ਅੰਮ੍ਰਿਤਸਰ ਤੋਂ ਸਿੱਧੀ ਉਡਾਣ ਸ਼ੁਰੂ ਕਰਨ ਦਾ ਭਰੋਸਾ

0
688

ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਥਾਈ ਹਵਾਈ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀ ਕੌਮਾਂਤਰੀ ਉਡਾਣ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।
ਸ੍ਰੀ ਔਜਲਾ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਥਾਈ ਕੰਪਨੀ ਦੇ ਭਾਰਤ ਲਈ ਜਨਰਲ ਮੈਨੇਜਰ ਥਮਨੂਨ ਕੂਪਰਸਰਤਾ ਅਤੇ ਕਮਰਸ਼ਲ ਅਸਿਸਟੈਂਟ ਮੈਨੇਜਰ ਨੂੰ ਮਿਲੇ ਹਨ। ਮੀਟਿੰਗ ਵਿੱਚ ਉਨ੍ਹਾਂ ਕੰਪਨੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀ ਉਡਾਣ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਲਗਪਗ 60 ਲੱਖ ਦੇ ਕਰੀਬ ਪੰਜਾਬੀ ਭਾਈਚਾਰਾ ਅਮਰੀਕਾ, ਕੈਨੇਡਾ, ਯੂਰੋਪ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਮੁਲਕਾਂ ਵਿੱਚ ਵੱਸਿਆ ਹੋਇਆ ਹੈ, ਜੋ ਹਰ ਸਾਲ ਆਪਣੇ ਘਰ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ। ਇਹ ਸਮੁੱਚਾ ਭਾਈਚਾਰਾ ਦਿੱਲੀ ਹਵਾਈ ਅੱਡੇ ਦੀ ਥਾਂ ਸਿੱਧਾ ਪੰਜਾਬ ਵਿੱਚ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਉਣ ਦਾ ਇਛੁੱਕ ਹੈ। ਇਹ ਹਵਾਈ ਅੱਡਾ ਸਿਰਫ ਪੰਜਾਬ ਲਈ ਹੀ ਨਹੀਂ ਸਗੋਂ ਹਿਮਾਚਲ, ਜੰਮੂ ਤੇ ਕਸ਼ਮੀਰ ਅਤੇ ਹਰਿਆਣਾ ਦੇ ਲੋਕਾਂ ਲਈ ਵੀ ਲਾਹੇਵੰਦ ਹੈ।