ਪੰਜਾਬ ਵਿੱਚ ਬਾਹਰਲੇ ਰਾਜਾਂ ਦੇ ਕਾਮਿਆਂ ਦੀ ਗਿਣਤੀ 70%

0
336

ਪੰਜਾਬ ਦੇ ਸ਼ਹਿਰਾਂ `ਚ ਆਉਣ ਵਾਲੇ ਜਿ਼ਆਦਾਤਰ ਲੋਕ ਬਾਹਰਲੇ ਰਾਜਾਂ ਤੋਂ ਆਉਂਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ‘ਸੈਂਟਰ ਫ਼ਾਰ ਡਿਵੈਲਪਮੈਂਟ ਇਕਨੋਮਿਕਸ ਐਂਡ ਇਨੋਵੇਸ਼ਨ ਸਟੱਡੀਜ਼` ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਇਸ ਵੇਲੇ ਸ਼ਹਿਰਾਂ `ਚ ਆਉਣ ਵਾਲੇ 70% ਫ਼ੀ ਸਦੀ ਲੋਕ ਬਾਹਰਲੇ ਰਾਜਾਂ ਤੋਂ ਆ ਰਹੇ ਹਨ ਤੇ ਸਿਰਫ਼ 30% ਲੋਕ ਹੀ ਪੰਜਾਬ ਦੇ ਪਿੰਡਾਂ ਤੋਂ ਲਾਗਲੇ ਸ਼ਹਿਰਾਂ `ਚ ਪੁੱਜਦੇ ਹਨ।

ਪੰਜਾਬ ਤੇ ਹਰਿਆਣਾ `ਚ ਦਿਹਾਤੀ ਤੇ ਸ਼ਹਿਰੀ ਹਿਜਰਤ ਦੇ ਵਿਸ਼ੇ ਬਾਰੇ ਇਸ ਅਧਿਐਨ `ਚ ਕਿਹਾ ਗਿਆ ਹੈ ਕਿ 35% ਹਿਜਰਤਕਾਰੀ ਅਨਪੜ੍ਹ ਹੁੰਦੇ ਹਨ, ਜਦ ਕਿ 36% ਦਰਮਿਆਨੇ ਪੜ੍ਹੇ-ਲਿਖੇ ਅਤੇ ਸਿਰਫ਼ 7 ਫ਼ੀ ਸਦੀ ਗ੍ਰੈਜੂਏਟ ਹੁੰਦੇ ਹਨ। ਪ੍ਰੋਜੈਕਟ ਡਾਇਰੈਕਟਰ ਲਖਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਤੇ ਦੀਪਕ ਕੁਮਾਰ ਨਾਲ ਮਿਲ ਕੇ ਪੰਜਾਬ ਤੇ ਹਰਿਆਣਾ ਦੇ ਕੁੱਲ 3,962 ਪ੍ਰਵਾਸੀ ਪਰਿਵਾਰਾਂ ਨਾਲ ਗੱਲਬਾਤ ਕੀਤੀ; ਜਿਨ੍ਹਾਂ ਵਿੱਚੋਂ ਪੰਜਾਬ `ਚ ਰਹਿਣ ਵਾਲੇ ਪਰਿਵਾਰ 1,992 ਅਤੇ ਹਰਿਆਣਾ `ਚ ਰਹਿੰਦੇ 1,970 ਪਰਿਵਾਰ ਸਨ।

ਪੰਜਾਬ ਦੇ ਅੰਕੜੇ ਅੱਠ ਸ਼ਹਿਰਾਂ – ਬਠਿੰਡਾ, ਪਟਿਆਲਾ, ਜਲੰਧਰ, ਲੁਧਿਆਣਾ, ਖਰੜ, ਸੁਨਾਮ, ਗੁਰਦਾਸਪੁਰ ਤੇ ਤਰਨ ਤਾਰਨ ਤੋਂ ਇਕੱਠੇ ਕੀਤੇ ਗਏ, ਜਦ ਕਿ ਇਹੋ ਜਿਹੇ ਅੰਕੜੇ ਹਰਿਆਣਾ ਦੇ ਪੰਜ ਸ਼ਹਿਰਾਂ – ਗੁਰੂਗ੍ਰਾਮ, ਪਾਨੀਪਤ, ਜੀਂਦ, ਯਮੁਨਾਨਗਰ ਤੇ ਹਿਸਾਰ ਤੋਂ ਇਕੱਠੇ ਕੀਤੇ ਗਏ ਸਨ। ਇਸ ਅਧਿਐਨ ਮੁਤਾਬਕ ਸ਼ਹਿਰਾਂ `ਚ ਆਉਣ ਵਾਲੇ 62% ਕਾਮਿਆਂ ਦੀ ਉਮਰ 26 ਤੋਂ 45 ਸਾਲ ਦੇ ਵਿਚਕਾਰ ਹੁੰਦੀ ਹੈ, ਜਿਨ੍ਹਾਂ ਦੀ ਸਿੱਖਿਆ ਦਾ ਪੱਧਰ ਬਹੁਤ ਨੀਂਵਾਂ ਹੁੰਦਾ ਹੈ।

