ਇਸੇ ਸਾਲ ਹੀ ਹੋ ਸਕਦੀਆਂ ਲੋਕ ਸਭਾ ਚੋਣਾਂ!!

0
627

ਨਵੀਂ ਦਿੱਲੀ: ਲੋਕ ਸਭਾ ਚੋਣਾਂ ਇਸੇ ਸਾਲ ਦਸੰਬਰ ਵਿੱਚ ਹੋ ਸਕਦੀਆਂ ਹਨ। ਇਸ ਦਾ ਮੀਡੀਆ ਵਿੱਚ ਚਰਚਾ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਈਆਂ ਜਾਂਦੀਆਂ ਹਨ ਤਾਂ ਚੋਣ ਕਮਿਸ਼ਨ ਇਕੱਠੇ ਦਸੰਬਰ ਵਿੱਚ ਕਰਵਾਉਣ ਦੇ ਸਮਰੱਥ ਹੈ। ਰਾਵਤ ਨੇ ਕਿਹਾ ਕਿ ਇਸ ਲਈ ਜ਼ਰੂਰੀ 17.5 ਲੱਖ ਵਿੱਚੋਂ 1.5 ਲੱਖ ਵੀਵੀਪੈਟ ਮਸ਼ੀਨਾ ਕਮਿਸ਼ਨ ਨੂੰ ਨਵੰਬਰ ਦੇ ਅੰਤ ਤਕ ਮਿਲਣਗੀਆਂ।

ਰਾਵਤ ਨੇ ਇਹ ਟਿੱਪਣੀ ਇਸ ਸਵਾਲ ‘ਤੇ ਦਿੱਤੀ ਕਿ ਜੇਕਰ ਲੋਕ ਸਭਾ ਚੋਣਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਨਾਲ ਦਸੰਬਰ ਵਿੱਚ ਹੀ ਕਰਵਾਈਆਂ ਜਾਣ ਤਾਂ ਕੀ ਚੋਣ ਕਮਿਸ਼ਨ ਇਸ ਲਈ ਤਿਆਰ ਹੈ ਤਾਂ ਉਨ੍ਹਾਂ ਕਿਹਾ ਕਿ ਕਿਉਂ ਨਹੀਂ, ਇਸ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।

ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ 15 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ ਜਦਕਿ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਧਾਨ ਸਭਾਵਾਂ ਦਾ ਕਾਰਜਕਾਲ ਕ੍ਰਮਵਾਰ ਪੰਜ ਜਨਵਰੀ 2019, ਸੱਤ ਜਨਵਰੀ 2019 ਤੇ 20 ਜਨਵਰੀ 2019 ਨੂੰ ਖ਼ਤਮ ਹੋਣ ਜਾ ਰਿਹਾ ਹੈ।

ਉਂਝ, ਲੋਕ ਸਭਾ ਚੋਣਾਂ ਮਈ 2019 ਵਿੱਚ ਹੋ ਸਕਦੀਆਂ ਹਨ ਪਰ ਮੋਦੀ ਸਰਕਾਰ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠੀਆਂ ਕਰਵਾਉਣ ਲਈ ਬਜ਼ਿੱਦ ਹੈ। ਇਸ ‘ਤੇ ਹੁਣ ਚੋਣ ਕਮਿਸ਼ਨ ਨੇ ਵੀ ਹਰੀ ਝੰਡੀ ਦਿੰਦਿਆਂ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਪਹਿਲਾਂ ਕਰਵਾਈਆਂ ਜਾਂਦੀਆਂ ਹਨ ਤਾਂ ਉਹ ਤਿਆਰ ਹਨ। ਚੋਣ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਵੀਵੀਪੈਟ ਮਸ਼ੀਨਾਂ ਮਿਲਣ ਤੋਂ ਬਾਅਦ ਇਨ੍ਹਾਂ ਦੀ ਜਾਂਚ ਮੁਢਲੇ ਪੱਧਰ ‘ਤੇ ਕੀਤੀ ਜਾਵੇਗੀ ਤੇ ਚੋਣਾਂ ਤਕ ਛੋਟੀਆਂ ਮੋਟੀਆਂ ਦਿੱਕਤਾਂ ਦੂਰ ਕਰ ਦਿੱਤੀਆਂ ਜਾਣਗੀਆਂ।