ਅਮਰਨਾਥ ਯਾਤਰਾ ਵਿਚ ਹੈਲੀਕਾਪਟਰ ਟਿਕਟ ਘਪਲਾ

0
306

ਸ਼੍ਰੀਨਗਰ : ਕਰੋੜਾਂ ਹਿੰਦੂਆਂ ਦੀ ਸ਼ਰਧਾ ਦੀ ਪ੍ਰਤੀਕ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼੍ਰਾਈਨ ਬੋਰਡ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਹੈਲੀਕਾਪਟਰ ਟਿਕਟ ਘਪਲਾ ਹੋਇਆ ਹੈ।ਗੰਦਰਬਲ ਦੇ ਸੀਨੀਅਰ ਪੁਲਸ ਐੱਸ. ਐੱਸ. ਪੀ. ਫਿਆਜ਼ ਅਹਿਮਦ ਲੋਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੇ ਸ਼੍ਰੀਨਗਰ ਦੇ ਇਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਕੇ ਪੁਲਸ ਰਿਮਾਂਡ ‘ਤੇ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਵਿਚ ਕਈ ਵੱਡੇ ਚਿਹਰੇ ਸਾਹਮਣੇ ਆਉਣ ਦੀ ਆਸ ਹੈ। ਇਸ ਸਬੰਧ ਵਿਚ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਮੋਬਾਇਲ ਨਹੀਂ ਚੁੱਕਿਆ। ਜਦੋਂ ਸਬੰਧਤ ਕੰਪਨੀ ਦੇ ਅਧਿਕਾਰੀ ਕੈਪਟਨ ਸੰਦੀਪ ਕੁਮਾਰ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਦੋਸ਼ੀ ਏਜੰਟ ਸਈਦ ਸੱਜਾਦ ਮਦਨੀ ਉਨ੍ਹਾਂ ਦਾ ਏਜੰਟ ਹੈ ਕਿ ਨਹੀਂ ਤਾਂ ਉਨ੍ਹਾਂ ਕਿਹਾ ਕਿ ਉਹ ਕੰਪਨੀ ਦੇ ਆਪ੍ਰੇਸ਼ਨਜ਼ ਦਾ ਕੰਮ ਦੇਖਦੇ ਹਨ, ਜਦਕਿ ਕਮਰਸ਼ੀਅਲ ਵਿਭਾਗ ਕੋਈ ਹੋਰ ਅਧਿਕਾਰੀ ਦੇਖਦਾ ਹੈ, ਜਿਸ ਦਾ ਮੋਬਾਇਲ ਨੰਬਰ ਦੇਣ ਤੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ।
ਕੀ ਹੈ ਮਾਮਲਾ : ਸੂਤਰਾਂ ਮੁਤਾਬਕ ਇਕ ਸੂਚਨਾ ਦੇ ਆਧਾਰ ‘ਤੇ ਪੁਲਸ ਨੂੰ ਪਤਾ ਲੱਗਾ ਹੈ ਕਿ ਸ਼੍ਰੀਨਗਰ ਦਾ ਇਕ ਏਜੰਟ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਨਾ ਸਿਰਫ ਤੈਅਸ਼ੁਦਾ ਕੋਟੇ ਤੋਂ ਵੱਧ ਟਿਕਟਾਂ ਬਲੈਕ ਵਿਚ ਵੇਚ ਕੇ ਮੋਟੀ ਰਕਮ ਕਮਾ ਰਿਹਾ ਹੈ ਸਗੋਂ ਇਕ ਹੈਲੀਕਾਪਟਰ ਕੰਪਨੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਹ ਅਕਸਰ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਨੀਲਗ੍ਰਥ ਸਥਿਤ ਹੈਲੀਪੈਡ ਤੱਕ ਪਹੁੰਚ ਜਾਂਦਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਉਥੇ ਬੈਠ ਕੇ ਟਿਕਟਾਂ ਵੇਚਣ ਲੱਗਦਾ ਹੈ। ਮੁੱਢਲੀ ਜਾਂਚ ਤੋਂ ਬਾਅਦ ਸੋਨਮਰਗ ਥਾਣਾ ਪੁਲਸ ਨੇ ਸ਼੍ਰੀਨਗਰ ਦੇ ਖਾਨੀਆਰ ਸਥਿਤ ਮਸਸ਼ਾਦ ਟ੍ਰੈਵਲਜ਼ ਦੇ ਸੰਚਾਲਕ ਸਈਦ ਸੱਜਾਦ ਮਦਨੀ ਨੂੰ ਗ੍ਰਿਫਤਾਰ ਕਰ ਕੇ ਆਰ. ਪੀ. ਸੀ. ਦੀ ਧਾਰਾ-420 ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਮੁਤਾਬਕ ਟਰੈਵਲ ਏਜੰਟ ਸਈਦ ਸੱਜਾਦ ਮਦਨੀ ਸ਼੍ਰਾਈਨ ਬੋਰਡ ਵਲੋਂ ਨਿਰਧਾਰਿਤ 11 ਟਿਕਟਾਂ ਰੋਜ਼ਾਨਾ ਦੇ ਕੋਟੇ ਤੋਂ ਕਾਫੀ ਵੱਧ ਟਿਕਟਾਂ ਵੇਚ ਰਿਹਾ ਸੀ। ਹੁਣ ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੂੰ ਕੋਟੇ ਤੋਂ ਵੱਧ ਟਿਕਟਾਂ ਕਿੱਥੋਂ ਅਤੇ ਕਿਨ੍ਹਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੁਹੱਈਆ ਹੋ ਰਹੀਆਂ ਹਨ। ਫਿਲਹਾਲ ਪੁਲਸ ਨੇ ਉਸ ਨੂੰ 2 ਦਿਨ ਦੇ ਰਿਮਾਂਡ ‘ਤੇ ਲਿਆ ਹੈ।