਤਰ੍ਹਾਂ 2004 ਵਿੱਚ ਸਪੇਨ ਤੋਂ ਜਾਂਦੇ 37 ਨੌਜਵਾਨ ਮੌਤ ਦੇ ਮੂੰਹ ਵਿੱਚ ਚਲੇ ਗਏ। ਸਾਲ 2002 ਤੋਂ 2011 ਦੇ ਅੰਕਿੜਆਂ ਅਨੁਸਾਰ ਪੂਰੇ ਪੰਜਾਬ ਵਿੱਚ ਏਜੰਟਾਂ ਖ਼ਿਲਾਫ਼ 6000 ਕੇਸ ਦਰਜ ਹੋਏ, ਜਿਨ੍ਹਾਂ ਵਿੱਚ ਸਿਰਫ਼ ਜਲੰਧਰ ਜ਼ਿਲ੍ਹੇ ਵਿੱਚ ਹੀ 1000 ਦੇ ਕਰੀਬ ਕੇਸ ਦਰਜ ਹੋਏ ਹਨ। ਇਕ ਹੋਰ ਰਿਪੋਰਟ ਅਨੁਸਾਰ 11307 ਏਜੰਟਾਂ ਵਿੱਚੋਂ 10734 ਸਿਰਫ਼ ਪੰਜਾਬ ਦੇ ਵਸਨੀਕ ਹੀ ਸਨ, ਜਿਸ ਵਿੱਚ 5582 ਏਜੰਟਾਂ ਨੂੰ ਪੁਲੀਸ ਹਿਰਾਸਤ ਵਿੱਚ ਲਿਆ ਗਿਆ।
ਪਿਛਲੇ ਦਹਾਕੇ ਤੋਂ ਮੱਧ ਵਰਗ ਵਿੱਚ ਪਰਵਾਸ ਜਾਣ ਦਾ ਰੁਝਾਨ ਵਧਿਆ ਹੈ। ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਰੁਜ਼ਗਾਰ ਸੇਧਤ ਨਾ ਸਮਝਦੇ ਹੋਏ ਕੈਨੇਡਾ ਚਲੇ ਗਏ। ਕੈਨੇਡਾ ਵਿੱਚ 2015 ਵਿੱਚ ਜਿੱਥੇ ਵਿਦਿਆਰਥੀਆਂ ਦੀ ਇਹ ਗਿਣਤੀ 34890 ਸੀ, 2016 ਵਿੱਚ 52930 ਹੋ ਗਈ ਹੈ। ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ  ਬਹੁਤ ਨੌਜਵਾਨਾਂ ਨੂੰ   ਪੀਆਰ ਮਿਲ ਜਾਂਦੀ ਹੈ, ਪਰ ਮਾਪਿਆਂ ਨੂੰ ਉਥੇ ਬੁਲਾਉਣ ਦਾ ਅੜਿੱਕਾ ਬਣਿਆ ਰਹਿੰਦਾ ਹੈ, ਜੋ ਸਮਾਜਿਕ ਤੌਰ ’ਤੇ ਵੱਡਾ ਮਸਲਾ ਹੈ।ਅਮਨਦੀਪ ਚੱਕ ਬਖਤੂ : ਸੰਪਰਕ: 98882-19476