ਪੰਜਾਬ ਦੇ ਸ਼ਹਿਰਾਂ `ਚ 47 ਫ਼ੀ ਸਦੀ ਪ੍ਰਵਾਸੀ ਗ਼ਰੀਬੀ ਕਾਰਨ ਹਿਜਰਤ ਕਰ ਕੇ ਆਉਂਦੇ ਹਨ ਤੇ 42% ਆਪਣੇ ਸੂਬੇ `ਚ ਰੋਜ਼ਗਾਰ ਦੇ ਘੱਟ ਆਮਦਨਾਂ ਵਾਲੇ ਵਸੀਲੇ ਛੱਡ ਕੇ ਆਉਂਦੇ ਹਨ।

ਅਧਿਐਨ ਮੁਤਾਬਕ ਤਨਖ਼ਾਹਦਾਰਾਂ ਤੇ ਸਵੈ-ਰੋਜ਼ਗਾਰ `ਤੇ ਲੱਗੇ ਲੋਕਾਂ ਦੀ ਆਮਦਨ ਵਿਚਾਲੇ 9,000 ਰੁਪਏ ਤੋਂ ਲੈ ਕੇ 35,000 ਰੁਪਏ ਤੱਕ ਦਾ ਫ਼ਰਕ ਹੈ।

ਸ੍ਰੀ ਗਿੱਲ ਨੇ ਦੱਸਿਆ ਕਿ ਜਿ਼ਆਦਾਤਰ ਪੰਜਾਬੀ ਇਸ ਕਰਕੇ ਵਿਦੇਸ਼ਾਂ ਨੂੰ ਜਾਂਦੇ ਹਨ ਕਿਉ਼ਕਿ ਇੱਥੇ ਪੰਜਾਬ ਦੇ ਗ਼ੈਰ-ਸੰਗਠਤ ਖੇਤਰ `ਚ ਉਨ੍ਹਾਂ ਨੁੰ ਤਨਖ਼ਾਹਾਂ ਘੱਟ ਮਿਲਦੀਆਂ ਹਨ ਪਰ ਇਸ ਦੇ ਮੁਕਾਬਲੇ ਦੇਸ਼ `ਚੋਂ ਹੀ ਇੱਥੇ ਆ ਕੇ ਕੰਮ ਕਰਨ ਵਾਲੇ ਪ੍ਰਵਾਸੀ ਇਸ ਲਈ ਐਡਜਸਟ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਆਪਣੇ ਸੂਬਿਆਂ `ਚ ਤਨਖ਼ਾਹਾਂ ਇੱਥੇ ਨਾਲੋਂ ਵੀ ਘੱਟ ਮਿਲਦੀਆਂ ਹਨ।

ਅਧਿਐਨ ਮੁਤਾਬਕ 48 ਫ਼ੀ ਸਦੀ ਪ੍ਰਵਾਸੀ ਆਪਣੇ ਜੱਦੀ ਪਿੰਡਾਂ `ਚ ਰਹਿੰਦੇ ਆਸ਼ਰਿਤਾਂ ਨੂੰ ਆਪਣੀ 26 ਤੋਂ 50 ਫ਼ੀ ਸਦੀ ਤਨਖ਼ਾਹ ਭੇਜਦੇ ਹਨ। ਸ਼ਹਿਰਾਂ ਵਿੱਚ 77% ਪ੍ਰਵਾਸੀ ਕਾਮਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ; ਜਦ ਕਿ ਬਾਕੀਆਂ ਨੂੰ ਢੁਕਵੀਂਆਂ ਨੌਕਰੀਆਂ ਲਈ ਉਡੀਕ ਕਰਨੀ ਪੈਂਦੀ ਹੈ।

25 ਫ਼ੀ ਸਦੀ ਪ੍ਰਵਾਸੀਆਂ ਨੂੰ ਪੰਜਾਬ `ਚ ਆ ਕੇ ਰੋਜ਼ਗਾਰਦਾਤਿਆਂ ਜਾਂ ਪੁਲਿਸ ਜਾਂ ਸਮਾਜ-ਵਿਰੋਧੀ ਅਨਸਰਾਂ ਹੱਥੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿ਼ਆਦਾਤਰ ਪ੍ਰਵਾਸੀ ਮਜ਼ਦੂਰ ਕਿਸੇ ਥੋੜ੍ਹੀ-ਬਹੁਤੀ ਬੀਮਾਰੀ ਲਈ ਨੀਮ ਹਕੀਮਾਂ ਜਾਂ ਸਸਤੇ ਪ੍ਰਾਈਵੇਟ ਮੈਡੀਕਲ ਸੈਂਟਰਾਂ `ਚ ਜਾਣਾ ਪਸੰਦ ਕਰਦੇ ਹਨ ਕਿਉਂਕਿ ਸਰਕਾਰੀ ਹਸਪਤਾਲਾਂ ਦੀਆਂ ਵੱਡੀਆਂ ਕਤਾਰਾਂ `ਚ ਖਲੋ ਕੇ ਆਪਣੀਆਂ ਦਿਹਾੜੀਆਂ ਭੰਨਣ ਦਾ ਉਨ੍ਹਾਂ ਕੋਲ ਸਮਾਂ ਨਹੀਂ ਹੰੁਦਾ।