ਆਨਲਾਈਨ ਖੇਡਾਂ ”ਤੇ ਪਾਬੰਦੀ ਲਗਾਵੇਗਾ ਚੀਨ

0
438

ਬੀਜਿੰਗ-ਚੀਨ ਸਰਕਾਰ ਨੇ ਬੱਚਿਆਂ ਨੂੰ ਮਾਯੋਪੀਆ (ਦੂਰ ਦੀ ਨਜ਼ਰ ਕਮਜ਼ੋਰ ਹੋਣਾ) ਤੋਂ ਬਚਾਉਣ ਲਈ ਦੇਸ਼ ‘ਚ ਆਨਲਾਈਨ ਖੇਡਾਂ ਦੀ ਗਿਣਤੀ ਕਾਬੂ ਕਰਨ ਦਾ ਫੈਸਲਾ ਲਿਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਇਸ ਨਾਲ ਸਬੰਧਿਤ ਮਹਤੱਵਪੂਰਨ ਹਿਦਾਇਤਾਂ ਜਾਰੀ ਕੀਤੀਆਂ ਸਨ। ਇਸ ਸਬੰਧ ‘ਚ ਸ਼ੁੱਕਰਵਾਰ ਨੂੰ ਸਰਕਾਰ ਦੇ ਐਲਾਨ ਤੋਂ ਬਾਅਦ ਵੀਡੀਓ ਗੇਮ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਵੇਖੀ ਗਈ। ਸਰਕਾਰ ਦੇ ਇਸ ਕਦਮ ਨੂੰ ਦੇਸ਼ ‘ਚ ਤੇਜ਼ੀ ਨਾਲ ਵੱਧ ਰਹੀ ਵੀਡੀਓ ਗੇਮ ਇੰਡਸਟਰੀ ਤੇ ਪਾਬੰਦੀ ਲਾਉਣ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਸਰਕਾਰ ਨੇ ਪਹਿਲਾਂ ਹੀ ਨਵੀਂਆਂ ਆਨਲਾਈਨ ਗੇਮਾਂ ਦੇ ਲਾਇਸੈਂਸ ਦੇਣਾ ਬੰਦ ਕਰ ਦਿੱਤਾ ਹੈ। ਬੀਤੇ ਫਰਵਰੀ ਮਹੀਨੇ ਤੋਂ ਕਿਸੇ ਵੀ ਘਰੇਲੂ ਕੰਪਨੀ ਨੂੰ ਨਵੀਂ ਗੇਮ ਲਈ ਕੋਈ ਟਾਇਟਲ ਜਾਰੀ ਨਹੀਂ ਕੀਤਾ ਗਿਆ ਹੈ। 8 ਵੱਖ-ਵੱਖ ਮੰਤਰਾਲਿਆਂ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਇੰਟਰਨੈੱਟ ਗੇਮ ਦੀ ਗਿਣਤੀ ਦੇ ਨਾਲ ਹੀ ਨਵੀਆਂ ਖੇਡਾਂ ਦੇ ਟਾਇਟਲ ਵੀ ਕਾਬੂ ਕਰੇਗਾ। ਨਵੀਂ ਵਿਵਸਧਾ ‘ਚ ਬੱਚਿਆਂ ਵੱਲੋਂ ਗੇਮ ਖੇਡਣ ‘ਚ ਬਿਤਾਉਣ ਵਾਲੇ ਸਮੇਂ ਨੂੰ ਸੀਮਿਤ ਕਰਨ ਦੇ ਵੀ ਕਦਮ ਚੁੱਕੇ ਜਾਣਗੇ।