ਅਮਰੀਕਾ ਤੇ ਚੀਨ ਦੀ ਵਪਾਰਕ ਜੰਗ ਦਾ ਕੀ ਅਸਰ?

0
491

ਸ਼ੁੱਕਰਵਾਰ ਦੇ ਟਰੰਪ ਦੇ ਐਲਾਨ ਨਾਲ ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਕਾਰ ਭਿਆਨਕ ਵਪਾਰਕ ਜੰਗ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਅਮਰੀਕਾ ਨੇ ਚੀਨ ਦੀਆਂ ਵਸਤਾਂ ਉੱਤੇ 34 ਬਿਲੀਅਨ ਡਾਲਰ ਦੇ ਕਰ ਲਾਗੂ ਕਰ ਦਿੱਤੇ ਸਨ।
ਅਮਰੀਕੀ ਸਮੇਂ ਮੁਤਾਬਕ ਲੰਘੀ ਅੱਧੀ ਰਾਤ ਸਮੇਂ ਹੀ 25 ਫੀਸਦ ਕਰ ਲਾਗੂ ਹੋ ਗਏ।ਉੱਧਰ ਚੀਨ ਨੇ ਵੀ 545 ਅਮਰੀਕੀ ਉਤਪਾਦਾਂ ‘ਤੇ ਇਸੇ ਤਰ੍ਹਾਂ ਦੇ 25 ਫੀਸਦ ਕਰ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ।
ਬੀਜਿੰਗ ਨੇ ਅਮਰੀਕਾ ਉੱਤੇ ‘ਆਰਥਿਕ ਇਤਿਹਾਸ ਦੀ ਸਭ ਤੋਂ ਵੱਡੀ ਟਰੇਡ ਵਾਰ’ ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ, ”ਅਮਰੀਕਾ ਦੇ ਚੀਨ ਖ਼ਿਲਾਫ਼ ਕਰਾਂ ਨੂੰ ਲਾਗੂ ਕਰਦਿਆਂ ਹੀ ਚੀਨ ਦੇ ਅਮਰੀਕਾ ਖ਼ਿਲਾਫ਼ ਵੀ ਨਵੀਆਂ ਕਰ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ।”
ਸ਼ੰਘਾਈ ਦੀਆਂ ਦੋ ਕੰਪਨੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕਸਟਮ ਅਧਿਕਾਰੀ ਸ਼ੁੱਕਰਵਾਰ ਨੂੰ ਅਮਰੀਕੀ ਦਰਾਮਦ ਲਈ ਕਲੀਅਰੈਂਸ ਪ੍ਰਕਿਰਿਆ ਵਿੱਚ ਦੇਰੀ ਕਰ ਰਹੇ ਸਨ।
ਚੀਨ ਦਾ ਇਹ ਕਦਮ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਫੈਸਲੇ ਦਾ ਜਵਾਬ ਹੈ। ਉਨ੍ਹਾਂ ਅਮਰੀਕੀ ਨੌਕਰੀਆਂ ਦੀ ਸੁਰੱਖਿਆ ਅਤੇ ਅਮਰੀਕੀ ਤਕਨੀਕ ਤੇ ਬੌਧਿਕ ਸੰਪਤੀ ਦਾ ਗ਼ਲਤ ਤਰੀਕੇ ਨਾਲ ਚੀਨ ਨੂੰ ਦਿੱਤੇ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਇੱਕ ਹੋਰ 16 ਬਿਲਿਅਨ ਡਾਲਰ ਦੇ ਉਤਪਾਦਾਂ ‘ਤੇ ਟੈਰਿਫ਼ ਲਾਉਣ ਬਾਰੇ ਸਲਾਹ ਮਸ਼ਵਰਾ ਕਰੇਗਾ,। ਇਸ ਬਾਰੇ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖ਼ੀਰ ‘ਚ ਲਾਗੂ ਹੋ ਸਕਣਗੇ।
ਟੈਰਿਫ਼ ਦੇ ਲਾਗੂ ਹੋਣ ਨਾਲ ਏਸ਼ੀਆ ਦੇ ਸ਼ੇਅਰ ਬਾਜ਼ਾਰ ‘ਤੇ ਬਹੁਤ ਘੱਟ ਅਸਰ ਪਿਆ ਹੈ।
ਸ਼ੰਘਾਈ ਦੇ ਸ਼ੇਅਰ ਬਾਜ਼ਾਰ 0.5 ਫੀਸਦ ਉੱਚ ਪੱਧਰ ‘ਤੇ ਬੰਦ ਹੋਇਆ, ਪਰ ਹਫ਼ਤੇ ਦੇ ਅੰਤ ਤੱਕ ਇਹ 3.5 ਫੀਸਦ ਘੱਟ ਰਿਹਾ – ਇਹ ਘਾਟੇ ਦਾ ਲਗਾਤਾਰ ਸੱਤਵਾਂ ਹਫ਼ਤਾ ਹੈ।
ਟੋਕਿਓ ਦਾ ਸ਼ੇਅਰ ਬਾਜ਼ਾਰ 1.1 ਉੱਚ ਪੱਧਰ ‘ਤੇ ਬੰਦ ਹੋਇਆ, ਪਰ ਹਾਂਗ ਕਾਂਗ 0.5 ਫੀਸਦ ਨਾਲ ਹੇਠਾਂ ਰਿਹਾ।
ਜੇ ਬੀਜਿੰਗ ਆਪਣੀਆਂ ‘ਪ੍ਰਕਿਰਿਆਵਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ’ ਤਾਂ ਡੌਨਾਲਡ ਟਰੰਪ ਨੇ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ।
ਰਾਸ਼ਟਰਪਤੀ ਨੇ ਵੀਰਵਾਰ ਨੂੰ ਕਿਹਾ ਕਿ ਮਾਲ ਦੀ ਮਾਤਰਾ ਮੁਤਾਬਕ ਟੈਰਿਫ਼ 500 ਬਿਲੀਅਨ ਡਾਲਰ ਤੱਕ ਵਧ ਸਕਦਾ ਹੈ।
ਉੱਧਰ ਚੀਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਹੁਣ ਤੱਕ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਵਾਪਰਕ ਜੰਗ ਛੇੜ ਦਿੱਤੀ ਹੈ। ਚੀਨ ਨੇ ਇਸ ਬਾਬਤ ਵਿਸ਼ਵ ਵਪਾਰ ਸੰਗਠਨ ਕੋਲ ਸ਼ਿਕਾਇਤ ਵੀ ਕੀਤੀ ਹੈ।
ਟਰੰਪ ਤੋਂ ਪਹਿਲਾਂ ਮੋਰਗਨ ਸਟੈਨਲੀ ਅਨੁਸਾਰ ਅੱਜ ਤੱਕ ਜਾਰੀ ਕੀਤੇ ਗਏ ਅਮਰੀਕੀ ਟੈਰਿਫ਼ ਨੂੰ ਵਿਸ਼ਵ ਵਪਾਰ ਦਾ 0.6 ਫੀਸਦ ਦੇ ਬਰਾਬਰ ਅਤੇ ਦੁਨੀਆਂ ਦੀ ਜੀ.ਡੀ.ਪੀ. ਦਾ 0.1 ਫੀਸਦ ਦੇ ਬਰਾਬਰ ਪ੍ਰਭਾਵ ਹੋਵੇਗਾ।