ਬੋਤਾ ਬੰਨ੍ਹ ਅੰਬੀਆਂ ਦੀ ਛਾਂਵੇਂ…

0
661

ਪੰਜਾਬੀ ਵਿਰਸੇ, ਸੰਸਕ੍ਰਿਤੀ, ਸੱਭਿਆਚਾਰ ਦੀ ਗੱਲ ਕਰਦਿਆਂ ਸਿਰਫ਼ ਪੰਜਾਬੀ ਲੋਕ ਪਹਿਰਾਵਾ ਖਾਣ ਪੀਣ, ਰੀਤੀ ਰਿਵਾਜ, ਲੋਕ ਗੀਤ, ਲੋਕ-ਨਾਚ, ਧਰਮ, ਵਿਸ਼ਵਾਸ, ਸੰਦ-ਸੰਦੇੜੇ ਆਦਿ ਹੀ ਨਹੀਂ ਸਗੋਂ ਹੋਰ ਵੀ ਬਹੁਤ ਕੁਝ ਸਾਡੇ ਮਨ ਅਤੇ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ। ਜਿਸ ਵਿੱਚ ਪਸ਼ੂ ਪਾਲਣ ਵੀ ਸ਼ਾਮਲ ਹੈ। ਪਸ਼ੂ ਪਾਲਣ ਮਨੁੱਖੀ ਸੱਭਿਆਚਾਰ ਦਾ ਇੱਕ ਅੰਗ ਰਿਹਾ ਹੈ ਤੇ ਪੁਰਾਤਨ ਪੰਜਾਬ ਦੇ ਸੰਦਰਭ ਵਿੱਚ ਪਸ਼ੂ ਪਾਲਣ ਦਾ ਮਹੱਤਵ ਕੇਵਲ ਖੇਤੀ ਜਾਂ ਫਿਰ ਇੰਜ ਕਹਿ ਲਈਏ ਕਿ ਹੱਲ ਵਾਹੁਣ ਜਾਂ ਦੁੱਧ ਆਦਿ ਦੀ ਪ੍ਰਾਪਤੀ ਲਈ ਹੀ ਨਹੀਂ ਸਗੋਂ ਆਵਾਜਾਈ ਜਾਂ ਸਫਰ ਅਤੇ ਢੋਆ ਢੁਆਈ ਲਈ ਵੀ ਬਹੁਤ ਸੀ। ਪੰਜਾਬੀ ਜਨ ਜੀਵਨ ਵਿੱਚ ਬਲਦਾਂ, ਘੋੜੇ, ਘੋੜੀਆਂ ਤੇ ਊਠ ਆਦਿ ਨੂੰ ਆਵਾਜਾਈ, ਸਫਰ ਜਾਂ ਢੋਆ ਢੁਆਈ ਹਿੱਤ ਪ੍ਰਯੋਗ ਵਿੱਚ ਲਿਆਇਆ ਜਾਂਦਾ ਰਿਹਾ ਹੈ। ਪਸ਼ੂਆਂ ਵਿੱਚੋਂ ਊਠ ਇੱਕ ਅਜਿਹਾ ਜਾਨਵਰ ਹੈ ਜਿਸ ਦਾ ਪੰਜਾਬੀ ਜਨ ਜੀਵਨ ਵਿੱਚ ਆਰਥਿਕ ਪੱਖੋਂ ਹੀ ਨਹੀਂ ਸਗੋਂ ਸਮਾਜਿਕ ਵੀ ਮਹੱਤਵ ਬਹੁਤ ਹੈ। ਊਠ ਪ੍ਰਾਚੀਨ ਸਮੇਂ ਤੋਂ ਹੀ ਪੰਜਾਬੀ ਜਨ ਜੀਵਨ ਦੇ ਅਤਿ ਨੇੜੇ ਦਾ ਸਾਥੀ ਰਿਹਾ ਹੈ। ਊਠ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਵਿੱਚ ਇਸ ਨੂੰ ਊਠ ਕਹਿ ਦਿੱਤਾ ਜਾਂਦਾ ਹੈ। ਮਾਲਵੇ ਵਿੱਚ ਬੋਤਾ ਅਜਿਹਾ ਸ਼ਬਦ ਹੈ ਜੋ ਊਠ ਲਈ ਵਰਤਿਆ ਜਾਂਦਾ ਹੈ ਅਤੇ ਵਧੇਰੇ ਕਰਕੇ ਇਹ ਸ਼ਬਦ ਪੰਜਾਬੀਆਂ ਅੰਦਰ ਪ੍ਰਚੱਲਤ ਤੇ ਹਰਮਨ ਪਿਆਰਾ ਹੋ ਗਿਆ। ਉੂਠਣੀ, ਬੋਤੀ, ਡਾਚੀ ਆਦਿ ਸ਼ਬਦ ਊਠ ਜਾਂ ਬੋਤੇ ਦੇ ਇਸਤਰੀ ਲਿੰਗ ਲਈ ਵਰਤੇ ਜਾਂਦੇ ਹਨ। ਹਾਸ਼ਮ ਕਿੱਸਾ ‘ਸੱਸੀ ਪੁਨੂੰ’ ਵਿੱਚ ਡਾਚੀ ਸ਼ਬਦ ਵਰਤਦਾ ਹੈ।
ਜਿਸ ਡਾਚੀ ਮੇਰਾ ਪੁਨੂੰ ਚੜ੍ਹਿਆ,
ਮਰ ਦੋਜਖ ਵੱਲ ਜਾਵੇ
ਊਠ ਜਾਂ ਬੋਤਾ ਇੱਕ ਅਜਿਹਾ ਜਾਨਵਰ ਹੈ ਜੋ ਕਾਫ਼ੀ ਲੰਬੇ ਸਮੇਂ ਤੋਂ ਜਾਂ ਇੰਜ ਕਹਿ ਲਈਏ ਕਿ ਹਜ਼ਾਰਾਂ ਸਾਲਾਂ ਤੋਂ ਜੀਵਨ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਆਪਣੀ ਹੋਂਦ ਨੂੰ ਬਣਾਈ ਰੱਖਣ ਵਿੱਚ ਸਫ਼ਲ ਰਿਹਾ ਹੈ। ਝਾੜੀਆਂ, ਦਰੱਖਤਾਂ ਦੇ ਪੱਤੇ, ਕਿੱਕਰਾਂ ਦੀ ਲੁੰਗ ਆਦਿ ਖਾ ਕੇ ਗੁਜ਼ਾਰਾ ਕਰ ਲੈਣ ਵਾਲਾ ਇਹ ਜੀਵ ਜਟਿਲ ਜੀਵਨ ਹਾਲਤਾਂ ਵਿੱਚ ਵੀ ਆਪਣੇ ਆਪ ਨੂੰ ਜਿਊਂਦਾ ਰੱਖ ਲੈਂਦਾ ਹੈ ਅਤੇ ਪਾਣੀ ਤੇ ਭੋਜਨ ਤੋਂ ਬਿਨਾਂ ਵੀ ਕਈ ਦਿਨ ਜਿਊਂਦਾ ਰਹਿ ਸਕਦਾ ਹੈ।
ਪੁਰਾਤਨ ਪੰਜਾਬ ਵਿੱਚ ਬੋਤਾ ਮਾਨਵੀ ਜੀਵਨ ਚੱਕਰ ਵਿੱਚ ਅਹਿਮ-ਥਾਂ ਰੱਖਦਾ ਸੀ। ਇਸ ਦੀ ਮਹੱਤਤਾ ਹੋਰ ਪਸ਼ੂਆਂ ਜੋ ਖੇਤੀਬਾੜੀ ਵਿੱਚ ਕੰਮ ਆਉਂਦੇ ਸਨ ਉਨ੍ਹਾਂ ਤੋਂ ਘੱਟ ਨਹੀਂ ਸੀ। ਬਲਦ, ਘੋੜੇ, ਘੋੜੀਆਂ ਆਦਿ ਦੇ ਨਾਲ ਨਾਲ ਬੋਤਾ ਜਾਂ ਬੋਤੀ ਵੀ ਪੰਜਾਬੀ ਲੋਕਾਂ ਦੀ ਖੁੱਲ੍ਹ ਦਿਲੀ ਅਤੇ ਸ਼ਾਨ ਦੀ ਨਿਸ਼ਾਨੀ ਰਿਹਾ ਹੈ। ਹਲ਼ ਵਾਹੁਣ ਖੂਹ ਗੇੜਨ ਦਾ ਕੰਮ ਜਿੱਥੇ ਬਲਦਾਂ ਤੋਂ ਲਿਆ ਜਾਂਦਾ ਰਿਹਾ ਉੱਥੇ ਬੋਤੇ-ਬੋਤੀਆਂ ਵੀ ਇਸ ਕੰਮ ਵਿੱਚ ਸਮਾਨ ਰੂਪ ਵਿੱਚ ਵਰਤੇ ਜਾਂਦੇ ਰਹੇ। ਜਿੱਥੇ ਬਲਦ ਹਲ਼ ਵਾਹੁਣ ਵਿੱਚ ਵਰਤੇ ਜਾਂਦੇ ਉੱਥੇ ਵਧੇਰੇ ਕਰਕੇ ਬੋਤਾ ਜਾਂ ਬੋਤੀ ਖੂਹ ਗੇੜਨ ਦੇ ਕੰਮ ਵਿੱਚ ਵਰਤੇ ਜਾਂਦੇ ਹਨ ਕਿਉਂਕਿ ਇਹ ਬਲਦਾਂ ਦੇ ਮੁਕਾਬਲੇ ਵਧੇਰੇ ਤਾਕਤਵਰ ਤੇ ਭੁੱਖ ਪਿਆਸ ਸਹਿ ਲੈਣ ਵਾਲਾ ਜੀਵ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇਸ ਤੋਂ ਹਲ਼ ਵਾਹੁਣ ਦਾ ਕੰਮ ਵੀ ਲਿਆ ਜਾਂਦਾ ਹੈ। ਅਜਿਹਾ ਵਧੇਰੇ ਕਰਕੇ ਰੇਤੀਲੇ ਇਲਾਕਿਆਂ ਵਿੱਚ ਹੁੰਦਾ ਸੀ। ਕੋਈ ਜੱਟ ਜਦੋਂ ਰੇਤਲੇ ਟਿੱਬਿਆਂ ਨੂੰ ਵਾਹ ਕੇ ਮੈਦਾਨ ਕਰਨ ਲਈ ਬੋਤਾ ਜੋੜ ਕੇ ਚਲਦਾ ਤਾਂ ਇਹ ਆਮ ਕਰਕੇ ਗਾਇਆ ਜਾਂਦਾ:
ਜੱਟ ਜੋੜ ਕੇ ਬਾਗੜੀ ਬੋਤਾ
ਟਿੱਬਿਆਂ ਨੂੰ ਵਾਹੁਣ ਚੱਲਿਆ
ਪੁਰਾਤਨ ਪੰਜਾਬ ਅੰਦਰ ਬੋਤਾ ਪੰਜਾਬੀਆਂ ਦੀਆਂ ਖ਼ੁਸ਼ੀਆਂ ਆਦਿ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਕੀਤਾ ਜਾਂਦਾ। ਬੋਤੇ ਅਤੇ ਬੋਤੀਆਂ ਜੰਙ ਚੜ੍ਹਨ ਵੇਲੇ ਚਾਅ ਨਾਲ ਸ਼ਿੰਗਾਰੇ ਜਾਂਦੇ। ਬੋਤੇ ਦੀ ਮੁਹਾਰ, ਕਾਠੀ ਆਦਿ ’ਤੇ ਪਿੱਤਲ ਦੇ ਕੋਕੇ ਜੜੇ ਜਾਂਦੇ। ਲੋਗੜੀ ਦੇ ਫੁੱਲ ਲਾਏ ਜਾਂਦੇ ਕੋਡੀਆਂ। ਆਦਿ ਲਾ ਕੇ ਇਨ੍ਹਾਂ ਨੂੰ ਖ਼ੂਬ ਸ਼ਿੰਗਾਰਿਆ ਜਾਂਦਾ। ਬੋਤੀ ਦੇ ਪੈਰੀਂ ਝਾਂਜਰਾਂ ਪਾਈਆਂ ਜਾਂਦੀਆਂ। ਇਸ ਤਰ੍ਹਾਂ ਇਸ ਜਾਨਵਰ ਨੂੰ ਰੀਝ ਨਾਲ ਸ਼ਿੰਗਾਰ ਕੇ ਵਿਆਹਾਂ ਮੇਲਿਆਂ, ਰਿਸ਼ਤੇਦਾਰੀਆਂ ਆਦਿ ਵਿੱਚ ਮਾਣ ਨਾਲ ਢੁਕਿਆ ਜਾਂਦਾ ਤੇ ਉਹ ਜਲੌਅ ਬੜੇ ਮਨਮੋਹਕ ਤੇ ਵੇਖਣ ਵਾਲੇ ਹੁੰਦੇ। ਕੋਈ ਪੰਜਾਬੀ ਗੱਭਰੂ ਜਦੋਂ ਆਪਣੀ ਘਰਵਾਲੀ ਨੂੰ ਬੋਤੇ ’ਤੇ ਬਿਠਾ ਕੇ ਤੁਰਦਾ ਤਾਂ ਉਹ ਤੇਜ਼ ਰਫ਼ਤਾਰ ਤੋਂ ਡਰਦੀ ਆਖਦੀ:
ਬੋਤਾ ਹੋਲੀ ਤੋਰ ਮਿੱਤਰਾ
ਮੇਰਾ ਨਰਮ ਕਾਲਜਾ ਧੜਕੇ
ਇਸੇ ਤਰ੍ਹਾਂ ਜਦੋਂ ਕੋਈ ਗੱਭਰੂ ਆਪਣੀ ਮੁਟਿਆਰ ਘਰਵਾਲੀ ਦੇ ਪੇਕੇ ਪਿੰਡ ਨੇੜਿਓਂ ਉਸਨੂੰ ਬੋਤੇ ’ਤੇ ਬਿਠਾਕੇ ਲੰਘਦਾ ਤਾਂ ਉਹ ਉਸ ਕੋਲ ਆਪਣੀ ਮਾਂ ਨੂੰ ਮਿਲ ਚਲਣ ਲਈ ਆਖਦੀ ਹੋਈ ਕਹਿੰਦੀ:
ਬੋਤਾ ਬੰਨ੍ਹ ਅੰਬੀਆਂ ਦੀ ਛਾਵੇਂ
ਬੇਬੇ ਜੀ ਨੂੰ ਮਿਲ ਚਲੀਏ
ਪੰਜਾਬੀ ਪ੍ਰਾਹੁਣਚਾਹੀ ਦੇ ਸੰਦਰਭ ਵਿੱਚ ਪੰਜਾਬ ਦੀਆਂ ਲੋਕ ਬੋਲੀਆਂ, ਗੀਤਾਂ, ਟੱਪਿਆਂ ਆਦਿ ਵਿੱਚ ਵੀ ਬੋਤੇ ਦਾ ਵਿਸ਼ੇਸ਼ ਕਰਕੇ ਜ਼ਿਕਰ ਹੁੰਦਾ ਰਿਹਾ ਹੈ। ਖ਼ਾਸਕਰ ਮਾਲਵੇ ਦੇ ਲੋਕ ਕਾਵਿ ਵਿੱਚ ਬੋਤਾ ਬੜਾ ਅਹਿਮ ਸਥਾਨ ਰੱਖਦਾ ਹੈ:
ਆ ਵੇ ਨਾਜਰਾ ਬਹਿ ਵੇ ਨਾਜਰਾ,
ਬੋਤਾ ਬੰਨ੍ਹ ਦਰਵਾਜ਼ੇ,
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ
ਮੇਰੀ ਧਮਕ ਪਏ ਦਰਵਾਜ਼ੇ
ਪੁਰਾਣੇ ਸਮਿਆਂ ਵਿੱਚ ਜਿੱਥੇ ਲੱਕੜ ਕਾਠ ਦੀ ਚੋਰੀ ਆਮ ਸੀ ਉੱਥੇ ਹੀ ਮਾਲ ਡੰਗਰ ਦੀ ਚੋਰੀ ਵੀ ਆਮ ਗੱਲ ਸੀ। ਇਸ ਵਿੱਚ ਮੱਝ, ਗਾਂ, ਬੱਕਰੀ ਘੋੜੀ ਆਦਿ ਦੇ ਨਾਲ-ਨਾਲ ਬੋਤੇ ਦੀ ਵੀ ਚੋਰੀ ਸੀ ਜੋ ਬੜੀ ਸਫ਼ਾਈ ਨਾਲ ਕੀਤੀ ਜਾਂਦੀ ਤੇ ਇਸ ਤਰ੍ਹਾਂ ਦੀ ਚੋਰੀ ਕਰਨਾ ਬੜੀ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ। ਇਸ ਬਾਰੇ ਪੰਜਾਬੀ ਲੋਕ ਕਾਵਿ ਵਿੱਚ ਵੀ ਸੰਕੇਤ ਪ੍ਰਾਪਤ ਹੁੰਦੇ ਹਨ। ਮਲਵਈ ਬੋਲੀਆਂ ਵਿੱਚ ਇੱਕ ਬੋਲੀ ਬੜੀ ਹਰਮਨ ਪਿਆਰੀ ਕਹੀ ਜਾ ਸਕਦੀ ਹੈ:
ਗਲੀ ਗਲੀ ਵਣਜਾਰਾ ਫਿਰਦਾ
ਲੱਪ ਕੁ ਸੁਰਮਾ ਲੋਰੀ ਦਾ
ਭਰੀ ਸਲਾਈ ਨੈਣੀ ਪਾ ਕੇ
ਨੈਣਾਂ ਦਾ ਦੁੱਖ ਤੋੜੀ ਦਾ
ਫੁੱਲਾਂ ਨਾਲ ਸ਼ਿੰਗਾਰਿਆ ਗੱਡਾ,
ਹੋਲ਼ੀ-ਹੋਲ਼ੀ ਤੋਰੀ ਦਾ,
ਮੈਂ ਨਾ ਜ਼ਾਲਮਾ ਬਹਿੰਦੀ
ਵੇ ਬੋਤਾ ਚੋਰੀ ਦਾ
ਊਠ ਜਾਂ ਬੋਤੇ ਦੀ ਬਦੀ ਬੜੀ ਮਾੜੀ ਮੰਨੀ ਜਾਂਦੀ ਹੈ। ਸੁਣਿਆ ਜਾਂਦਾ ਹੈ ਕਿ ਇਹ ਜੇ ਕਿਸੇ ਦੇ ਵੈਰ ਪੈ ਜਾਵੇ ਤਾਂ ਇਹ ਖੋਰ ਨਹੀਂ ਛੱਡਦਾ। ਇਸ ਦੀ ਯਾਦਦਾਸ਼ਤ ਬੜੀ ਤੇਜ਼ ਹੁੰਦੀ ਹੈ। ਬੋਤਾ ਜੋ ਪੰਜਾਬ ਵਿੱਚ ਅਹਿਮ ਥਾਂ ਰੱਖਦਾ ਹੈ ਤੇ ਲਗਪਗ ਹਰ ਸਰਦੇ ਪੁੱਜਦੇ ਘਰ ਦੀ ਸ਼ਾਨ ਹੁੰਦਾ ਸੀ। ਕਿਸੇ ਘਰ ਪਰਿਵਾਰ ਵਿੱਚ ਜਦੋਂ ਕੋਈ ਮਨ ਮੁਟਾਵ ਹੁੰਦਾ ਤਾਂ ਧੀ ਆਪਣੇ ਬਾਪੂ ਨੂੰ ਅੱਡ ਹੋਣ ਦਾ ਸੁਨੇਹਾ ਦਿੰਦੀ ਅਤੇ ਅੱਡ ਹੋਣ ’ਤੇ ਉਸਨੂੰ ਜੋ ਚੀਜ਼ਾਂ ਪਸੰਦ ਸਨ ਉਨ੍ਹਾਂ ਨੂੰ ਬਟਵਾਰੇ ਵਿੱਚ ਲੈ ਦੇਣ ਨੂੰ ਕਹਿੰਦੀ। ਇਸ ਬਾਰੇ ਜਗਮੋਹਨ ਕੌਰ ਦਾ ਇੱਕ ਗੀਤ ਵੀ ਬੜਾ ਮਸ਼ਹੂਰ ਹੋਇਆ ਸੀ:
ਬਾਪੂ ਵੇ ਅੱਡ ਹੁੰਨੀ ਆਂ
ਗੈਂ ਲੈ ਦੇ
ਇੱਕ ਮੈਂਹਿ ਲੈ ਦੇ
ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ
ਅੱਡ ਹੁੰਨੀ ਆਂ
ਇਸ ਤਰ੍ਹਾਂ ਦੇ ਪੰਜਾਬੀ ਜਨ ਮਾਨਸ ਦੇ ਜੀਵਨ ਵੀ ਤਸਵੀਰ ਪੇਸ਼ ਕਰਦੇ ਗੀਤਾਂ, ਲੋਕ ਬੋਲੀਆਂ, ਟੱਪਿਆਂ ਆਦਿ ਵਿੱਚ ਬੋਤਾ ਇੱਕ ਖ਼ਾਸ ਥਾਂ ਰੱਖਦਾ ਹੈ। ਇਹ ਜਿੱਥੇ ਪੁਰਾਣੇ ਸਮਿਆਂ ਵਿੱਚ ਕਈ ਤਰ੍ਹਾਂ ਦੇ ਕੰਮਾਂ ਕਾਰਾਂ ਵਿੱਚ ਵਰਤਿਆ ਜਾਂਦਾ ਰਿਹਾ ਉੱਥੇ ਯੁੱਧਾਂ, ਜੰਗਾਂ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਰਹੀ। ਅਜੋਕੇ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਇਸ ਦੀ ਤਾਦਾਦ ਘਟਦੀ ਜਾ ਰਹੀ ਹੈ। ਹੁਣ ਸਿਰਫ਼ ਮਾਲਵੇ ਵਿੱਚ ਹੀ ਵਧੇਰੇ ਕਰਕੇ ਰਤੀਲੇ ਇਲਾਕਿਆਂ ਵਿੱਚ ਇਹ ਜੀਵ ਵੇਖਣ ਨੂੰ ਮਿਲਦਾ ਹੈ। ਅੱਜ ਨਾ ਤਾਂ ਕਿਸੇ ਨੂੰ ਬੋਤੇ ਵਰਗੇ ਜਾਨਵਰ ਨੂੰ ਰੱਖਣ ਦਾ ਸ਼ੌਕ ਹੈ ਅਤੇ ਨਾ ਹੀ ਸਫਰ ਲਈ ਇਸ ਦੀ ਸਵਾਰੀ ਵਾਸਤੇ ਸਮਾਂ ਹੈ। ਅੱਜ ਮਸ਼ੀਨੀ ਯੁੱਗ ਅਤੇ ਤੇਜ਼ ਰਫ਼ਤਾਰ ਆਵਾਜਾਈ ਦੇ ਸਾਧਨਾਂ ਨੇ ਇਨ੍ਹਾਂ ਜਾਨਵਰਾਂ ਤੇ ਇਨਸਾਨ ਵਿਚਲੇ ਸਬੰਧਾਂ ਵਿੱਚ ਪਾੜਾ ਪਾ ਦਿੱਤਾ ਹੈ, ਪਰ ਸੱਚ ਤਾਂ ਇਹ ਹੈ ਕਿ ਊਠ ਜਾਂ ਬੋਤਾ ਸਿਰਫ਼ ਕੰਮਾਂ-ਕਾਰਾਂ ਲਈ ਉਪਯੋਗੀ ਜੀਵ ਹੀ ਨਹੀਂ ਸਗੋਂ ਸਾਡੇ ਪੰਜਾਬੀ ਸੱਭਿਆਚਾਰ ਸੰਸਕ੍ਰਿਤੀ ਅਤੇ ਵਿਰਸੇ ਦਾ ਸ਼ਿੰਗਾਰ ਵੀ ਰਿਹਾ ਹੈ। ਪੰਜਾਬ ਨਾਲ ਇਸ ਦਾ ਰਿਸ਼ਤਾ ਜਿੰਨਾ ਪੁਰਾਣਾ ਰਿਹਾ ਹੈ ਉੰਨਾ ਹੀ ਗਹਿਰਾ ਵੀ।

ਲਖਬੀਰ ਸਿੰਘ ਦੌਦਪੁਰ  ਸੰਪਰਕ : 99924-00948