ਭੀੜਤੰਤਰ ਨੂੰ ਲਗਾਮ ਪਾਉਣ ਦਾ ਵੇਲ਼ਾ

0
260

ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਭੀੜ ਵੱਲੋਂ ਕੀਤੀ ਹਿੰਸਾ ਬਾਰੇ ਬਹਿਸ ਨੇ ਬਹੁਤ ਜ਼ੋਰ ਫੜਿਆ ਹੋਇਆ ਹੈ। ਖ਼ਾਸ ਤੌਰ ’ਤੇ ਗਊ ਰੱਖਿਆ ਦੇ ਨਾਂ ’ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭੀੜ ਵੱਲੋਂ ਕੀਤੇ ਹਿੰਸਕ ਹਮਲਿਆਂ ਨੇ ਦੇਸ਼ ਦੇ ਆਪਸੀ ਭਾਈਚਾਰੇ ਅਤੇ ਗੰਗਾ ਯਮੁਨਾ ਤਹਿਜ਼ੀਬ ’ਤੇ ਵੱਡੀ ਸੱਟ ਮਾਰੀ ਹੈ। ਨਾ ਸਿਰਫ਼ ਗਊ ਰੱਖਿਆ ਦੇ ਮਾਮਲੇ ਵਿੱਚ ਬਲਕਿ ਇਸ ਤੋਂ ਇਲਾਵਾ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਲੈ ਕੇ ਜਿਸ ਤਰ੍ਹਾਂ ਭੀੜ ਹਿੰਸਕ ਹੋ ਜਾਂਦੀ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਰਾਜਧਾਨੀ ਦਿੱਲੀ ਵਿੱਚ ਇਸ ਰੁਝਾਨ ਦੇ ਵਿਰੋਧ ਵਿੱਚ ਲਗਪਗ ਰੋਜ਼ਾਨਾ ਧਰਨੇ ਪ੍ਰਦਰਸ਼ਨ ਵੀ ਵੇਖਣ ਨੂੰ ਮਿਲ ਰਹੇ ਹਨ। ਗਊ ਰੱਖਿਆ ਦੇ ਨਾਮ ’ਤੇ ਭੀੜ ਵੱਲੋਂ ਕਈ ਥਾਵਾਂ ’ਤੇ ਕੀਤੀ ਹਿੰਸਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੱਸ਼ਟ ਚਿਤਾਵਨੀ ਨਾਲ ਵੀ ਇਸ ਰੁਝਾਨ ਨੂੰ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ ਹੈ।
ਦਰਅਸਲ ਭੀੜ ਵੱਲੋਂ ਘੇਰ ਕੇ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਕਿਰਿਆ ਨੂੰ ਜੇ ਵੇਖਿਆ ਜਾਵੇ ਤਾਂ ਉਹ ਕਿਸੇ ਧਰਮ ਜਾਂ ਜਾਤ ਨਾਲ ਜੁੜੀ ਨਹੀਂ ਹੈ। ਸਾਡੇ ਸਮਾਜ ਦੇ ਹਰ ਖੇਤਰ ਵਿੱਚ ਇਹ ਰੁਝਾਨ ਬੜੀ ਤੇਜ਼ੀ ਨਾਲ ਪਨਪ ਰਿਹਾ ਹੈ। ਕਈ ਥਾਵਾਂ ’ਤੇ ਭੀੜ ਨੂੰ ਬਾਕਾਇਦਾ ਇਕੱਠਾ ਕੀਤਾ ਜਾਂਦਾ ਹੈ ਅਤੇ ਕੁਝ ਥਾਵਾਂ ’ਤੇ ਆਪ ਇਕੱਠੀ ਭੀੜ ਵੱਲੋਂ ਕਿਸੇ ਸੰਵੇਦਨਸ਼ੀਲ ਮੁੱਦੇ ’ਤੇ ਪ੍ਰਤੀਕਰਮ ਵੱਜੋਂ ਇਹ ਘਟਨਾਵਾਂ ਵਾਪਰ ਰਹੀਆਂ ਹਨ। ਅਕਸਰ ਭੀੜ ਕੋਲ ਸਾਹਮਣੇ ਖੜ੍ਹੇ ਵਿਅਕਤੀ ਦੀਆਂ ਚੰਗਿਆਈਆਂ ਜਾਂ ਬੁਰਾਈਆਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੁੰਦੀ, ਉਹ ਤਾਂ ਸਿਰਫ਼ ਮੌਕੇ ਦੀ ਉਕਸਾਹਟ ਦਾ ਨਤੀਜਾ ਹੁੰਦੀ ਹੈ। ਅਸਲ ਵਿੱਚ ਭੀੜ ਦਾ ਹਿੱਸਾ ਬਣ ਕੇ ਜੁਰਮ ਕਰਨਾ ਸੁਖਾਲਾ ਹੋ ਜਾਂਦਾ ਹੈ ਕਿਉਂ ਕਿ ਭੀੜ ਨੂੰ ਕਦੇ ਜੁਰਮ ਕੀਤੇ ਦੀ ਸਜ਼ਾ ਨਹੀਂ ਮਿਲਦੀ। ਇਹੀ ਕਾਰਨ ਹੈ ਕਿ ਹਿੰਸਕ ਹੋਣ ਲੱਗੇ ਭੀੜ ਦੀ ਇਹੀ ਮਾਨਸਿਕਤਾ ਹੁੰਦੀ ਹੈ ਕਿ ਅਸੀਂ ਜੋ ਮਰਜ਼ੀ ਕਰੀਏ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਜਦ ਕੋਈ ਭੀੜ ਬਿਨਾਂ ਕਿਸੇ ਸੋਚ ਤੋਂ ਭੜਕ ਜਾਂਦੀ ਹੈ ਅਤੇ ਸਾਹਮਣੇ ਖੜ੍ਹੇ ਇਨਸਾਨ ਨਾਲ ਨਫ਼ਰਤ ਨਾਲ ਭਰ ਜਾਂਦੀ ਹੈ ਤਾਂ ਅਕਸਰ ਇਹ ਭੀੜ ਹਿੰਸਕ ਹੋ ਜਾਂਦੀ ਹੈ। ਉਹ ਅਜਿਹੇ ਵਿਅਕਤੀ ਨੂੰ ਹਿੰਸਾ ਦਾ ਸ਼ਿਕਾਰ ਬਣਾ ਲੈਂਦੀ ਹੈ ਜਿਸ ਨਾਲ ਉਸਦਾ ਕਦੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਦੂਰ ਦੂਰ ਤਕ ਕੋਈ ਵਾਸਤਾ ਵੀ ਨਹੀਂ ਰਿਹਾ ਹੁੰਦਾ। ਅਜਿਹੀ ਭੀੜ ਬੜੀ ਖ਼ਤਰਨਾਕ ਹੁੰਦੀ ਹੈ। ਅਜਿਹੀ ਹਿੰਸਾ ਵਿੱਚ ਸਾਧਾਰਨ ਭੀੜ ਦੇ ਨਾਲ ਕੁਝ ਸਵਾਰਥੀ ਤੱਤ ਵੀ ਸ਼ਾਮਿਲ ਹੋ ਜਾਂਦੇ ਹਨ ਜਿਨ੍ਹਾਂ ਦਾ ਮਕਸਦ ਅਜਿਹੀਆਂ ਘਟਨਾਵਾਂ ਨਾਲ ਸਿਰਫ਼ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ਉਹ ਅਜਿਹੇ ਮੌਕਿਆਂ ਦਾ ਫ਼ਾਇਦਾ ਉਠਾ ਕੇ ਲੁੱਟਮਾਰ ਕਰਦੇ ਹਨ। ਅਕਸਰ ਭੀੜ ਨੂੰ ਉਕਸਾਉਣ ਦਾ ਕੰਮ ਵੀ ਇਹੀ ਜਮਾਤ ਕਰਦੀ ਹੈ। ਦੰਗਿਆਂ ਦੌਰਾਨ ਤਾਂ ਅਜਿਹੇ ਅਨਸਰਾਂ ਦੀ ਚਾਂਦੀ ਹੋ ਜਾਂਦੀ ਹੈ। ਉਹ ਕੋਸ਼ਿਸ਼ ਕਰਦੇ ਹਨ ਕਿ ਕਿਸੇ ਸੰਵੇਦਨਸ਼ੀਲ ਮੁੱਦੇ ’ਤੇ ਇਲਾਕੇ ਦੇ ਹਾਲਾਤ ਇੰਨੇ ਖ਼ਰਾਬ ਹੋ ਜਾਣ ਕਿ ਸਮਾਜ ