ਚੀਨ ਤੋਂ ਆਉਣ ਵਾਲੇ ਤੋਹਫ਼ਿਆਂ ਦੀ ਗਿਣਤੀ ਸੀਮਤ ਕਰਨ ਤੇ ਵਿਚਾਰ

0
325

ਨਵੀਂ ਦਿੱਲੀ— ਸਰਕਾਰ ਚੀਨ ਤੋਂ ਡਾਕ ਰਾਹੀਂ ਮੰਗਵਾਏ ਜਾਣ ਵਾਲੇ ਤੋਹਫਿਆਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਚੀਨ ਦੀਆਂ ਈ-ਕਾਮਰਸ ਕੰਪਨੀਆਂ ਵਲੋਂ ਦੇਸ਼ ‘ਚ ਇਸ ਤਰੀਕੇ ਨਾਲ ਜ਼ਿਆਦਾ ਗਿਣਤੀ ‘ਚ ਭੇਜੇ ਜਾ ਰਹੇ ਸਾਮਾਨ ਨੂੰ ਲੈ ਕੇ ਕੁਝ ਘਰੇਲੂ ਕੰਪਨੀਆਂ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਵਣਜ ਤੇ ਉਦਯੋਗ ਮੰਤਰਾਲਾ ਦੇ ਉੱਚ ਅਧਿਕਾਰੀਆਂ ਦਰਮਿਆਨ ਹਾਲ ਹੀ ‘ਚ ਇਸ ਮੁੱਦੇ ‘ਤੇ ਸਲਾਹ-ਮਸ਼ਵਰਾ ਕੀਤਾ ਗਿਆ।
ਇਕ ਅਧਿਕਾਰੀ ਨੇ ਦੱਸਿਆ, ”ਅਸੀਂ ਇਸ ਤਰ੍ਹਾਂ ਦੇ ਤੋਹਫ਼ਿਆਂ ਦੀ ਗਿਣਤੀ ਨੂੰ ਪ੍ਰਤੀ ਵਿਅਕਤੀ 4 ਤੋਹਫੇ ਪ੍ਰਤੀ ਸਾਲ ਮੰਗਵਾਉਣ ਦੀ ਹੱਦ ਤੈਅ ਕਰਨ ਦਾ ਸੁਝਾਅ ਦਿੱਤਾ ਹੈ ਪਰ ਇਸ ‘ਤੇ ਕੋਈ ਵੀ ਅੰਤਿਮ ਫ਼ੈਸਲਾ ਕਸਟਮ ਡਿਊਟੀ ਅਥਾਰਿਟੀ ਵਲੋਂ ਲਿਆ ਜਾਵੇਗਾ।” ਅਧਿਕਾਰੀ ਨੇ ਕਿਹਾ ਕਿ ਹਾਲਾਂਕਿ, ਜ਼ਰੂਰੀ ਦਵਾਈਆਂ ‘ਤੇ ਇਸ ਤਰ੍ਹਾਂ ਦੀ ਪਾਬੰਦੀ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਚੀਨ ਦੀਆਂ ਕੁਝ ਐਪ ਆਧਾਰਤ ਅਤੇ ਈ-ਕਾਮਰਸ ਕੰਪਨੀਆਂ ਦੇਸ਼ ਦੇ ਵਿਦੇਸ਼ ਵਪਾਰ ਕਾਨੂੰਨ ਦੇ ਨਿਯਮਾਂ ਦੀ ਗਲਤ ਵਰਤੋਂ ਕਰ ਰਹੀਆਂ ਹਨ। ਇਸ ਨਿਯਮ ਅਨੁਸਾਰ 5,000 ਰੁਪਏ ਮੁੱਲ ਤੱਕ ਦੇ ਉਤਪਾਦਾਂ ਨੂੰ ਤੋਹਫੇ ਦੇ ਤੌਰ ‘ਤੇ ਦਰਾਮਦ ਕੀਤਾ ਜਾ ਸਕਦਾ ਹੈ। ਇਨ੍ਹਾਂ ‘ਤੇ ਕਸਟਮ ਡਿਊਟੀ ਤੋਂ ਛੋਟ ਦਿੱਤੀ ਗਈ ਹੈ।
ਇਸ ਸਬੰਧ ਵਿਚ ਕੁਝ ਘਰੇਲੂ ਈ-ਕਾਮਰਸ ਕੰਪਨੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਦੀਆਂ ਆਨਲਾਈਨ ਕੰਪਨੀਆਂ ਨੂੰ ਭਾਰਤ ਤੋਂ ਅਜਿਹੇ ਆਰਡਰਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਚੀਨ ਦੀਆਂ ਕੰਪਨੀਆਂ ਇਸ ਦੇ ਤਹਿਤ ਕਸਟਮ ਡਿਊਟੀ ਤੋਂ ਬਚਦੇ ਹੋਏ ਮਾਲ ਦੀ ਡਲਿਵਰੀ ਕਰ ਰਹੀਆਂ ਹਨ।