ਕੋਲਾ ਸੰਕਟ ਦੇ ਗੰਭੀਰ ਸਿੱਟੇ

0
306

ਕਰੋਨਾ ਮਹਾਮਾਰੀ ਵਿੱਚੋਂ ਉੱਭਰ ਰਹੀ ਦੁਨੀਆ ਦੀ ਆਰਥਿਕਤਾ ਨੂੰ ਇੱਕ ਨਵੇਂ ਸੰਕਟ ਨੇ ਆ ਘੇਰਿਆ ਹੈ। ਇਹ ਸੰਕਟ ਊਰਜਾ ਨਾਲ ਸਬੰਧਿਤ ਹੈ ਜਿਸ ਨੇ ਦੁਨੀਆ ਭਰ ਦੇ ਮੁਲਕਾਂ ਅੱਗੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਮਹਾਮਾਰੀ ਨਾਲ ਨਿਪਟਣ ਲਈ ਲਗਾਈਆਂ ਸਿਹਤ ਸਬੰਧੀ ਰੋਕਾਂ ਨੂੰ ਹਟਾਇਆ ਜਾ ਰਿਹਾ ਹੈ ਤੇ ਆਰਥਿਕਤਾ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਯਤਨ ਕਰ ਰਹੀ ਹੈ। ਲੰਬੇ ਅਰਸੇ ਬਾਅਦ ਚੱਲੀਆਂ ਫੈਕਟਰੀਆਂ ਤੇ ਆਵਾਜਾਈ ’ਤੇ ਹਟੀਆਂ ਰੋਕਾਂ ਤੋਂ ਬਾਅਦ ਸੰਸਾਰ ਭਰ ਵਿੱਚ ਜੈਵਿਕ ਬਾਲਣ ਦੀ ਮੰਗ ਕਈ ਗੁਣਾ ਵਧ ਗਈ ਹੈ। ਅਜਿਹੇ ਵਿੱਚ ਇਨ੍ਹਾਂ ਬਾਲਣਾਂ ਦੀ ਸਪਲਾਈ ਤੇ ਸਟੋਰੇਜ਼ ਵਿੱਚ ਵਕਤੀ ਤੌਰ ’ਤੇ ਆਈਆਂ ਮੁਸ਼ਕਲਾਂ ਕਾਰਨ ਤੇਲ, ਗੈਸ ਤੇ ਕੋਲੇ ਦੀਆਂ ਕੀਮਤਾਂ ਅੰਤਰਰਾਸ਼ਟਰੀ ਮੰਡੀ ਵਿੱਚ ਸਿਖਰਾਂ ਨੂੰ ਛੂਹਣ ਲੱਗੀਆਂ ਹਨ। ਇਸ ਊਰਜਾ ਸੰਕਟ ਨੇ ਦੁਨੀਆ ਭਰ ਦੇ ਦੇਸ਼ਾਂ ਦੀ ਨੀਂਦ ਉਡਾ ਦਿੱਤੀ ਹੈ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਦੇ ਗੈਸ ਸਟੇਸ਼ਨਾਂ ’ਤੇ ਗੈਸ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ, ਪਰ ਕੁਦਰਤੀ ਗੈਸ ਦੀਆਂ ਕੀਮਤਾਂ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਯੂਰਪ ਵਿੱਚ ਇਸ ਦੀ ਕੀਮਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ 500 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਹੋਏ ਇਸ ਵਾਧੇ ਦਾ ਕਾਰਨ ਯੂਰਪ ਵਿੱਚ ਪਿਛਲੇ ਸਾਲ ਪਈ ਸਖ਼ਤ ਠੰਢ ਅਤੇ ਗੈਸ ਭੰਡਾਰਾਂ ਵਿੱਚ ਆਈ ਕਮੀ ਦੇ ਸਿਰ ਭੰਨਿਆ ਜਾ ਰਿਹਾ ਹੈ। ਕੁਦਰਤੀ ਗੈਸ ਦੀਆਂ ਰਿਕਾਰਡ ਕੀਮਤਾਂ ਕਾਰਨ ਇੰਗਲੈਂਡ ਦੀ ਇੱਕ ਵੱਡੀ ਖਾਦ ਬਣਾਉਣ ਵਾਲੀ ਕੰਪਨੀ ਨੂੰ ਆਪਣੇ ਦੋ ਪਲਾਂਟ ਬੰਦ ਕਰਨੇ ਪੈ ਗਏ ਹਨ। ਮੌਸਮ ਵਿਗਿਆਨੀਆਂ ਵੱਲੋਂ ਕੀਤੀ ਇਸ ਭਵਿੱਖਬਾਣੀ ਕਿ ਆਉਣ ਵਾਲੇ ਸਰਦੀ ਦੇ ਮੌਸਮ ਵਿੱਚ ਰਿਕਾਰਡ ਠੰਢ ਪਵੇਗੀ, ਨੇ ਵੀ ਯੂਰਪ ਦੇ ਦੇਸ਼ਾਂ ਵਿੱਚ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਇਸ ਦੇ ਚੱਲਦਿਆਂ ਘਰਾਂ ਦੇ ਗੈਸ ਬਿੱਲ ਕਈ ਗੁਣਾ ਵਧ ਜਾਣਗੇ। ਯੂਰਪੀ ਯੂਨੀਅਨ ਵੱਲੋਂ ਰੂਸ ਦੇ ਰਾਸ਼ਟਰਪਤੀ ਪੂਤਿਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੈਸ ਦੀ ਸਪਲਾਈ ਵਿੱਚ ਵਾਧਾ ਕਰਨ, ਪਰ ਕੁਝ ਆਰਥਿਕ ਮਾਹਿਰਾਂ ਦਾ ਦਾਅਵਾ ਹੈ ਕਿ ਰੂਸ ਜਾਣ ਬੁੱਝ ਕੇ ਗੈਸ ਦੀ ਸਪਲਾਈ ਦੀ ਘਾਟ ਪੈਦਾ ਕਰਕੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਬਣ ਰਿਹਾ ਹੈ। ਦੂਸਰੇ ਪਾਸੇ ਏਸ਼ੀਆ ਮਹਾਂਦੀਪ ਵਿੱਚ ਜੈਵਿਕ ਬਾਲਣ ਦੀਆਂ ਵਧੀਆਂ ਕੀਮਤਾਂ ਨੇ ਚੀਨ ਤੇ ਭਾਰਤ ਦੀ ਆਰਥਿਕਤਾ ਨੂੰ ਗਹਿਰੀ ਸੱਟ ਮਾਰੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਅੱਜ ਵੀ ਬਿਜਲੀ ਦੀ ਜ਼ਿਆਦਾ ਪੈਦਾਵਾਰ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਤੋਂ ਪੂਰੀ ਕੀਤੀ ਜਾ ਰਹੀ ਹੈ। ਕੋਲੇ ਦੀ ਵਧੀ ਇਸ ਮੰਗ ਨੇ ਕੋਲੇ ਦੀਆਂ ਕੀਮਤਾਂ ਵਿੱਚ ਰਿਕਾਰਡ ਉਛਾਲ ਲੈ ਆਂਦਾ ਹੈ। ਚੀਨ ਦੇ ਸ਼ਾਸਕਾਂ ਵੱਲੋਂ ਕੋਲੇ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਦੇ ਸਾਰੇ ਯਤਨ ਫੇਲ੍ਹ ਹੋ ਗਏ ਹਨ। ਕੋਲਾ ਕੱਢਣ ਵਾਲੀਆਂ ਅਮਰੀਕਾ ਦੀਆਂ ਮਾਈਨਿੰਗ ਕੰਪਨੀਆਂ ਦੇ 2022 ਤੱਕ ਦੇ ਸਟਾਕ ਦੇ ਪਹਿਲਾਂ ਹੀ ਸੌਦੇ ਹੋ ਚੁੱਕੇ ਹਨ। ਇੱਥੋਂ ਤੱਕ ਕਿ ਕਈ ਕੰਪਨੀਆਂ ਵਿੱਚ 2023 ਤੱਕ ਦੀ ਬੁਕਿੰਗ ਹੋ ਚੁੱਕੀ ਹੈ। ਅਜਿਹੇ ਵਿੱਚ ਚੀਨ ਨੂੰ ਕਈ ਸ਼ਹਿਰਾਂ ਵਿੱਚ ਬਿਜਲੀ ਦੇ ਘਰੇਲੂ ਕੱਟ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚੀਨ ਦੀਆਂ ਫੈਕਟਰੀਆਂ ਵਿੱਚ ਵੀ ਉਤਪਾਦਨ ਘਟਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਵਿੱਚ ਕਈ ਵਸਤੂਆਂ ਦੀ ਕਿੱਲਤ ਮਹਿਸੂਸ ਕੀਤੀ ਜਾ ਸਕਦੀ ਹੈ। ਐਪਲ ਫੋਨ ਬਣਾਉਣ ਵਾਲੀ ਕੰਪਨੀ ਨੇ ਪਹਿਲਾਂ ਹੀ ਇਸ ਸਬੰਧੀ ਆਪਣੇ ਵਿਕਰੇਤਾਵਾਂ ਨੂੰ ਜਾਣੂ ਕਰਵਾ ਦਿੱਤਾ ਹੈ। ਮਾਰਕੀਟ ਵਿੱਚ ਐਪਲ ਦੇ ਕਈ ਮਾਡਲਾਂ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਮਾਡਲਾਂ ਦੀ ਤਿੰਨ ਤੋਂ ਚਾਰ ਹਫ਼ਤਿਆਂ ਦੀ ਅਡਵਾਂਸ ਬੁਕਿੰਗ ਚੱਲ ਰਹੀ ਹੈ। ਊਰਜਾ ਦੇ ਆਏ ਇਸ ਸੰਕਟ ਨੇ ਗਲਾਸਗੋ ਵਿੱਚ ਵਾਤਾਵਰਣ ਦੇ ਮੁੱਦੇ ’ਤੇ ਚੱਲ ਰਹੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਤਾਵਰਣ ਸਬੰਧੀ ਹੋਈ ਪੈਰਿਸ ਸੰਧੀ ਦੇ ਚੱਲਦਿਆਂ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਇਹ ਸੰਕਲਪ ਲਿਆ ਗਿਆ ਸੀ ਕਿ 2050 ਤੱਕ ਇਨ੍ਹਾਂ ਹਾਨੀਕਾਰਕ ਗੈਸਾਂ ਦੇ ਵਾਤਾਵਰਣ ਵਿੱਚ ਹੋ ਰਹੇ ਨਿਕਾਸ ਨੂੰ ਜ਼ੀਰੋ ਪ੍ਰਤੀਸ਼ਤ ’ਤੇ ਲਿਆਂਦਾ ਜਾਵੇਗਾ, ਪਰ ਦੁਨੀਆ ਵਿੱਚ ਆਏ ਇਸ ਊਰਜਾ ਸੰਕਟ ਨੇ ਇਨ੍ਹਾਂ ਟੀਚਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੁਨੀਆ ਭਰ ਵਿੱਚ ਅੱਜ ਵੀ ਬਿਜਲੀ ਦੀ 63 ਫੀਸਦੀ ਤੋਂ ਵੱਧ ਪੈਦਾਵਾਰ ਕੋਲੇ ਰਾਹੀਂ ਪੂਰੀ ਕੀਤੀ ਜਾ ਰਹੀ ਹੈ। ਜੈਵਿਕ ਬਾਲਣਾਂ ਵਿੱਚ ਵਾਤਾਵਰਣ ਵਿੱਚ ਸਭ ਤੋਂ ਵੱਧ ਕਾਰਬਨ ਗੈਸਾਂ ਦਾ ਨਿਕਾਸ ਕੋਲੇ ਕਾਰਨ ਹੁੰਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਸਦੀ ਦੇ ਅੰਤ ਤੱਕ ਮਿੱਥੇ ਟੀਚੇ ਨੂੰ ਸਰ ਕਰਨਾ ਹੈ ਤਾਂ ਦੁਨੀਆ ਭਰ ਵਿੱਚ ਮੌਜੂਦਾ ਖ਼ਤਰਨਾਕ ਗੈਸਾਂ ਦੇ ਰਿਸਾਵ ਨੂੰ ਇਸ ਦਹਾਕੇ ਦੇ ਅੰਤ ਤੱਕ ਅੱਧ ਵਿੱਚ ਲੈ ਕੇ ਆਉਣਾ ਪਵੇਗਾ। ਚਾਹੇ ਯੂਰਪ ਵਿੱਚ ਕਈ ਦੇਸ਼ਾਂ ਨੇ ਆਪਣੀ ਨਿਰਭਰਤਾ ਕੋਲੇ ਤੋਂ ਕਾਫ਼ੀ ਘਟਾ ਦਿੱਤੀ ਹੈ, ਪਰ ਚੀਨ ਤੇ ਭਾਰਤ ਅੱਜ ਵੀ ਕੋਲੇ ਨੂੰ ਵੱਡੀ ਮਾਤਰਾ ਵਿੱਚ ਵਰਤ ਰਹੇ ਹਨ। ਚੀਨ ਵੱਲੋਂ ਚਾਹੇ ਇਹ ਯਕੀਨ ਦਿਵਾਇਆ ਗਿਆ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕੋਲੇ ਤੋਂ ਬਿਜਲੀ ਉਤਪਾਦਨ ਦੇ ਨਵੇਂ ਪਲਾਂਟਾਂ ’ਤੇ ਕਰਜ਼ੇ ਦੇਣ ’ਤੇ ਰੋਕ ਲਗਾ ਦੇਵੇਗਾ, ਪਰ ਅੱਜ ਵੀ ਚੀਨ ਬਾਕੀ ਸਾਰੀ ਦੁਨੀਆ ਦੇ ਮੁਕਾਬਲੇ ਇਕੱਲਾ ਕੋਲੇ ਦੀ ਵੱਧ ਖਪਤ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਲਾ ਲਗਭਗ 3000 ਸਾਲ ਪਹਿਲਾਂ ਪਹਿਲੀ ਵਾਰ ਚੀਨ ਵਿੱਚ ਹੀ ਲੱਭਿਆ ਗਿਆ ਸੀ ਤੇ ਉਮੀਦ ਹੈ ਕਿ ਕੋਲੇ ਦੀ ਵਰਤੋਂ ਨੂੰ ਰੋਕਣ ਵਾਲਾ ਉਹ ਆਖਰੀ ਦੇਸ਼ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਖਾੜੀ ਦੇ ਤੇਲ ਉਤਪਾਦਕ ਦੇਸ਼ਾਂ ਨੂੰ ਤੇਲ ਦੀ ਪੈਦਾਵਾਰ ਵਧਾਉਣ ਦੀ ਕੀਤੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਹਾਲ ਹੀ ਵਿੱਚ ਤੇਲ ਉਤਪਾਦਕ ਖਾੜੀ ਮੁਲਕਾਂ ਦੀ ਹੋਈ ਮੀਟਿੰਗ ਵਿੱਚ ਇਨ੍ਹਾਂ ਦੇਸ਼ਾਂ ਨੇ ਦੋਸ਼ ਲਾਇਆ ਕਿ ਊਰਜਾ ਦਾ ਪੈਦਾ ਹੋਇਆ ਇਹ ਸੰਕਟ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਦਾ ਹੀ ਹੈ ਨਾ ਕਿ ਉਨ੍ਹਾਂ ਦਾ। ਅਜਿਹੇ ਵਿੱਚ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਇਸ ਸੰਕਟ ਵਿੱਚੋਂ ਬਾਹਰ ਨਿਕਲਣ ਲਈ ਰਾਹ ਆਪ ਹੀ ਲੱਭਣਾ ਪੈਣਾ ਹੈ। ਤੇਲ, ਕੋਲੇ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਵਾਧਾ ਦੁਨੀਆ ਦੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਖਲੋਣ ਵਿੱਚ ਰੋੜਾ ਬਣਦਾ ਜਾ ਰਿਹਾ ਹੈ। ਅਜਿਹੇ ਵਿੱਚ ਆਰਥਿਕ ਮਾਹਿਰਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕਰੋਨਾ ਮਹਾਮਾਰੀ ਤੋਂ ਉੱਭਰ ਰਿਹਾ ਵਿਸ਼ਵ ਦੁਬਾਰਾ ਕਿਸੇ ਵੱਡੇ ਵਿੱਤੀ ਸੰਕਟ ਵਿੱਚ ਨਾ ਫਸ ਜਾਵੇ।
ਜਤਿੰਦਰ ਚੀਮਾ , ਸੰਪਰਕ: 403-629-3577