ਸੋਸ਼ਲ ਮੀਡੀਆ: ਕੀ ਫਾਇਦੇ, ਕੀ ਨੁਕਸਾਨ ?

0
549

ਗਿਆਨ ਦਾ ਸੋਮਾ ਹੈ ਸੋਸ਼ਲ ਮੀਡੀਆ : ਅਜੋਕੇ ਦੌਰ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਮਹੱਤਵ ਹੈ। ਇਸ ਰਾਹੀਂ ਕੋਈ ਵੀ ਜਾਣਕਾਰੀ ਘਰ ਬੈਠੇ ਹੀ ਝੱਟਪਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਅਸੀਂ ਆਪਣੇ ਗਿਆਨ ਵਿੱਚ ਅਥਾਹ ਵਾਧਾ ਕਰ ਸਕਦੇ ਹਾਂ। ਸੋਸ਼ਲ ਮੀਡੀਆ ਰਾਹੀਂ ਕੋਈ ਵੀ ਵਿਅਕਤੀ ਆਪਣੀ ਗੱਲ ਸਰਕਾਰ ਜਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚਾ ਸਕਦਾ ਹੈ। ਹਾਲਾਂਕਿ ਹਰ ਚੀਜ਼ ਦੇ ਦੋ ਚੰਗਾ ਤੇ ਮਾੜਾ ਪਹਿਲੂ ਹੁੰਦੇ ਹਨ। ਇਹ ਸਾਡੇ ਖ਼ੁਦ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਿਵੇਂ ਕਰ ਰਹੇ ਹਾਂ। ਇਸ ਦਾ ਨੁਕਸਾਨ ਇਹ ਹੈ ਕਿ ਬਹੁਤ ਸਾਰਾ ਸਮਾਂ ਵਿਅਰਥ ਗਵਾਇਆ ਜਾ ਰਿਹਾ ਹੈ ਤੇ ਬੇਤੁਕੀਆਂ ਚੀਜ਼ਾਂ ਵੱਲ ਧਿਆਨ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿੱਚ ਝੂਠੀਆਂ ਅਫ਼ਵਾਹਾਂ ਫੈਲਾਅ ਦਿੰਦੇ ਹਨ ਤੇ ਦੰਗੇ ਤੱਕ ਭੜਕ ਜਾਂਦੇ ਹਨ। ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੁੰਦਾ ਹੈ।
ਨਵਜਿੰਦ ਕੌਰ, ਗੰਗਾ (ਬਠਿੰਡਾ)

ਕਲਾਕਾਰਾਂ ਲਈ ਇਕ ਅਹਿਮ ਮੰਚ: ਹਰੇਕ ਸਾਧਨ ਦੇ ਲਾਭ ਤੇ ਨੁਕਸਾਨ ਲਗਭਗ ਨਾਲ-ਨਾਲ ਚੱਲਦੇ ਹਨ। ਇਸ ਲਈ ਜੇ ਵੱਖ-ਵੱਖ ਨੁਕਤਿਆਂ ਤੋਂ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦੇ ਲਾਭ ਜ਼ਿਆਦਾ ਹਨ ਤੇ ਨੁਕਸਾਨ ਘੱਟ। ਇਸ ਦੀ ਵਰਤੋਂ ਹੀ ਇਸ ਦਾ ਫਾਇਦਾ ਅਤੇ ਨੁਕਸਾਨ ਤੈਅ ਕਰਦੀ ਹੈ। ਅੱਜ ਇਸ ਦੀ ਜ਼ਿਆਦਾ ਵਰਤੋਂ ਝੂਠੀਆਂ ਅਫ਼ਵਾਹਾ ਫੈਲਾਉਣ, ਧਾਰਮਿਕ ਮਾਮਲੇ ਭੜਕਾਉਣ, ਅੰਧ ਵਿਸ਼ਵਾਸ ਫੈਲਾਉਣ, ਫ਼ਿਰਕੂ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾ ਰਹੀ ਹੈ। ਫਾਇਦਾ ਇਸ ਦਾ ਇਹ ਹੈ ਕਿ ਤਾਲਮੇਲ ਰੱਖਣ ਦਾ ਇਹ ਸਭ ਤੋਂ ਤੇਜ਼-ਤਰਾਰ ਤੇ ਨਿੱਗਰ ਸਾਧਨ ਹੈ। ਇਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਕਲਾ ਦੁਨੀਆਂ ਅੱਗੇ ਰੱਖਣ ਦਾ ਮੌਕਾ ਦਿੱਤਾ ਹੈ। ਵਪਾਰਕ ਲਾਭ ਵੀ ਲੋਕਾਂ ਨੇ ਇਸ ਤੋਂ ਬਹੁਤ ਕਮਾਇਆ ਹੈ। ਸਮੇਂ ਦੀ ਲੋੜ ਇਹ ਹੈ ਕਿ ਸਾਡੀਆਂ ਸਰਕਾਰਾਂ ਇਸ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਤਾਂ ਜੋ ਸਾਰਥਕ ਕੰਮਾਂ ਲਈ ਇਸ ਦੀ ਵਰਤੋਂ ਜ਼ਿਆਦਾ ਹੋ ਸਕੇ।
ਲੱਖਾ ਰੱਲਾ (ਮਾਨਸਾ)
ਸੂਚਨਾਵਾਂ ਦੇ ਪ੍ਰਸਾਰ ਦਾ ਦਾਇਰਾ ਵਧਿਆ: ਸੋਸ਼ਲ ਮੀਡੀਆ ਦੀ ਸਹੀ ਜਾਂ ਗਲਤ ਵਰਤੋਂ ਆਪਣੇ ਹੱਥ ਵਿੱਚ ਹੈ। ਅਜੋਕੇ ਦੌਰ ਵਿੱਚ ਇਸ ਦੀ ਵਰਤੋਂ ਹਰ ਉਮਰ ਵਰਗ ਦਾ ਵਿਅਕਤੀ ਕਰ ਰਿਹਾ ਹੈ। ਮੀਡੀਆ ਦੇ ਇਸ ਮੰਚ ਨੇ ਹਰ ਇਕ ਨੂੰ ਪੱਤਰਕਾਰ ਬਣਾ ਦਿੱਤਾ ਹੈ। ਕੋਈ ਵੀ ਕਿਸੇ ਵੀ ਵਿਸ਼ੇ ਉਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾ ਸਕਦਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਨੇ ਕਈ ਅਲਾਮਤਾਂ ਨੂੰ ਠੱਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਝੱਟ ਉਸ ਸਬੰਧੀ ਚਿਤਾਵਨੀ ਜਾਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਪਣੇ ਮੋਬਾਈਲ ਰਾਹੀਂ ਅਸੀਂ ਇਸ ਨੂੰ ਲੋਕਾਂ ਤੱਕ ਭੇਜ ਸਕਦੇ ਹਾਂ , ਬਹੁਤ ਸਾਰੀਆਂ ਸੂਚਨਾਵਾਂ ਸਾਨੂੰ ਹੋਰ ਸੰਚਾਰ ਸਾਧਨਾਂ ਤੋਂ ਪਹਿਲਾਂ ਹੀ ਮਿਲ ਜਾਂਦੀਆਂ ਹਨ। ਸੋਸ਼ਲ ਮੀਡੀਆ ਨੇ ਭ੍ਰਿਸ਼ਟਾਚਾਰ ਨੂੰ ਵੀ ਕਾਫ਼ੀ ਹੱਦ ਤੱਕ ਨੱਥ ਪਾਈ ਹੈ। ਕਈ ਸਟਿੰਗ ਅਪਰੇਸ਼ਨਾਂ ਨੇ ਵੱਡੇ ਘੁਟਾਲਿਆਂ ਦਾ ਖ਼ੁਲਾਸਾ ਕੀਤਾ ਹੈ ਪਰ ਨਾਲ ਹੀ ਬਲੈਕਮੇਲਿੰਗ ਵੀ ਵਧੀ ਹੈ। ਇਸ ਤੋਂ ਇਲਾਵਾ ਗਲਤ ਅਫ਼ਵਾਹਾਂ ਫੈਲਾ ਕੇ ਕਈ ਵਾਰ ਹਾਲਾਤ ਖ਼ਰਾਬ ਕੀਤੇ ਜਾਂਦੇ ਹਨ। ਇਨ੍ਹਾਂ ਸਭ ਵਰਤਾਰਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ।
ਅਮਨਜੋਤ ਸਿੰਘ, ਸਰਹਿੰਦ (ਫਤਹਿਗੜ੍ਹ ਸਾਹਿਬ)

ਵਰਤੋਂ ਨਿਯਮਿਤ ਕਰਨ ਦੀ ਜ਼ਰੂਰਤ: ਸੋਸ਼ਲ ਨੈੱਟਵਰਕ ਸਾਈਟਾਂ ਦਾ ਇਤਿਹਾਸ ਕਰੀਬ 21 ਸਾਲ ਪੁਰਾਣਾ ਹੈ। ਮੌਜੂਦਾ ਸਮੇਂ ਫੇਸਬੁੱਕ, ਟਵਿੱਟਰ ,ਵੱਟ੍ਹਸਐਪ ਆਦਿ ਪ੍ਰਮੁੱਖ ਸੋਸ਼ਲ ਸਾਈਟਾਂ ਹਨ। ਦਿੱਲੀ, ਮੁੰਬਈ, ਹੈਦਰਾਬਾਦ, ਚੇਨੱਈ ਸਮੇਤ ਦੇਸ਼ ਦੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਹੋਈ ਸਰਵੇਖ਼ਣਾਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਾਂ ਉਤੇ ਨੌਜਵਾਨ ਪੀੜ੍ਹੀ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰ ਰਹੀ ਹੈ। ਨੌਜਵਾਨ ਸਵੇਰੇ ਉੱਠਦੇ ਸਾਰ ਹੀ ਫੋਨ ’ਤੇ ਸੋਸ਼ਲ ਸਾਈਟਾਂ ਚੈੱਕ ਕਰਨ ਨੂੰ ਤਰਜੀਹ ਦਿੰਦੇ ਹਨ ਤੇ ਵਕਤ ਵਿਅਰਥ ਵੀ ਕਰਦੇ ਹਨ। ਹਾਲਾਂਕਿ ਇਹ ਸੰਚਾਰ ਦਾ ਸਭ ਤੋਂ ਵਧੀਆ ਸਾਧਨ ਹੈ। ਇਕ ਕੋਨੇ ਤੋਂ ਸੰਸਾਰ ਦੇ ਦੂਜੇ ਕੋਨੇ ਤੱਕ ਸੰਦੇਸ਼ ਸਕਿੰਟਾਂ ਵਿੱਚ ਪੁੱਜ ਜਾਂਦਾ ਹੈ। ਇਨ੍ਹਾਂ ਸਾਧਨਾਂ ਦੀ ਵਰਤੋਂ ਜੇ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਕੋਈ ਹਰਜ ਨਹੀਂ ਹੈ ਪਰ ਕਈ ਵਾਰ ਗਲਤ ਵਰਤੋਂ ਨੁਕਸਾਨ ਕਰਦੀ ਹੈ। ਉਦਾਹਰਣ ਵੱਜੋਂ ਇਸ ਰਾਹੀਂ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਤੇ ਅਫ਼ਵਾਹਾਂ ਅੱਗ ਵਾਂਗੂ ਫੈਲਦੀਆਂ ਹਨ। ਸੈਲਫ਼ੀ ਲੈਂਦੇ ਸਮੇਂ ਬਹੁਤ ਸਾਰੇ ਨੌਜਵਾਨ ਜਾਨ ਗੁਆ ਚੁੱਕੇ ਹਨ। ਇਸ ਦੀ ਬਿਹਤਰ ਵਰਤੋਂ ਦੀ ਲੋੜ ਹੈ।
ਇੰ: ਸ.ਸ. ਸੈਣੀ, ਦੇਸੂ ਮਾਜਰਾ (ਮੁਹਾਲੀ)

