ਅੱਜ ਸ਼ਹੀਦੀ ਦਿਵਸ ਤੇ ਵਿਸ਼ੇਸ: ਦੇਸ਼ ਦੀ ਅਣਖ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ

0
532

ਅਮਰ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਟਹਿਲ ਸਿੰਘ ਕੰਬੋਜ ਅਤੇ ਮਾਤਾ ਦਾ ਨਾਂ ਨਾਰਾਇਣੀ ਸੀ। ਊਧਮ ਸਿੰਘ ਜਦੋਂ ਸਿਰਫ਼ 2 ਸਾਲ ਦੇ ਸਨ ਤਾਂ ਮਾਂ ਅਤੇ 7 ਸਾਲ ਦੀ ਉਮਰ ਵਿਚ ਪਿਤਾ ਦਾ ਸਾਇਆ ਸਿਰ ਤੋਂ ਚੁੱਕਿਆ ਗਿਆ। ਛੋਟੇ ਭਰਾ ਸਾਧੂ ਸਿੰਘ ਦੀ ਵੀ ਬਿਮਾਰੀ ਕਾਰਨ ਮੌਤ ਹੋ ਗਈ। ਉਹ ਇਸ ਜਹਾਨ ‘ਚ ਇਕੱਲੇ ਰਹਿ ਗਏ। ਉਨ੍ਹਾਂ ਦਾ ਪਾਲਣ-ਪੋਸ਼ਣ ਖ਼ਾਲਸਾ ਕੇਂਦਰੀ ਅਨਾਥ ਆਸ਼ਰਮ ਅੰਮ੍ਰਿਤਸਰ ‘ਚ ਹੋਇਆ ਜਿੱਥੇ ਰਹਿੰਦਿਆਂ ਉਨ੍ਹਾਂ ਨੇ 10ਵੀਂ ਜਮਾਤ ਪਾਸ ਕੀਤੀ ਅਤੇ ਅੰਗਰੇਜ਼ੀ, ਹਿੰਦੀ, ਪੰਜਾਬੀ ਤੇ ਉਰਦੂ ਭਾਸ਼ਾਵਾਂ ਵਿਚ ਮੁਹਾਰਤ ਹਾਸਲ ਕੀਤੀ। ਸ਼ਹੀਦ ਊਧਮ ਸਿੰਘ ਦੀ ਸ਼ਖ਼ਸੀਅਤ, ਵਿਚਾਰਧਾਰਾ ਅਤੇ ਕ੍ਰਾਂਤੀਕਾਰੀ ਚਿੰਤਨ ‘ਤੇ ਉਨ੍ਹਾਂ ਦੇ ਥੁੜ੍ਹਾਂ ਮਾਰੇ ਬਚਪਨ, ਸੰਘਰਸ਼ਮਈ ਜੀਵਨ, ਭਾਰਤੀ ਜਨਤਾ ਦੀ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਬ੍ਰਿਟਿਸ਼ ਸਾਮਰਾਜਵਾਦੀ ਸ਼ਾਸਨ ਵੱਲੋਂ ਭਾਰਤੀ ਸੰਸਥਾਵਾਂ ਦੀ ਲੁੱਟ ਅਤੇ ਸ਼ੋਸ਼ਣ, ਭਾਰਤੀ ਜਨਤਾ ‘ਤੇ ਕੀਤੇ ਜਾਣ ਵਾਲੇ ਅੱਤਿਆਚਾਰ, ਪ੍ਰਸਿੱਧ ਕ੍ਰਾਂਤੀਕਾਰੀਆਂ ਦੇ ਵਿਚਾਰਾਂ ਅਤੇ ਕੁਰਬਾਨੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਊਧਮ ਸਿੰਘ ਦੇ ਚਿੰਤਨ, ਸ਼ਖ਼ਸੀਅਤ ਅਤੇ ਵਿਚਾਰਧਾਰਾ ‘ਤੇ ਅਮਿੱਟ ਛਾਪ ਜਲਿਆਂਵਾਲਾ ਬਾਗ਼ ਹੱਤਿਆਕਾਂਡ (13 ਅਪ੍ਰੈਲ 1919) ਨੇ ਛੱਡੀ।

ਇਸ ਘਟਨਾ ਕਾਰਨ ਊਧਮ ਸਿੰਘ ਦੇ ਦਿਲ ਵਿਚ ਕ੍ਰਾਂਤੀ ਦੀ ਅੱਗ ਹੋਰ ਤੇਜ਼ ਹੋ ਕੇ ਬਲਣ ਲੱਗੀ। ਦੇਸ਼ ਪ੍ਰੇਮ, ਤਿਆਗ, ਕੁਰਬਾਨੀ, ਆਤਮ-ਵਿਸ਼ਵਾਸ, ਚੱਟਾਨ ਵਰਗੇ ਇਰਾਦੇ ਨਾਲ ਭਾਰਤ ਮਾਤਾ ਦੇ ਚਰਨਾਂ ਵਿਚ ਜੀਵਨ ਵਾਰ ਦੇਣ ਦਾ ਅਟੱਲ ਫ਼ੈਸਲਾ ਵੀ ਇਸ ਘਟਨਾ ਕਾਰਨ ਹੀ ਹੋਇਆ। ਤੇਰਾਂ ਅਪ੍ਰੈਲ 1919 ਨੂੰ ਜਦੋਂ ਲੋਕ ਪੂਰੇ ਉਤਸ਼ਾਹ ਨਾਲ ਜਲਿਆਂਵਾਲਾ ਬਾਗ਼ ਵਿਚ ਵਿਸਾਖੀ ਦਾ ਪਾਵਨ ਪੁਰਬ ਮਨਾਉਣ ਲਈ ਇਕੱਠੇ ਹੋ ਰਹੇ ਸਨ ਤਾਂ 5 ਵੱਜ ਕੇ 15 ਮਿੰਟ ‘ਤੇ 20 ਹਜ਼ਾਰ ਲੋਕਾਂ ਨੂੰ ਤਿਤਰ-ਬਿਤਰ ਕਰਨ ਲਈ ਚੇਤਾਵਨੀ ਦਿੱਤੇ ਬਗੈਰ ਬ੍ਰਿਗੇਡੀਅਰ ਜਨਰਲ ਈ.ਐੱਚ. ਡਾਇਰ ਨੇ ਗੋਲ਼ੀ ਚਲਾਉਣ ਦੇ ਆਦੇਸ਼ ਦਿੱਤੇ। ਸਿਰਫ਼ ਦਸ ਮਿੰਟਾਂ ਵਿਚ 1650 ਰਾਊਂਡ ਗੋਲ਼ੀਆਂ ਚਲਾਈਆਂ ਗਈਆਂ ਅਤੇ 1506 ਲੋਕ ਮਾਰੇ ਗਏ। ਜਲਿਆਂਵਾਲਾ ਬਾਗ਼ ਹੱਤਿਆਕਾਂਡ ਨੇ ਸਾਰੇ ਭਾਰਤੀਆਂ ਦੀ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ। ਪੂਰੇ ਮੁਲਕ ਵਿਚ ਅੰਗਰੇਜ਼ਾਂ ਖ਼ਿਲਾਫ਼ ਗੁੱਸੇ ਦੀ ਲਹਿਰ ਫੁੱਟ ਪਈ। ਊਧਮ ਸਿੰਘ ਨੇ ਇਸ ਕਤਲਕਾਂਡ ਨੂੰ ਅੱਖੀਂ ਦੇਖਿਆ ਸੀ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਇਸ ਪਾਵਨ ਭਾਰਤ ‘ਚੋਂ ਅੰਗਰੇਜ਼ੀ ਸਾਮਰਾਜ ਨੂੰ ਤਬਾਹ ਕਰ ਕੇ ਹੀ ਸਾਹ ਲੈਣਗੇ ਅਤੇ ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣਗੇ। ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਊਧਮ ਸਿੰਘ ਦੀ ਜ਼ਿੰਦਗੀ ਦਾ ਮਕਸਦ ਸਿਰਫ਼ ਜਲਿਆਂਵਾਲਾ ਕਾਂਡ ਦਾ ਬਦਲਾ ਲੈਣਾ ਸੀ। ਉਹ ਸਮੁੱਚੇ ਰੂਪ ਵਿਚ ਇਕ ਇਨਕਲਾਬੀ ਸਨ। ਉਨ੍ਹਾਂ ਦਾ ਮਕਸਦ ਭਾਰਤ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਸੀ। ਇਸੇ ਮਕਸਦ ਦੇ ਨਾਲ ਉਨ੍ਹਾਂ ਗ਼ਦਰ ਪਾਰਟੀ ਦੇ ਆਗੂਆਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਥੇਬੰਦੀ ਇੰਡੀਅਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਲ ਸੰਪਰਕ ਸਾਧਿਆ ਸੀ। ਸੰਨ 1920 ‘ਚ ਊਧਮ ਸਿੰਘ ਦੱਖਣੀ ਅਫਰੀਕਾ, ਅਮਰੀਕਾ ਤੇ ਇੰਗਲੈਂਡ ਗਏ। ਅਮਰੀਕਾ ‘ਚ ਉਨ੍ਹਾਂ ਦੀ ਮੁਲਾਕਾਤ ਗ਼ਦਰ ਪਾਰਟੀ ਦੇ ਆਗੂ ਲਾਲਾ ਹਰਦਿਆਲ ਨਾਲ ਹੋਈ। ਸੰਨ 1928 ‘ਚ ਭਗਤ ਸਿੰਘ ਦੇ ਸੱਦੇ ‘ਤੇ ਜਦੋਂ ਊਧਮ ਸਿੰਘ ਭਾਰਤ ਪਰਤੇ ਤਾਂ ਲਾਹੌਰ ਪੁੱਜਣ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਚਾਰ ਸਾਲ ਜੇਲ੍ਹ ਦੀ ਸਜ਼ਾ ਹੋਈ। ਤੇਈ ਮਾਰਚ 1931 ਨੂੰ ਜਦੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਊਧਮ ਸਿੰਘ ਦੂਜੀ ਜੇਲ੍ਹ ‘ਚ ਸਨ। ਭਗਤ ਸਿੰਘ ਨੂੰ ਫਾਂਸੀ ਦੇਣ ਵਾਲੀ ਘਟਨਾ ਨੇ ਊਧਮ ਸਿੰਘ ਦੇ ਦਿਲ ‘ਚ ਬਲ਼ ਰਹੀ ਬਦਲੇ ਦੀ ਅੱਗ ਨੂੰ ਹੋਰ ਤੇਜ਼ ਕਰ ਦਿੱਤਾ। ਸੰਨ 1932 ‘ਚ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਊਧਮ ਸਿੰਘ ਨੇ ਮੁਹੰਮਦ ਸਿੰਘ ਆਜ਼ਾਦ ਦਾ ਬੋਰਡ ਲਾ ਕੇ ਅੰਮ੍ਰਿਤਸਰ ‘ਚ ਦੁਕਾਨ ਵੀ ਕੀਤੀ। ਇਹ ਨਾਂ ਭਾਰਤ ਦੀ ਰਾਸ਼ਟਰੀ ਏਕਤਾ, ਧਰਮ ਨਿਰਪੱਖਤਾ ਤੇ ਆਜ਼ਾਦੀ ਦਾ ਪ੍ਰਤੀਕ ਹੈ। ਹਾਲਾਂਕਿ ਕਈ ਲੋਕ ਉਨ੍ਹਾਂ ਦੇ ਨਾਂ ਦੇ ਅੱਗੇ ਰਾਮ ਵੀ ਲਗਾ ਦਿੰਦੇ ਹਨ ਜਦਕਿ ਅਜਿਹਾ ਨਹੀਂ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਉਦੇਸ਼ ਦੀ ਪ੍ਰਾਪਤੀ ਅਤੇ ਬਦਲੇ ਦੀ ਅੱਗ ਨੂੰ ਸ਼ਾਂਤ ਕਰਨ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ, ਰਾਸ ਬਿਹਾਰੀ ਬੋਸ, ਕ੍ਰਾਂਤੀਕਾਰੀ ਨੇਤਾ ਅਬਦੁੱਲਾ ਸਿੰਧੀ, ਰਾਜਾ ਮਹੇਂਦਰ ਪ੍ਰਤਾਪ ਨਾਲ ਰਾਬਤਾ ਕਾਇਮ ਕੀਤਾ। ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਤਿਆਰ ਯੋਜਨਾ ਦੇ ਆਧਾਰ ‘ਤੇ ਊਧਮ ਸਿੰਘ ਸੰਨ 1933 ‘ਚ ਜਰਮਨ ਜਾਣ ‘ਚ ਸਫਲ ਹੋ ਗਏ ਅਤੇ ਉੱਥੋਂ ਇੰਗਲੈਂਡ ਜਾਣ ‘ਚ ਵੀ ਸਫਲਤਾ ਹਾਸਲ ਕਰ ਲਈ। ਇੰਗਲੈਂਡ ਵਿਚ ਰਹਿੰਦੇ ਹੋਏ ਉਹ ਆਇਰਲੈਂਡ ਦੇ ਸੁਤੰਤਰਤਾ ਸੰਗਰਾਮੀਆਂ ਦੇ ਸੰਪਰਕ ਵਿਚ ਰਹੇ ਅਤੇ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਦਾ ਸਮਰਥਨ ਕਰਦੇ ਰਹੇ। ਆਖ਼ਰ ਬਦਲੇ ਦੀ ਅੱਗ ਨੂੰ ਸ਼ਾਂਤ ਕਰਨ ਦਾ ਸਮਾਂ 13 ਮਾਰਚ 1940 ਨੂੰ ਉਸ ਸਮੇਂ ਆ ਗਿਆ ਜਦੋਂ ਕੈਕਸਟਨ ਹਾਲ ‘ਚ ਇਕ ਪ੍ਰੋਗਰਾਮ ਵਿਚ ਊਧਮ ਸਿੰਘ ‘ਫਰੈਂਕ ਬ੍ਰਾਜ਼ੀਲ’ ਨਾਂ ਦਾ ਫ਼ੌਜੀ ਬਣ ਕੇ ਮੰਚ ਤੋਂ ਕੁਝ ਹੀ ਦੂਰੀ ‘ਤੇ ਪਹੁੰਚਣ ‘ਚ ਸਫਲ ਹੋ ਗਿਆ।

ਇਸ ਪ੍ਰੋਗਰਾਮ ‘ਚ ਜਿਵੇਂ ਹੀ ਮਾਈਕਲ ਓਡਵਾਇਰ ਨੇ ਭਾਰਤੀਆਂ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕੀਤਾ ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ‘ਤੇ ਛੇ ਗੋਲ਼ੀਆਂ ਦਾਗੀਆਂ। ਮਾਈਕਲ ਓਡਵਾਇਰ ਨੂੰ ਦੋ ਗੋਲ਼ੀਆਂ ਲੱਗੀਆਂ ਅਤੇ ਉਹ ਉੱਥੇ ਹੀ ਢੇਰ ਹੋ ਗਿਆ। ਲੂਈ ਡੈਨ ਅਤੇ ਲਾਰਡ ਲੈਮਿੰਗਟਨ ਜ਼ਖ਼ਮੀ ਹੋ ਗਏ ਅਤੇ ਲਾਰਡ ਜੇਟਲੈਂਡ ਨੂੰ ਵੀ ਦੋ ਗੋਲ਼ੀਆਂ ਲੱਗੀਆਂ ਪਰ ਉਹ ਬਚ ਗਿਆ। ਊਧਮ ਸਿੰਘ ਦੇ ਕੋਲ ਹੋਰ ਗੋਲ਼ੀਆਂ ਵੀ ਸਨ। ਜੇਕਰ ਉਹ ਚਾਹੁੰਦਾ ਤਾਂ ਹੋਰਾਂ ਨੂੰ ਵੀ ਮਾਰ ਸਕਦਾ ਸੀ ਜਾਂ ਨੱਠ ਸਕਦਾ ਸੀ ਪਰ ਉਸ ਨੇ ਆਪਣੇ-ਆਪ ਨੂੰ ਇਹ ਕਹਿੰਦੇ ਹੋਏ ਪੁਲਿਸ ਹਵਾਲੇ ਕਰ ਦਿੱਤਾ ਕਿ ਉਸ ਨੇ ਮਾਈਕਲ ਨੂੰ ਮਾਰਿਆ ਹੈ। ਇਸ ਘਟਨਾ ਦੀ ਮਿੱਤਰ ਦੇਸ਼ਾਂ ਨੇ ਆਲੋਚਨਾ ਕੀਤੀ ਅਤੇ ਕਈ ਹੋਰਾਂ ਨੇ ਪ੍ਰਸ਼ੰਸਾ ਕੀਤੀ। ਭਾਰਤ ਦੇ ਇਸ ਯੁੱਗ ਪੁਰਸ਼ ਨੂੰ 31 ਜੁਲਾਈ 1940 ਨੂੰ ਇੰਗਲੈਂਡ ‘ਚ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਦੇ ਭਾਰਤੀ ਹਮੇਸ਼ਾ ਕਰਜ਼ਦਾਰ ਰਹਿਣਗੇ। ਇਨ੍ਹਾਂ ਸ਼ਹੀਦਾਂ ਨੇ ਧਰਮ, ਜਾਤ, ਫਿਰਕੂ ਜਾਂ ਖੇਤਰੀ ਵਲਗਣਾਂ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਨੂੰ ਮੁਲਕ ਤੋਂ ਵਾਰ ਦਿੱਤਾ। ##### -ਡਾ. ਰਾਮਜੀ ਲਾਲ