ਮੋਬਾਈਲ ਰਾਹੀਂ ਪਲ-ਪਲ ਹੋ ਰਹੀ ਤੁਹਾਡੀ ਜਾਸੂਸੀ

0
324

ਚੰਡੀਗੜ੍ਹ: ਇਹ ਜਾਣ ਕੇ ਹੈਰਾਨੀ ਹੋਏਗੀ ਕਿ ਗੂਗਲ ਨੂੰ ਤੁਹਾਡੇ ਫੋਨ ’ਤੇ ਕੀਤੇ ਹਰ ਕੰਮ ਬਾਰੇ ਪਲ-ਪਲ ਦੀ ਖਬਰ ਰਹਿੰਦੀ ਹੈ। ਭਾਵੇਂ ਤੁਸੀਂ ਆਪਣੇ ਫੋਨ ’ਤੇ ਕਿੰਨੀ ਵੀ ਪ੍ਰਾਈਵੇਸੀ ਕਿਉਂ ਨਾ ਲਾਈ ਹੋਏ। ਐਸੋਸੀਏਟ ਪ੍ਰੈੱਸ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਹੈ ਕਿ ਗੂਗਲ ਸੇਵਾਵਾਂ ਆਈਫੋਨਜ਼ ਤੇ ਐਂਡਰਾਇਡ ਡਿਵਾਈਸਿਜ਼ ’ਤੇ ਤੁਹਾਡੀ ਲੋਕੇਸ਼ਨ ਦਾ ਹਰ ਡੇਟਾ ਰਿਕਾਰਡ ਕਰਦੀਆਂ ਹਨ ਭਾਵੇਂ ਤੁਸੀਂ ਗੂਗਲ ਨੂੰ ਅਜਿਹਾ ਨਾ ਕਰਨ ਲਈ ਪ੍ਰਾਈਵੇਸੀ ਹੀ ਕਿਉਂ ਨਾ ਲਾਈ ਹੋਏ। ਖਬਰ ਏਜੰਸੀ ਏਪੀ ਦੀ ਅਪੀਲ ’ਤੇ ਪ੍ਰਿੰਸਟਨ ਵਿੱਚ ਕੰਪਿਊਟਰ ਸਾਇੰਸ ਦੇ ਖੋਜਕਾਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਜ਼ਿਆਦਾਤਰ ਕੇਸਾਂ ਵਿੱਚ ਗੂਗਲ ਲੋਕੇਸ਼ਨ ਬਾਰੇ ਕੁਝ ਰਿਕਾਰਡ ਕਰਨ ਲਈ ਪਹਿਲਾਂ ਯੂਜ਼ਰ ਦੀ ਇਜਾਜ਼ਤ ਬਾਰੇ ਪੁੱਛਦਾ ਹੈ। ਮਿਸਾਲ ਵਜੋਂ ਜੇ ਤੁਸੀਂ ਨੈਵੀਗੇਸ਼ਨ ਲਈ ਗੂਗਲ ਮੈਪ ਵਰਤਣਾ ਹੈ ਤਾਂ ਇਹ ਯੂਜ਼ਰ ਦੀ ਲੋਕੇਸ਼ਨ ਐਕਸੈੱਸ ਕਰਨ ਲਈ ਪਹਿਲਾਂ ਉਸ ਨੂੰ ਇੱਕ ਰਿਮਾਇੰਡਰ ਮੈਸੇਜ ਦਏਗਾ। ਇਜਾਜ਼ਤ ਮਿਲਣ ਬਾਅਦ ਹੀ ਯੂਜ਼ਰ ਦੀ ਹਰ ਮੂਵਮੈਂਟ ’ਤੇ ਨਜ਼ਰ ਰੱਖਦਿਆਂ ਉਸ ਨੂੰ ਰਿਕਾਰਡ ਕਰੇਗਾ ਜਿਸ ਦੀ ਹਿਸਟਰੀ ਮੈਪ ਦੀ ‘ਟਾਈਮਲਾਈਨ’ ’ਤੇ ਜਾ ਕੇ ਵੇਖੀ ਜਾ ਸਕਦੀ ਹੈ।