ਸਮਾਜਿਕ ਅਲਾਮਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ’ਚ ਸਹਾਇਕ: ਸੋਸ਼ਲ ਮੀਡੀਆ ਦਾ ਫਾਇਦਾ ਜਾਂ ਨੁਕਸਾਨ ਸਿੱਧੇ ਤੌਰ ’ਤੇ ਇਸ ਦੀ ਵਰਤੋਂ ਉੱਤੇ ਨਿਰਭਰ ਕਰਦਾ ਹੈ। ਸਹੀ ਵਰਤੋਂਕਾਰ ਇਸ ਰਾਹੀਂ ਲੇਖਕ, ਕਵੀ ਜਾਂ ਵਧੀਆ ਪੱਤਰਕਾਰ ਵੱਜੋਂ ਨਾਮਣਾ ਖੱਟ ਸਕਦਾ ਹੈ। ਕਈ ਸਮਾਜਿਕ ਅੰਦੋਲਨ ਸੋਸ਼ਲ ਮੀਡੀਆ ਨੇ ਚਲਾਏ ਹਨ। ਇੱਕ ਛੋਟਾ ਜਿਹਾ ਵੀਡੀਓ ਹੀ ਕਈ ਵਾਰ ਸਰਕਾਰ ਨੂੰ ਜਲਦੀ ਐਕਸ਼ਨ ਲੈਣ ਲਈ ਮਜਬੂਰ ਕਰ ਦਿੰਦਾ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਨੇ ਗਰੁੱਪਾਂ ਜਾਂ ਪੇਜਾਂ ਰਾਹੀਂ ਪ੍ਰਚਾਰ ਦਾ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਸੋਸ਼ਲ ਮੀਡੀਆ ਅੱਜਕਲ੍ਹ ਸੰਚਾਰ ਦੇ ਹੋਰਨਾਂ ਸਾਧਨਾਂ ਨੂੰ ਤਕੜੀ ਟੱਕਰ ਦੇ ਰਿਹਾ ਹੈ ਤੇ ਪ੍ਰਿੰਟ ਅਤੇ ਟੈਲੀਵਿਜ਼ਨ ਮੀਡੀਆ ਨਾਲ ਵੀ ਮੁਕਾਬਲਾ ਕਰ ਰਿਹਾ ਹੈ। ਜੇ ਇਸ ਨੂੰ ਸਮਾਜਿਕ ਏਕਤਾ, ਭਾਈਚਾਰਕ ਸਾਂਝ ਪੈਦਾ ਕਰਨ, ਸਮਾਜਿਕ ਅਲਾਮਤਾਂ ਖ਼ਤਮ ਕਰਨ ਲਈ ਵਰਤਿਆ ਜਾਵੇ ਤਾਂ ਇਹ ਸਚਮੁੱਚ ਹੀ ਇਕ ਵਰਦਾਨ ਬਣ ਜਾਵੇਗਾ।
ਮਾ. ਪ੍ਰਭਜੀਤ ਸਿੰਘ ਰਸੂਲਪੁਰ, ਸ.ਹ.ਸ. ਕੋਹਾੜਾ (ਲੁਧਿਆਣਾ)

ਧੋਖਾਧੜੀ ’ਚ ਕੀਤਾ ਵਾਧਾ: ਕਿਸੇ ਸਿੱਕੇ ਦੇ ਦੋ ਪਹਿਲੂਆਂ ਵਾਂਗ ਸੋਸ਼ਲ ਮੀਡੀਆ ਦੇ ਵੀ ਕਈ ਫ਼ਾਇਦੇ ਤੇ ਨੁਕਸਾਨ ਹਨ। ਇਸ ਨੇ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ ਤੇ ਉਨਾਂ ਦਾ ਦਾਇਰਾ ਵਧਾਇਆ ਹੈ। ਸੁਨੇਹੇ ਅੱਖ ਝਪਕਦੇ ਹੀ ਪੁੱਜ ਜਾਂਦੇ ਹਨ, ਰਿਸ਼ਤੇਦਾਰਾਂ ਨਾਲ ਵੀਡੀਓ ਕਾਲਿੰਗ ਕੀਤੀ ਜਾ ਸਕਦੀ ਹੈ। ਪੜ੍ਹਾਈ ਵਿੱਚ ਵੀ ਇਹ ਮਦਦਗਾਰ ਹੈ ਤੇ ਕਾਰੋਬਾਰ ਵੀ ਇਸ ਨਾਲ ਵੱਧ-ਫੁਲ ਰਹੇ ਹਨ। ਫੇਸਬੁੱਕ, ਟਵਿੱਟਰ, ਸਨੈਪਚੈਟ ਤੇ ਇੰਸਟਾਗਰਾਮ ਜਿਹੀਆਂ ਸੋਸ਼ਲ ਸਾਈਟਾਂ ਨੌਜਵਾਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਸੋਸ਼ਲ ਮੀਡੀਆ ਕਾਰਨ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ। ਪਰ ਇਸ ਦਾ ਨੁਕਸਾਨ ਇਹ ਹੋਇਆ ਹੈ ਕਿ ਲੋਕਾਂ ਵਿੱਚ ਮੋਹ ਘੱਟ ਗਿਆ ਹੈ ਤੇ ਬੱਚੇ ਆਪਣਾ ਬਚਪਨ ਜਿਊਣ ਦੀ ਥਾਂ ਸੋਸ਼ਲ ਮੀਡੀਆ ਨੂੰ ਤਰਜੀਹ ਦੇ ਰਹੇ ਹਨ। ਜ਼ਰੂਰਤ ਤੋਂ ਵੱਧ ਵਰਤੋਂ ਕਾਰਨ ਸਿਹਤ ਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀ ਧੋਖਾਧੜੀ ਵੀ ਸੋਸ਼ਲ ਸਾਈਟਾਂ ਜ਼ਰੀਏ ਕੀਤੀ ਜਾ ਰਹੀ ਹੈ। ਸਾਵਧਾਨੀ ਨਾਲ ਵਰਤੋਂ ਦੀ ਸਖ਼ਤ ਲੋੜ ਹੈ।
ਅਮਰਬੀਰ ਸਿੰਘ ਚੀਮਾ, ਸਰਹਿੰਦ (ਫਤਿਹਗੜ੍ਹ ਸਾਹਿਬ)

ਫ਼ਿਰਕੂ ਸਿਆਸਤ ਦਾ ਮੰਚ ਬਣਿਆ ਸੋਸ਼ਲ ਮੀਡੀਆ: ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਤੋਂ ਬਾਅਦ ਜਿਹੜਾ ਨਵਾਂ ਮੰਚ ਉੱਭਰ ਕੇ ਸਾਹਮਣੇ ਆਇਆ ਹੈ ਤੇ ਮੌਜੂਦਾ ਦੌਰ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ, ਉਹ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਦਾ ਲੋਕ-ਪੱਖੀ ਮੁੱਦਿਆਂ ਨੂੰ ਉਭਾਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਜਾਣਕਾਰੀ ਦਾ ਇਕ ਵਧੀਆ ਸਾਧਨ ਹੋਣ ਦੇ ਬਾਵਜੂਦ ਇਸ ਦੇ ਕਈ ਨੁਕਸਾਨ ਵੀ ਹਨ। ਕਈ ਵਾਰ ਬੇਬੁਨਿਆਦ ਗੱਲਾਂ ਹੀ ਐਨੀਆਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ ਤੇ ਵੱਡਾ ਨੁਕਸਾਨ ਹੋ ਜਾਂਦਾ ਹੈ। ਕਈ ਤਰ੍ਹਾਂ ਦੀਆਂ ਖ਼ਬਰਾਂ ਬਣਾ ਕੇ ਇਨ੍ਹਾਂ ਦੀ ਵਰਤੋਂ ਲੋਕਾਂ ਨੂੰ ਭੜਕਾਉਣ ਲਈ ਕੀਤੀ ਜਾਂਦੀ ਹੈ ਤੇ ਸਿਆਸੀ ਲਾਹਾ ਲਿਆ ਜਾਂਦਾ ਹੈ। ਦਰਅਸਲ ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ ਦੁਆਰਾ ਅਸੀਂ ਸਮਾਜਿਕ ਕੁਰੀਤੀਆਂ, ਜ਼ੁਲ਼ਮ, ਅਨਿਆਂ ਵਿਰੁੱਧ ਇਕੱਠੇ ਹੋ ਕੇ ਇਨਸਾਫ਼ ਲਈ ਆਵਾਜ਼ ਬੁਲੰਦ ਕਰ ਸਕਦੇ ਹਾਂ। ਇਸ ਦੀ ਵਰਤੋਂ ਸਾਡੀ ਸਮਝ ਉਤੇ ਨਿਰਭਰ ਕਰਦੀ ਹੈ।
ਮਨਪ੍ਰੀਤ ਕੌਰ, ਪਿੰਡ- ਕੁਲਾਰਾਂ (ਪਟਿਆਲਾ)