ਅਨਪੜ੍ਹ ਪਾਠਕ

0
498

ਹਰਿਆਣੇ ਵੱਲ ਮੇਰੇ ਸਾਰੇ ਰੁਪਏ ਰੋਮਿੰਗ ਵਿਚ ਹੀ ਖ਼ਤਮ ਹੋ ਗਏ ਸਨ। ਵਾਪਸ ਮੁੜਦਿਆਂ ਹਮੀਰਗੜ੍ਹ ਰੁਕ ਗਿਆ। ਜਦੋਂ ਦੁਕਾਨ ਤੋਂ ਮੋਬਾਇਲ ਰੀਚਾਰਜ ਕਰਵਾ ਕੇ ਤੁਰਨ ਲੱਗਿਆ ਤਾਂ ਕੋਈ ਦੁਕਾਨ ਵਾਲਾ ਮੈਨੂੰ ਆਵਾਜ਼ਾਂ ਮਾਰਦਾ ਮਗਰ ਭੱਜਿਆ ਆਇਆ, “ਬਾਈ ਜੀ, ਮੈਂ ਤੈਨੂੰ ਪੜ੍ਹਦਾ ਹੁੰਨਾ। ਮੇਰੀ ਦੁਕਾਨ ਵਿਚ ਬੈਠ ਕੇ ਚਾਹ ਜ਼ਰੂਰ ਪੀ ਕੇ ਜਾਹ।”
“ਚੱਲ ਬਾਈ ਪੀ ਲੈਨੇ ਆਂ, ਇਹ ਤਾਂ ਗੱਲ ਈ ਕੋਈ ਨੀ।” ਮੈਂ ਮੋਟਰਸਾਇਕਲ ਸਟੈਂਡ ਤੇ ਲਾ ਕੇ ਉਸ ਦੇ ਪਿੱਛੇ ਪਿੱਛੇ ਦੁਕਾਨ ਅੰਦਰ ਜਾ ਵੜਿਆ। ਹਮੀਰਗੜ੍ਹ ਮੇਰੇ ਨਾਨਕਿਆਂ (ਭੂਦੜ ਭੈਣੀ) ਦਾ ਗੁਆਂਢੀ ਪਿੰਡ ਹੈ। ਇਸ ਕਰਕੇ ਉਹ ਦੁਕਾਨ ਵਾਲਾ ਮੇਰੇ ਮਾਮਿਆਂ ਨੂੰ ਵੀ ਜਾਣਦਾ ਸੀ। ਮਾਮੇ ਟਰੱਕ ਡਰਾਇਵਰ ਹਨ। ਅਸੀਂ ਚਾਹ ਪੀਂਦਿਆਂ ਮੇਰੇ ਮਰ ਗਏ ਛੋਟੇ ਮਾਮੇ ਦੀਆਂ ਗੱਲਾਂ ਕਰਨ ਲੱਗ ਪਏ। ਚਾਹ ਪੀਂਦਿਆਂ ਹੀ ਯੂਨੀਵਰਸਿਟੀ ਪੜ੍ਹਦਾ ਇਕ ਹੋਰ ਮੁੰਡਾ ਉੱਥੇ ਆ ਗਿਆ।
“ਬਾਈ ਜੀ, ਮੇਰੇ ਮਾਮੇ ਦਾ ਮੁੰਡਾ ਤੇਰਾ ਬਹੁਤ ਫੈਨ ਐ। ਊਂ ਉਹ ਅਨਪੜ੍ਹ ਐ।” ਉਸ ਦੀ ਪਿਛਲੀ ਗੱਲ ‘ਊਂ ਉਹ ਅਨਪੜ੍ਹ ਐ’ ਨੇ ਮੈਨੂੰ ਰਤਾ ਕੁ ਹੈਰਾਨ ਕਰ ਦਿੱਤਾ। ਮੈਨੂੰ ਹੈਰਾਨ ਹੋਇਆ ਵੇਖ ਕੇ ਉਹ ਆਪਣੇ ਮਾਮੇ ਦੇ ਮੁੰਡੇ ਵਾਲੀ ਪੂਰੀ ਘਟਨਾ ਸਾਨੂੰ ਦੱਸਣ ਲੱਗ ਪਿਆ:
ਮੈਨੂੰ ਤੇਰਾ ‘ਤੀਵੀਂਆਂ’ ਨਾਵਲ ਸਾਡੀ ਮੈਡਮ ਨੇ ਪੜ੍ਹਨ ਲਈ ਕਿਹਾ ਸੀ ਪਰ ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਸਾਨੂੰ ਯੂਨੀਵਰਸਿਟੀ ਤੋਂ ਛੁੱਟੀਆਂ ਹੋਈਆਂ ਤਾਂ ਮੈਂ ਆਪਣੇ ਦੋਸਤ ਤੋਂ ਪੜ੍ਹਨ ਲਈ ਕਿਤਾਬਾਂ ਮੰਗੀਆਂ। ਉਸ ਨੇ ਆਪਣੀ ਪਸੰਦ ਦੀਆਂ ਕੁਝ ਕਿਤਾਬਾਂ ਮੈਨੂੰ ਲਿਫ਼ਾਫ਼ੇ ਵਿਚ ਪਾ ਕੇ ਫੜਾ ਦਿੱਤੀਆਂ। ਮੈਂ ਲਿਫ਼ਾਫ਼ਾ ਉਂਜ ਹੀ ਲਿਆ ਕੇ ਘਰ ਰੱਖ ਦਿੱਤਾ। ਇੱਕ ਦਿਨ ‘ਤੀਵੀਂਆਂ’ ਨਾਵਲ ਨੂੰ ਇਨਾਮ ਮਿਲਣ ਬਾਰੇ ਪੜ੍ਹਿਆ। ਮੇਰੇ ਮਨ ਵਿਚ ਇਹ ਨਾਵਲ ਵੀ ਪੜ੍ਹਨ ਦੀ ਚਾਹਨਾ ਉੱਠੀ। ਕੁਝ ਦਿਨਾਂ ਬਾਅਦ ਦੋਸਤ ਦੀਆਂ ਦਿੱਤੀਆਂ ਕਿਤਾਬਾਂ ਫਰੋਲਣ ਲੱਗਿਆ ਤਾਂ ਉਸ ਵਿਚੋਂ ‘ਤੀਵੀਂਆਂ’ ਨਾਵਲ ਵੀ ਨਿੱਕਲ ਆਇਆ, ਤੇ ਮੈਂ ਕੱਢ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ।
ਅਜੇ ਦਸ ਵੀਹ ਕੁ ਪੰਨੇ ਹੀ ਪੜ੍ਹੇ ਸਨ ਕਿ ਮਾਮੇ ਦਾ ਮੁੰਡਾ ਆ ਗਿਆ। ਉਹ ਕਹਿੰਦਾ, “ਚਲ ਸਿਮਰਨ, ਖੇਤ ਗੇੜਾ ਮਾਰ ਕੇ ਆਈਏ।”
“ਵੀਰ ਬਣ ਕੇ ਆਹ ਕਿਤਾਬ ਪੜ੍ਹ ਲੈਣ ਦੇ।” ਨਾਵਲ ਵਿਚ ਦਿਲਚਸਪੀ ਬਣੀ ਹੋਈ ਸੀ। ਮੈਂ ਇਸ ਨੂੰ ਇਉਂ ਵਿਚਾਲੇ ਛੱਡਣਾ ਨਹੀਂ ਚਾਹੁੰਦਾ ਸਾਂ।
“ਤੂੰ ਫੇਰ ਪੜ੍ਹ ਲੀਂ ਯਾਰ! ਮਸਾਂ ਤਾਂ ਮੈਂ ਆਇਆ ਆਂ, ਕੋਈ ਗੱਲਬਾਤ ਕਰਲਾਂਗੇ।” ਉਹ ਮੇਰੇ ਹੱਥੋਂ ਕਿਤਾਬ ਖੋਹਣ ਤੱਕ ਗਿਆ।
ਉਸ ਨੂੰ ਵਾਹਵਾ ਹੀ ਜਿ਼ੱਦ ਕਰਦਾ ਵੇਖ ਕੇ ਮੈਂ ਮੌਕੇ ਤੇ ਇਕ ਰਾਹ ਹੋਰ ਕੱਢ ਲਿਆ, “ਇਹ ਕਿਤਾਬ ਬਹੁਤ ਵਧੀਐ, ਆਪਾਂ ਸਿਰੇ ਤੋਂ ਪੜ੍ਹਨਾ ਸ਼ੁਰੂ ਕਰਦੇ ਆਂ। ਲੈ ਤੂੰ ਵੀ ਸੁਣ ਲੈ।” ਮੈਂ ਉਸ ਨੂੰ ‘ਨਾ ਨਾ’ ਕਰਦੇ ਨੂੰ ਫੜ ਕੇ ਕੋਲ ਬਿਠਾ ਲਿਆ ਤੇ ਆਪ ਉੱਚੀ ਬੋਲ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਵੇਖਿਆ, ਦਸ ਪੰਦਰਾਂ ਪੰਨੇ ਪੜ੍ਹਨ ਤੱਕ ਉਹ ਨਾਵਲ ਨਾਲ ਪੂਰਾ ਜੁੜ ਚੁੱਕਿਆ ਸੀ। ਵਿਚ ਜਿਹੇ ਮੈਂ ਉਸ ਨੂੰ ਹਲੂਣਿਆ ਵੀ, “ਚੱਲੀਏ ਬਾਈ ਖੇਤ?”
“ਨਾਹ! ਤੂੰ ਪੜ੍ਹੀ ਚੱਲ ਬੱਸ ਹੁਣ।” ਉਸ ਨੇ ਮੈਨੂੰ ਇਸ ਤਰ੍ਹਾਂ ਘੂਰ ਕੇ ਵੇਖਿਆ, ਜਿਵੇਂ ਮੈਂ ਉਸ ਦੀ ਭਗਤੀ ਕਰਦੇ ਦੀ ਬਿਰਤੀ ਤੋੜ ਦਿੱਤੀ ਹੋਵੇ।
ਮੈਂ ਪੜ੍ਹਦਾ ਰਿਹਾ ਤੇ ਉਹ ਸੁਣਦਾ ਰਿਹਾ। ਰਾਤ ਦਾ ਇਕ ਵੱਜ ਗਿਆ ਸੀ। ਸਾਰਾ ਪਿੰਡ ਘੂਕ ਸੁੱਤਾ ਪਿਆ ਸੀ, ਸਿਰਫ਼ ਅਸੀਂ ਹੀ ਦੋਵੇਂ ਜਾਗ ਰਹੇ ਸਾਂ, ‘ਤੀਵੀਂਆਂ’ ਦੇ ਪਾਤਰਾਂ ਨਾਲ। ਸ਼ਾਮ ਦਾ ਖ਼ਰਾਬ ਹੋਇਆ ਮੌਸਮ ਵੀ ਹੁਣ ਰੰਗ ਵਿਖਾਉਣ ਲੱਗ ਪਿਆ ਸੀ। ਗਰਜ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਨਾਵਲ ਦੀਆਂ ਅੰਤਲੀਆਂ ਲਾਇਨਾਂ- ‘ਜਦੋਂ ਬੱਸ ਸਿਵਿਆਂ ਕੋਲੋਂ ਲੰਘੀ, ਬਲਦਾ ਸਿਵਾ ਵੇਖ ਕੇ ਦੇਵਕੀ ਦੀ ਫਿਰ ਧਾਹ ਨਿਕਲ ਗਈ। ਚਿਤਾ ਵਿਚੋਂ ਉੱਠਦੀਆਂ ਅੱਗ ਦੀਆਂ ਲਾਟਾਂ ਦੇਵਕੀ ਵਾਂਗ ਹੀ ਭਟਕਦੀਆਂ, ਕੰਬਦੀਆਂ ਅਸਮਾਨੀ ਚੜ੍ਹ ਗਈਆਂ।’ ਮੈਂ ਆਖ਼ਿਰੀ ਸਤਰ ਪੜ੍ਹ ਕੇ ਨਾਵਲ ਬੰਦ ਕਰ ਦਿੱਤਾ। ਬਾਹਰ ਛੜਾਕੇ ਦਾ ਮੀਂਹ ਉੱਤਰ ਆਇਆ ਸੀ। ਉਹੀ ਮੀਂਹ ਮੇਰੇ ਮਾਮੇ ਦੇ ਮੁੰਡੇ ਦੀਆਂ ਅੱਖਾਂ ਵਿਚੋਂ ਵੀ ਚੋ ਰਿਹਾ ਸੀ … ਪਰਲ ਪਰਲ।
ਮੈਂ ਉਸ ਨੂੰ ਹਲੂਣਿਆ, “ਕੀ ਹੋ ਗਿਆ?”
“ਬੱ…ਸ! ਬਾਈ।” ਉਹਨੇ ਸਿਰ ਮਾਰਦਿਆਂ ਅੱਖਾਂ ਪੂੰਝ ਲਈਆਂ।
ਮਾਮੇ ਦਾ ਮੁੰਡਾ ਹੁਣ ਜਦ ਵੀ ਆਉਂਦਾ ਹੈ, ਬੱਸ ਕਿਤਾਬ ਸੁਣਨ ਲਈ ਜਿ਼ੱਦ ਕਰਦਾ ਹੈ।
… ਸਿਮਰਨ ਦੀ ਇਸ ਘਟਨਾ ਨੇ ਮੇਰਾ ਉਸ ਅਨਪੜ੍ਹ ਪਾਤਰ ਵਿਚ ਮੋਹ ਜਿਹਾ ਜਗਾ ਦਿੱਤਾ। ਮੈਂ ਉਸ ਨੂੰ ਕਦੇ ਮਿਲਣ ਦੀ ਚਾਹਤ ਰੱਖਦਾ ਉਥੋਂ ਤੁਰ ਪਿਆ। ਅੱਜ ਵੀ ਉਹ ਪਾਠਕ ਮੇਰੇ ਕਿਸੇ ਅਹਿਮ ਪਾਤਰ ਵਾਂਗ ਹਮੇਸ਼ਾਂ ਮੇਰੇ ਮਨ ‘ਤੇ ਛਾਇਆ ਰਹਿੰਦਾ ਹੈ।
ਪਰਗਟ ਸਿੰਘ ਸਤੌਜ ਸੰਪਰਕ: 94172-41787