ਕੰਪਨੀ ਦੀ ਸੁਵਿਧਾ ਮੁਤਾਬਕ ਕਿਸੇ ਵੀ ਐਂਡਰੌਇਡ ਡਿਵਾਇਸ ਦੀ ਲੋਕੇਸ਼ਨ ਹਿਸਟਰੀ ਬੰਦ ਕਰਨ ਬਾਅਦ ਉਹ ਉਸ ਡਿਵਾਇਸ ਦੀ ਲੋਕੇਸ਼ਨ ਮੂਵਮੈਂਟ ਦਾ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਰੱਖਣ ਦੇ ਅਸਮਰਥ ਹੋ ਜਾਂਦੀ ਹੈ, ਪਰ ਉਕਤ ਖੋਜ ਮੁਤਾਬਕ ਇਹ ਗਲਤ ਹੈ। ਲੋਕੇਸ਼ਨ ਹਿਸਟਰੀ ਬੰਦ ਜਾਂ ਪੌਜ਼ ਕਰਨ ਦੇ ਬਾਵਜੂਦ ਕੁਝ ਗੂਗਲ ਐਪਜ਼ ਯੂਜ਼ਰ ਦੀ ਇਜਾਜ਼ਤ ਲਏ ਬਗੈਰ ਉਸ ਦੀ ਹਰ ਹਰਕਤ ’ਤੇ ਨਿਗ੍ਹਾ ਰੱਖਦੀਆਂ ਹਨ।

ਉਦਾਹਰਨ ਵਜੋਂ ਗੂਗਲ ਜਦੋਂ ਤੁਸੀਂ ਗੂਗਲ ਮੈਪ ਵਰਤ ਰਹੇ ਹੁੰਦੇ ਹੋ ਤਾਂ ਗੂਗਲ ਇਸ ਦੌਰਾਨ ਤੁਹਾਡੀ ਲੋਕੇਸ਼ਨ ਦੇ ਸਨੈਪਸ਼ੌਟ ਰਿਕਾਰਡ ਕਰ ਲੈਂਦਾ ਹੈ। ਇਸ ਤੋਂ ਇਲਾਵਾ ਐਂਡਰੌਇਡ ਫੋਨਾਂ ’ਤੇ ਰੋਜ਼ਾਨਾ ਆਟੋਮੈਟਿਕ ਵੈਦਰ ਅਪਡੇਟ (ਮੌਸਮ ਬਾਰੇ ਜਾਣਕਾਰੀ) ਵੀ ਯੂਜ਼ਰ ਦੀ ਲੋਕੇਸ਼ਨ ਦਾ ਅੰਦਾਜ਼ਾ ਲਾ ਲੈਂਦੀ ਹੈ ਕਿ ਯੂਜ਼ਰ ਕਿਸ ਜਗ੍ਹਾ ’ਤੇ ਮੌਜੂਦ ਹੈ। ਉਸ ਨੂੰ ਉਸੇ ਸਬੰਧਤ ਥਾਂ ਦੇ ਮੌਸਮ ਦੀ ਜਾਣਕਾਰੀ ਉਸ ਦੇ ਐਂਡਰੌਇਡ ਫੋਨ ਦੀ ਸਕਰੀਨ ’ਤੇ ਦਿਖਾਈ ਦਿੰਦੀ ਹੈ।

ਰਿਸਰਚਰਾਂ ਮੁਤਾਬਕ ਪ੍ਰਾਈਵੇਸੀ ਇਸ਼ੂ ਨਾਲ ਗੂਗਲ ਦਾ ਐਂਡਰੌਇਡ ਆਪਰੇਟਿੰਗ ਸਾਫਟਵੇਅਰ ਵਰਤਣ ਵਾਲੇ ਕਰੀਬ 2 ਬਿਲੀਅਨ ਯੂਜ਼ਰਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਆਲਮੀ ਪੱਧਰ ’ਤੇ ਅਜਿਹੇ ਹੀ ਸੈਂਕੜੇ ਮਿਲੀਅਨ ਆਈਫੋਨ ਵਰਤਣ ਵਾਲੇ ਲੋਕ ਹਨ ਜੋ ਗੂਗਲ ਦੇ ਮੈਪ ਜਾਂ ਸਰਚ ਇੰਜਨ ’ਤੇ ਭਰੋਸਾ ਕਰਦੇ ਹਨ।