ਖ਼ਰਾਬ ਸੜਕਾਂ ਕਾਰਨ ਸਲਾਨਾ 95000 ਕਰੋੜ ਦਾ ਨੁਕਸਾਨ

0
274

ਨਵੀਂ ਦਿੱਲੀ: ਐਤਵਾਰ ਨੂੰ ਉੱਤਰਾਖੰਡ ਦੇ ਪੌੜੀ ਗੜ੍ਹਵਾਲ ‘ਚ ਖੱਡ ‘ਚ ਬੱਸ ਡਿੱਗਣ ਨਾਲ 48 ਲੋਕਾਂ ਦੀ ਮੌਤ ਹੋ ਗਈ ਸੀ। ਸੜਕ ‘ਚ ਡੂੰਘੇ ਖੱਡੇ ਹੋਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਓਧਰ ਸੜਕਾਂ ਦੀ ਹਾਲਤ ਬਾਰੇ ਸਵਾਲਾਂ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਬਚਦੇ ਨਜ਼ਰ ਆਏ।
ਦੁਰਘਟਨਾ ਸਥਾਨ ‘ਤੇ ਹੈਲੀਕਾਪਟਰ ਰਾਹੀਂ ਪਹੁੰਚੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ। ਇਸ ਮੌਕੇ ਲੋਕਾਂ ਨੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਜੇਕਰ ਹੈਲੀਕਾਪਟਰ ਦੀ ਜਗ੍ਹਾ ਖੱਡਿਆਂ ਵਾਲੀ ਸੜਕ ਰਾਹੀਂ ਆਉਂਦੇ ਤਾਂ ਉਹ ਅਸਲੀਅਤ ਤੋਂ ਵਾਕਿਫ ਹੁੰਦੇ।
ਭਾਵੇਂ ਕਿ ਦੁਰਘਟਨਾ ਤੋਂ ਬਾਅਦ ਹੁਣ ਲੋਕ ਨਿਰਮਾਣ ਵਿਭਾਗ ਨੂੰ ਸੜਕ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਜਨਤਾ ਦਾ ਸਵਾਲ ਇਹ ਹੈ ਕਿ ਸੜਕ ਦੀ ਮੁਰੰਮਤ ਸਹੀ ਸਮੇਂ ਤੇ ਨਾ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।
ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਠ ਐਕਸਪ੍ਰੈਸ ਰਸਤੇ ਦਾ ਉਦਘਾਟਨ ਕੀਤਾ ਸੀ ਪਰ ਪਹਿਲੀ ਬਾਰਸ਼ ਤੋਂ ਬਾਅਦ ਹੀ ਇਸ ਐਕਸਪ੍ਰੈਸ ਸੜਕ ‘ਚ ਫੁੱਟ-ਫੁੱਟ ਲੰਮੇ ਖੱਡੇ ਪੈ ਗਏ। ਨਿਰਮਾਣ ‘ਚ ਕਮੀਆਂ ਕਾਰਨ ਬਾਰਸ਼ ਦਾ ਪਾਣੀ ਹੇਠਾਂ ਤੱਕ ਪਹੁੰਚ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਹੌਲੀ-ਹੌਲੀ ਖੱਡੇ ਬਣ ਜਾਣਦੇ ਹਨ। ਨਿਯਮਾਂ ਮੁਤਾਬਕ ਸੜਕਾਂ ‘ਤੇ ਹੋਣ ਵਾਲੇ ਖੱਡਿਆਂ ਨੂੰ ਤੁਰੰਤ ਭਰਨ ਦੀ ਜ਼ਿੰਮੇਵਾਰੀ ਐਨਐਚਏਆਈ, ਰਾਜ ਸਰਕਾਰਾਂ ਦੇ ਲੋਕ ਨਿਰਮਾਣ ਵਿਭਾਗ, ਸਥਾਨਕ ਨਗਰ ਪਾਲਿਕਾ ਤੇ ਨਗਰ ਨਿਗਮ ਦੀ ਹੁੰਦੀ ਹੈ। ਇਨ੍ਹਾਂ ਗੱਲਾਂ ਬਾਰੇ ਜਦੋਂ ‘ਏਬੀਪੀ ਨਿਊਜ਼’ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਾਫ ਮਨ੍ਹਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਦੇਸ਼ ‘ਚ ਸੜਕਾਂ ‘ਤੇ ਖੱਡਿਆਂ ਕਾਰਨ ਹਰ ਸਾਲ 823 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਤੇ ਖਰਾਬ ਸੜਕਾਂ ਕਾਰਨ ਸਾਲਾਨਾ 95000 ਕਰੋੜ ਦਾ ਤੇਲ ਬਲ਼ਦਾ ਹੈ।