ਚੀਨ ‘ਚ ਹੁਣ 3 ਬੱਚੇ ਪੈਦਾ ਕਰ ਸਕਣਗੇ ਵਿਆਹੇ ਜੋੜੇ

0
248

ਈਚਿੰਗ(-ਪੀਟੀਆਈ) : ਚੀਨ ਵਿਚ ਕਾਬਜ਼ ਧਿਰ ਕਮਿਊਨਿਸਟ ਪਾਰਟੀ ਨੇ ਅੱਜ ਸਿਰਫ਼ ਦੋ ਹੀ ਬੱਚੇ ਪੈਦਾ ਕਰਨ ਵਾਲੀ ਸਖ਼ਤ ਨੀਤੀ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਛੋਟ ਤਹਿਤ ਹੁਣ ਵਿਆਹੇ ਜੋੜੇ ਤਿੰਨ ਬੱਚੇ ਪੈਦਾ ਕਰ ਸਕਣਗੇ। ਹਾਲ ਹੀ ਵਿਚ ਸਾਹਮਣੇ ਆਏ ਅੰਕੜਿਆਂ ਵਿਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਵਿਚ ਜਨਮ ਦਰ ਘਟਣ ਦੀ ਗੱਲ ਸਾਹਮਣੇ ਆਈ ਜਿਸ ਤੋਂ ਬਾਅਦ ਇਹ ਵੱਡਾ ਨੀਤੀਗਤ ਬਦਲਾਅ ਕੀਤਾ ਗਿਆ ਹੈ। ਸਾਲ 2016 ਵਿਚ ਦਹਾਕੇ ਪੁਰਾਣੀ ਇਕ ਬੱਚੇ ਵਾਲੀ ਨੀਤੀ ਨੂੰ ਰੱਦ ਕਰ ਕੇ ਚੀਨ ਨੇ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। ਚੀਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਕ ਬੱਚੇ ਵਾਲੀ ਨੀਤੀ ਤਿੰਨ ਦਹਾਕਿਆਂ ਲਈ ਲਾਗੂ ਹੋਈ ਸੀ, ਜਿਸ ਨਾਲ ਕਰੀਬ 40 ਕਰੋੜ ਦੀ ਆਬਾਦੀ ਨੂੰ ਨੱਥ ਪਾਈ ਜਾ ਸਕੀ।
ਦਹਾਕੇ ਵਿਚ ਇਕ ਵਾਰ ਹੋਣ ਵਾਲੀ ਮਰਦਮਸ਼ੁਮਾਰੀ ਦੀ ਰਿਪੋਰਟ ਇਸੇ ਮਹੀਨੇ ਸਾਹਮਣੇ ਆਈ ਜਿਸ ਵਿਚ ਇਹ ਗੱਲ ਦੇਖਣ ਨੂੰ ਮਿਲੀ ਕਿ ਚੀਨ ਦੀ ਆਬਾਦੀ 1.41 ਅਰਬ ਤੱਕ ਸਭ ਤੋਂ ਘੱਟ ਰਫ਼ਤਾਰ ਨਾਲ ਵਧੀ ਜਦੋਂਕਿ ਅਧਿਕਾਰੀਆਂ ਦਾ ਅਨੁਮਾਨ ਸੀ ਕਿ ਇਹ ਨਿਘਾਰ ਅਗਲੇ ਸਾਲ ਦੇ ਸ਼ੁਰੂ ਵਿਚ ਨਜ਼ਰ ਆਵੇਗਾ। ਉਪਰੰਤ ਮਗਰੋਂ ਇਹ ਤੀਜਾ ਬੱਚਾ ਪੈਦਾ ਕਰਨ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਗਿਆ। ਮਰਦਮਸ਼ੁਮਾਰੀ ਦੇ ਨਵੇਂ ਅੰਕੜਿਆਂ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਚੀਨ ਵਿਚ ਆਬਾਦੀ ਸਬੰਧੀ ਸੰਕਟ ਡੂੰਘਾ ਹੋ ਸਕਦਾ ਹੈ ਕਿਉਂਕਿ ਦੇਸ਼ ਵਿਚ 60 ਸਾਲ ਤੋਂ ਉੱਪਰ ਦੀ ਆਬਾਦੀ 26.4 ਕਰੋੜ ਤੱਕ ਪਹੁੰਚ ਗਈ ਹੈ ਜੋ ਕਿ ਪਿਛਲੇ ਸਾਲ ਨਾਲੋਂ 18.7 ਫ਼ੀਸਦ ਵਧੀ ਹੈ। ਇਸ ਨਾਲ ਦੇਸ਼ ਵਿਚ ਕੰਮ ਕਰਨ ਵਾਲਿਆਂ ਦੀ ਭਾਰੀ ਕਮੀ ਪੇਸ਼ ਆ ਸਕਦੀ ਹੈ ਜਿਸ ਨੂੰ ਧਿਆਨ ਵਿਚ ਰੱਖ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਚੀਨ ਦੀ ਕਮਿਊਨਿਸਟ ਪਾਰਟੀ ਨੇ ਤੀਜਾ ਬੱਚਾ ਪੈਦਾ ਕਰਨ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਹੈ।
ਰਾਸ਼ਟਰਪਤੀ ਸ਼ੀ ਦੀ ਪ੍ਰਧਾਨਗੀ ਹੇਠ ਹੋਈ ਸੀਪੀਸੀ ਦੀ ਪੋਲਿਟ ਬਿਊਰੋ ਦੀ ਮੀਟਿੰਗ ਵਿਚ ਲਏ ਗਏ ਫ਼ੈਸਲੇ ਦਾ ਹਵਾਲਾ ਦਿੰਦਿਆਂ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਖ਼ਬਰ ਚਲਾਈ ਹੈ ਕਿ ਤੀਜਾ ਬੱਚਾ ਪੈਦਾ ਕਰਨ ਦੇ ਇੱਛੁਕ ਜੋੜਿਆਂ ਦਾ ਚੀਨੀ ਸਰਕਾਰ ਸਮਰਥਨ ਕਰੇਗੀ। ਮੀਟਿੰਗ ਵਿਚ ਲੰਬੇ ਸਮੇਂ ਲਈ ਆਬਾਦੀ ਵਿਕਾਸ ਦਰ ਨੂੰ ਸੰਤੁਲਿਤ ਰੱਖਣ ਵਾਸਤੇ ਜਨਮ ਦਰ ਸੁਧਾਰਨ ਸਬੰਧੀ ਨੀਤੀ ਨੂੰ ਉਤਸ਼ਾਹਿਤ ਕਰਨ ਦੇ ਫ਼ੈਸਲੇ ਦੀ ਸਮੀਖਿਆ ਵੀ ਕੀਤੀ ਗਈ।
ਇਕ ਅਧਿਕਾਰੀ ਨੇ ਆਬਾਦੀ ਸਬੰਧੀ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਚੀਨ ਦੀ ਆਬਾਦੀ ਵਿਚ ਕੰਮਕਾਜੀ ਉਮਰ ਵਰਗ 15 ਤੋਂ 59 ਸਾਲ ਦੀ ਹਿੱਸੇਦਾਰੀ 63.3 ਫ਼ੀਸਦ ਹੈ ਜੋ ਇਕ ਦਹਾਕੇ ਪਹਿਲਾਂ 70.1 ਫ਼ੀਸਦ ਸੀ। ਉੱਥੇ ਹੀ 65 ਸਾਲ ਤੇ ਵੱਧ ਉਮਰ ਵਰਗ ਦੇ ਲੋਕਾਂ ਦੀ ਗਿਣਤੀ ਵਧੀ ਹੈ। ਸਾਲ 2019 ਦੇ ਮੁਕਾਬਲੇ ਪਿਛਲੇ ਸਾਲ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ ਅਤੇ ਇਹ 1.2 ਕਰੋੜ ਹੈ।