ਜੁਝਾਰੂ ਲੋਕ ਕਵੀ ਸੀ ਸੰਤ ਰਾਮ ਉਦਾਸੀ

0
553

20 Apr 2017 00:19:17 GMT

ਕਾਲਖ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ,
ਓ ਕਿਰਨਾਂ ਦੇ ਕਾਤਿਲੋ, ਸੂਰਜ ਕਦੇ ਮਰਿਆ ਨਹੀਂ।

ਵੀਹਵੀਂ ਸਦੀ ਦੇ ਅੱਧ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਨਕਸਲਵਾਦੀ ਲਹਿਰ ਦੇ ਪ੍ਰਭਾਵ ਨੇ ਬਹੁਤ ਸਾਰੇ ਕਵੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿੱਚੋਂ ਪਾਸ਼ ਅਤੇ ਸੰਤ ਰਾਮ ਉਦਾਸੀ ਸਿਰਕੱਢ ਕਵੀ ਸਨ। ਦੋਵਾਂ ਦੀ ਕਵਿਤਾ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਨਕਲਾਬ ਦੇ ਦੀਪ ਜਗਾਏ। ਵੀਹ ਅਪਰੈਲ 1939 ਨੂੰ ਉਸ ਸਮੇਂ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਬਰਨਾਲਾ (ਹੁਣ ਜ਼ਿਲ੍ਹਾ) ਦੇ ਪਿੰਡ ਰਾਏਸਰ ਵਿੱਚ ਖੇਤ ਮਜ਼ਦੂਰ ਮਿਹਰ ਸਿੰਘ ਦੇ ਘਰ ਸੰਤ ਰਾਮ ਉਦਾਸੀ ਦਾ ਜਨਮ ਹੋਇਆ। ਉਸ ਨੂੰ ਬਚਪਨ ਵਿੱਚ ਹੀ ਸਮਾਜਿਕ ਨਾਬਰਾਬਰੀ, ਆਰਥਿਕ, ਰਾਜਨੀਤਿਕ ਅਤੇ ਮਾਨਸਿਕ ਲੁੱਟ ਦਾ ਸ਼ਿਕਾਰ ਹੋਣਾ ਪਿਆ। ਇਸ ਲਈ ਉਸ ਨੇ ਜਮਾਤੀ ਯੁੱਧ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਹੀ ਆਪਣੀ ਰਚਨਾ ਦਾ ਮੁੱਖ ਆਧਾਰ ਬਣਾਇਆ।
ਲੋਕ ਕਵੀ ਸੰਤ ਰਾਮ ਉਦਾਸੀ ਨੇ ਮਜ਼ਦੂਰਾਂ, ਕਿਸਾਨਾਂ ਅਤੇ ਸ਼ੋਸ਼ਿਤ ਹੋ ਰਹੇ ਹਰ ਵਰਗ ਨੂੰ ਸਰਮਾਏਦਾਰੀ ਖ਼ਿਲਾਫ਼ ਲਾਮਬੰਦ ਕਰਨ ਲਈ ਜੱਦੋ-ਜਹਿਦ ਕੀਤੀ। ਇਸ ਦੇ ਸਿੱਟੇ ਵਜੋਂ ਉਦਾਸੀ ਨੂੰ ਅਨੇਕਾਂ ਵਾਰ ਜੇਲ੍ਹ ਜਾਣਾ ਪਿਆ ਅਤੇ ਸਰੀਰਕ ਤੇ ਮਾਨਸਿਕ ਤਸੀਹੇ ਵੀ ਸਹਿਣ ਕਰਨੇ ਪਏ। ਜੇ ਉਦਾਸੀ ਦੇ ਰਚਨਾਤਮਿਕ ਦੌਰ ਦੀ ਗੱਲ ਕਰੀਏ ਤਾਂ ਸ਼ੁਰੂ ਸ਼ੁਰੂ ਵਿੱਚ ਉਸ ਦੀ ਕਵਿਤਾ ਅਧਿਆਤਮਵਾਦ ਦਾ ਪੱਖ ਪੂਰਦੀ ਹੈ। ਫਿਰ ਸਹਿਜੇ ਸਹਿਜੇ 1967 ਦੇ ਕਰੀਬ ਉਦਾਸੀ ਦੀ ਕਵਿਤਾ ਨਕਸਲਵਾਦੀ ਲਹਿਰ ਦੇ ਪ੍ਰਭਾਵ ਹੇਠ ਮਾਰਕਸਵਾਦ, ਲੈਨਿਨਵਾਦ ਤੋਂ ਮਾਓਵਾਦ ਦੀ ਸਮਝ ਰਾਹੀਂ ਜਮਾਤੀ ਸਮਾਜ ਦੀ ਬਣਤਰ ਦੇ ਗੁੰਝਲਦਾਰ ਨੁਕਤਿਆਂ ਦੀ ਗੱਲ ਕਰਨ ਲੱਗੀ। ਪਹਿਲਾਂ ਪਹਿਲ ਉਦਾਸੀ ਦੀ ਅਕਾਲੀ ਮੋਰਚਿਆਂ ਨਾਲ ਹਮਦਰਦੀ ਸੀ ਕਿਉਂਕਿ ਉਸ ਨੂੰ ਇਨ੍ਹਾਂ ਤੋਂ ਆਮ ਲੋਕਾਂ ਦੀ ਤਰਜਮਾਨੀ ਹੁੰਦੀ ਨਜ਼ਰ ਆ ਰਹੀ ਸੀ, ਪਰ ਫਿਰ ਉਸ ਨੂੰ ਖਲਾਅ ਹੀ ਨਜ਼ਰ ਆਇਆ। ਉਸ ਨੂੰ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਰਾਹੀਂ ਹਕੀਕੀ ਇਨਕਲਾਬ ਦਾ ਸੁਪਨਾ ਸਾਕਾਰ ਹੁੰਦਾ ਵੀ ਨਜ਼ਰ ਨਹੀਂ ਆਇਆ। ਇਸ ਕਰਕੇ ਉਸ ਨੇ ਸਿਆਸੀ ਅਤੇ ਅਮਲੀ ਤੌਰ ’ਤੇ ਸਰਗਰਮ ਹੋ ਕੇ ਹਥਿਆਰਬੰਦ ਨਕਸਲੀਆਂ ਨਾਲ ਸਾਂਝ ਪਾ ਲਈ। ਉਦਾਸੀ ਨੇ ਉੱਚੀ ਸੁਰ ਅਤੇ ਮਿੱਠੀ ਆਵਾਜ਼ ਜ਼ਰੀਏ ਪੰਜਾਬੀ ਕਵੀਆਂ ਵਿੱਚ ਆਪਣੀ ਵੱਖਰੀ ਪਛਾਣ ਸਥਾਪਤ ਕਰ ਲਈ। ਗ਼ਰੀਬ ਜਨਤਾ ਦੇ ਦਰਦਾਂ ਦੀ ਗੱਲ ਕਰਦੇ ਉਸ ਦੇ ਗੀਤ ਜਨਤਕ ਸਟੇਜਾਂ ’ਤੇ ਗੂੰਜਦੇ। ਜਿਵੇਂ:

ਲੋਕੋ ਬਾਜ਼ ਆ ਜਾਓ ਝੂਠੇ ਲੀਡਰਾਂ ਤੋਂ,
ਇਨ੍ਹਾਂ ਦੇਸ਼ ਨੂੰ ਬਿਲੇ ਲਗਾ ਛੱਡਣਾ।
ਇਨ੍ਹਾਂ ਦੇਸ਼ ਦਾ ਕੁਝ ਸੰਵਾਰਿਆ ਨਹੀਂ,
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
ਉਸ ਦੀ ਸਭ ਤੋਂ ਪ੍ਰਸਿੱਧ ਕਵਿਤਾ ਦੇ ਬੋਲ ਹਨ:
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਇਹ ਬੋਲ ਲੋਕ ਆਵਾਜ਼ ਬਣ ਗਏ। ਉਸ ਨੇ ਕਈ ਦਰਜਨ ਕਵਿਤਾਵਾਂ ਦੀ ਰਚਨਾ ਕੀਤੀ। ਅਜਿਹੀ ਸੋਚ ਦਾ ਧਾਰਨੀ ਹੋਣ ਕਰਕੇ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਸੰਤ ਰਾਮ ਉਦਾਸੀ ਨੂੰ ਸਮੇਂ ਦੀ ਹਕੂਮਤ ਨੇ ਜ਼ੁਲਮਾਂ ਦਾ ਸ਼ਿਕਾਰ ਬਣਾਇਆ। ਉਦਾਸੀ ਨੇ ਆਪਣੀਆਂ ਕਿਤਾਬਾਂ ‘ਲਹੂ ਭਿੱਜੇ ਬੋਲ’, ‘ਸੈਨਤਾਂ’, ‘ਚੌਨੁਕਰੀਆਂ ਸੀਖਾਂ’ ਆਦਿ ਰਾਹੀਂ ਇਨਕਲਾਬੀ ਸਾਹਿਤ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ। ਰੇਡੀਓ ਅਤੇ ਜਨਤਕ ਸਟੇਜਾਂ ’ਤੇ ਉਦਾਸੀ ਦੀ ਸੁਰੀਲੀ ਅਤੇ ਲੰਮੀ ਹੇਕ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਸੀ ਜਿਸ ਦੀ ਬਦੌਲਤ ਉਸ ਨੂੰ ਫ਼ਿਲਮਾਂ ਵਿੱਚ ਗਾਉਣ ਦੇ ਸੱਦੇ ਆਉਣ ਲੱਗੇ, ਪਰ ਉਸ ਨੇ ਫੋਕੀ ਸ਼ੋਹਰਤ ਅਤੇ ਧਨ ਪ੍ਰਾਪਤੀ ਦੀ ਲਾਲਸਾ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਸੱਤ ਨਵੰਬਰ 1986 ਨੂੰ ਮਹਾਂਰਾਸ਼ਟਰ ਦੀ ਧਰਤੀ ’ਤੇ ਚੱਲਦੀ ਹੋਈ ਰੇਲ ਗੱਡੀ ਵਿੱਚ ਇਸ ਕ੍ਰਾਂਤੀਕਾਰੀ ਯੋਧੇ, ਸਿਰੜੀ ਮਨੁੱਖ ਅਤੇ ਅਣਖੀਲੇ ਸ਼ਖ਼ਸ ਦੀ ਬੇਵਕਤ ਅਤੇ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਅਫ਼ਸੋਸ! ਭਾਰਤ ਸਰਕਾਰ ਦੇ ਸੱਦੇ ’ਤੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਉੱਚੀ ਉੱਚੀ ਹੇਕਾਂ ਲਾ ਕੇ ਗਾਉਣ ਵਾਲੇ ਇਸ ਕਵੀ ਨੂੰ ਲਾਵਾਰਿਸ ਕਰਾਰ ਦੇ ਕੇ ਉੱਥੇ ਹੀ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਮਨਜੀਤ ਸਿੰਘ ਬਿਲਾਸਪੁਰ ਸੰਪਰਕ: 99145-00289