Gold Price: 25 ਦਿਨਾਂ ‘ਚ 4100 ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਅੱਜ ਦੀ ਕੀਮਤ

0
97

ਮੁੰਬਈ (ਏਜੰਸੀ) : ਚਾਲੂ ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀ ਖ਼ਰੀਦਦਾਰੀ ਤੇਜ਼ੀ ਨਾਲ ਹੋ ਰਹੀ ਹੈ। ਇਹੀ ਕਾਰਨ ਹੈ ਕਿ ਅਕਤੂਬਰ ਵਿਚ ਹੁਣ ਤੱਕ ਸਿਰਫ਼ 25 ਦਿਨਾਂ ਵਿਚ ਸੋਨੇ ਦੇ ਮੁੱਲ ਵਿਚ 4150 ਰੁਪਏ ਪ੍ਰਤੀ ਦਸ ਗ੍ਰਾਮ ਦਾ ਵਾਧਾ ਹੋ ਚੁੱਕਾ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਡਾਟਾ ਮੁਤਾਬਕ 3 ਅਕਤੂਬਰ ਨੂੰ ਮੁੰਬਈ ਵਿਚ ਸੋਨੇ ਦਾ ਮੁੱਲ 56675 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ 27 ਅਕਤੂਬਰ ਨੂੰ ਵੱਧ ਕੇ 60825 ਰੁਪਏ ’ਤੇ ਪੁੱਜ ਗਿਆ। ਉਥੇ ਦਿੱਲੀ ਵਿਚ ਤਿੰਨ ਅਕਤੂਬਰ ਨੂੰ ਸੋਨੇ ਦਾ ਮੁੱਲ 57550 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ ਅਕਤੂਬਰ ਵਿਚ 4450 ਰੁਪਏ ਵੱਧ ਕੇ 62 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ’ਤੇ ਪੁੱਜ ਗਿਆ।

ਸੋਨੇ ਦੇ ਮੁੱਲ ਵਿਚ ਇਹ ਤੇਜ਼ ਵਾਧਾ ਉਸ ਸਮੇਂ ਹੋਇਆ ਹੈ, ਜਦੋਂ ਧਨਤੇਰਸ ਦੇ ਮੁਬਾਰਕ ਮੌਕੇ ਦੇ ਨਾਲ ਹੀ ਤਿਉਹਾਰੀ ਤੇ ਵਿਆਹਾਂ ਦੇ ਮੌਸਮ ਵਿਚ ਗਹਿਣਿਆਂ ਦੀ ਮੰਗ ਵੱਧ ਜਾਂਦੀ ਹੈ। ਇਸ ਵਾਰ ਧਨਤੇਰਸ 10 ਨਵੰਬਰ ਨੂੰ ਮਨਾਈ ਜਾਣੀ ਹੈ। ਇਸ ਕੀਮਤ ਧਾਤ ਦੇ ਮੁੱਲ ਵਿਚ ਘਰੇਲੂ ਹੀ ਨਹੀਂ ਬਲਕਿ ਕੌਮਾਂਤਰੀ ਬਾਜ਼ਾਰ ਵਿਚ ਤੇਜ਼ੀ ਆ ਰਹੀ ਹੈ। ਲੰਘੇ ਹਫ਼ਤੇ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦਾ ਮੁੱਲ 2000 ਡਾਲਰ ਪ੍ਰਤੀ ਔਂਸ ਤੋਂ ਪਾਰ ਪੁੱਜ ਗਿਆ ਜੋ ਕਿ ਪਹਿਲਾਂ 1900 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਬਣਿਆ ਹੋਇਆ ਸੀ। ਇਕ ਔਂਸ ਵਿਚ ਕਰੀਬ 28 ਗ੍ਰਾਮ ਹੁੰਦੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵੱਧਦੇ ਸਿਆਸੀ ਤਣਾਅ ਤੇ ਇਜ਼ਰਾਈਲ-ਹਮਾਸ ਟਕਰਾਅ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਸੋਨਾ ਦਾ ਮੁੱਲ ਵਧਿਆ ਹੈ।

ਕਾਮਾ ਜਵੈਲਰੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਸੋਨਾ ਖ਼ਰੀਦਣਾ ਸਾਡੀ ਭਾਵਨਾ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਭਾਰਤੀ ਸੱਭਿਆਚਾਰ ਵਿਚ ਵਿਆਹਾਂ ਦੌਰਾਨ ਗਹਿਣੇ ਦੇਣ ਦੀ ਰਵਾਇਤ ਹੈ। ਇਸ ਨੂੰ ਵੇਖਦੇ ਹੋਏ ਅੱਗੇ ਵੀ ਸੋਨੇ ਦੀ ਮੰਗ ਵਿਚ ਤੇਜ਼ੀ ਬਣੀ ਰਹੇਗੀ ਜਿਸ ਨਾਲ ਉਸ ਦਾ ਮੁੱਲ ਹੋਰ ਵੱਧ ਸਕਦਾ ਹੈ। ਸ਼ੇਅਰ ਬਾਜ਼ਾਰਾਂ ਦੀ ਅਸਥਿਰਤਾ ਨੇ ਵੀ ਨਿਵੇਸ਼ਕਾਂ ਨੂੰ ਸੁਰੱਖਿਅਤ ਨਿਵੇਸ਼ ਲਈ ਪ੍ਰੇਰਿਆ ਹੈ। ਸੋਨੇ ਵਿਚ ਨਿਵੇਸ਼ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ।