ਅੱਜ ਭਾਰਤ ਦੀ ਸ਼ਾਨ ਬਣੀ ਕਬੱਡੀ ਖਿਡਾਰਨ, ਕਦੇ ਢਾਬੇ ‘ਤੇ ਲਾਉਂਦੀ ਸੀ ਝਾੜੂ

0
659

ਨਵੀਂ ਦਿੱਲੀ: ਕਵਿਤਾ ਠਾਕੁਰ ਭਾਰਤੀ ਮਹਿਲਾ ਕਬੱਡੀ ਟੀਮ ਦੀ ਖਿਡਾਰਨ ਹੈ ਜੋ ਮਨਾਲੀ ਤੋਂ 6 ਕਿਲੋਮੀਟਰ ਦੂਰ ਪਿੰਡ ਜਗਤਸੁਖ ਦੇ ਢਾਬੇ ‘ਚ ਰਹਿੰਦੀ ਸੀ। 24 ਸਾਲਾ ਇਸ ਖਿਡਾਰਨ ਨੇ ਸਾਲ 2014 ‘ਚ ਏਸ਼ੀਅਨ ਖੇਡਾਂ ‘ਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਕਵਿਤਾ ਦਾ ਬਚਪਨ ਭਾਂਡੇ ਮਾਂਜਣ ਤੇ ਝਾੜੂ ਲਾਉਣ ‘ਚ ਬੀਤਿਆ ਕਿਉਂਕਿ ਕਵਿਤਾ ਦੇ ਮਾਤਾ-ਪਿਤਾ ਢਾਬੇ ‘ਤੇ ਚਾਹ ਵੇਚ ਕੇ ਗੁਜ਼ਾਰਾ ਕਰਦੇ ਸਨ।

ਆਪਣਾ ਬਚਪਨ ਯਾਦ ਕਰਦਿਆਂ ਉਹ ਦੱਸਦੀ ਹੈ ਕਿ ਉਸ ਦਾ ਬਚਪਨ ਆਮ ਬੱਚਿਆਂ ਵਾਂਗ ਨਹੀਂ ਬੀਤਿਆ। ਉਹ ਦੱਸਦੀ ਹੈ ਕਿ ਠੰਢ ਦੇ ਦਿਨਾਂ ‘ਚ ਅਸੀਂ ਦੁਕਾਨ ਪਿੱਛੇ ਸੌਂਦੇ ਸੀ ਤੇ ਸਾਉਣਾ ਕਾਫੀ ਮੁਸ਼ਕਲ ਸੀ ਕਿਉਂਕਿ ਜਿਸ ਜਗ੍ਹਾ ਉਹ ਸੌਂਦੇ ਸਨ, ਉਹ ਬਰਫ ਦੀ ਤਰ੍ਹਾਂ ਠੰਢੀ ਹੁੰਦੀ ਸੀ। ਇਥੋਂ ਤੱਕ ਕਿ ਉਨ੍ਹਾਂ ਕੋਲ ਬਿਸਤਰਾ ਖਰੀਦਣ ਲਈ ਵੀ ਪੈਸੇ ਨਹੀਂ ਸਨ ਹੁੰਦੇ। ਕਈ ਵਾਰ ਪੈਸੇ ਨਾ ਹੋਣ ਕਾਰਨ ਭੁੱਖੇ ਵੀ ਸੌਣਾ ਪੈਂਦਾ ਸੀ।

ਉਸ ਨੇ ਕਬੱਡੀ ਇਸ ਲਈ ਚੁਣੀ ਕਿਉਂਕਿ ਇਹ ਮਹਿੰਗੀ ਖੇਡ ਨਹੀਂ ਹੈ। ਕਵਿਤਾ ਸੁਰਖੀਆਂ ‘ਚ ਉਦੋਂ ਆਈ ਜਦੋਂ ਸਾਲ 2014 ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਕਵਿਤਾ ਦੀ ਆਰਥਿਕ ਮਦਦ ਕੀਤੀ ਸੀ। ਉਸ ਦੇ ਪਰਿਵਾਰ ‘ਚ ਮਾਤਾ-ਪਿਤਾ, ਵੱਡੀ ਭੈਣ ਤੇ ਇੱਕ ਛੋਟਾ ਭਾਈ ਹੈ। ਸਾਰਾ ਪਰਿਵਾਰ ਹੁਣ ਮਨਾਲੀ ਸ਼ਹਿਰ ‘ਚ ਰਹਿੰਦਾ ਹੈ। ਕਵਿਤਾ ਦੱਸਦੀ ਹੈ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਪਲ ਉਹ ਸੀ ਜਦੋਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਘਰ ਲੈ ਕੇ ਦਿੱਤਾ ਸੀ।

ਸਾਲ 2007 ‘ਚ ਕਵਿਤਾ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਦੋ ਸਾਲ ਦੀ ਮਿਹਨਤ ਤੋਂ ਬਾਅਦ ਸਾਲ 2009 ‘ਚ ਕਵਿਤਾ ਨੇ ਸਪੋਰਟਸ ਅਥਾਰਿਟੀ ਆਫ ਇੰਡੀਆ ਜੁਆਇਨ ਕੀਤਾ। ਉਸ ਨੇ ਦੱਸਿਆ ਕਿ ਇਸ ਸਮੇਂ ਮੈਂ ਆਪਣੀ ਖੇਡ ‘ਚ ਕਾਫੀ ਨਿਖਾਰ ਲਿਆਂਦਾ ਤੇ ਨੈਸ਼ਨਲ ਟੀਮ ‘ਚ ਸਿਲੈਕਟ ਹੋਣ ‘ਚ ਕਾਮਯਾਬ ਰਹੀ।

ਸਾਲ 2011 ‘ਚ ਕਵਿਤਾ ਨੂੰ 6 ਮਹੀਨੇ ਖੇਡ ਤੋਂ ਬਾਹਰ ਰਹਿਣਾ ਪਿਆ ਕਿਉਂਕਿ ਉਨ੍ਹਾਂ ਨੂੰ ਪਾਚਨ ਸਬੰਧੀ ਕੋਈ ਦਿੱਕਤ ਆਉਣ ਕਾਰਨ ਸਿਹਤ ਖਰਾਬ ਹੋ ਗਈ ਸੀ। ਇਸ ਬਿਮਾਰੀ ਕਾਰਨ ਕਵਿਤਾ ਨੂੰ ਕਈ ਦਿਨ ਹਸਪਤਾਲ ‘ਚ ਰਹਿਣਾ ਪਿਆ ਸੀ। ਉਸ ਸਮੇਂ ਲੱਗ ਰਿਹਾ ਸੀ ਕਿ ਕਵਿਤਾ ਸ਼ਾਇਦ ਹੁਣ ਭਾਰਤੀ ਟੀਮ ਲਈ ਮੁੜ ਨਾ ਖੇਡ ਸਕੇ ਪਰ ਕਵਿਤਾ ਨੇ ਜ਼ਬਰਦਸਤ ਵਾਪਸੀ ਕਰਦਿਆਂ 2014 ‘ਚ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ‘ਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ। ਕਵਿਤਾ 9 ਖਿਡਾਰੀਆਂ ਵਾਲੀ ਕਬੱਡੀ ਟੀਮ ਦੀ ਡਿਫੈਂਡਰ ਹੈ। ਕਵਿਤਾ ਦੱਸਦੀ ਹੈ ਕਿ ਉਹ ਆਲ ਰਾਊਂਡਰ ਸੀ ਤੇ ਉਸਦੇ ਕੋਚ ਨੇ ਉਸ ਦੀ ਖੇਡ ਪਛਾਣੀ ਤੇ ਅੱਜ ਉਹ ਫੁੱਲ ਟਾਇਮ ਡਿਫੈਂਡਰ ਹੈ।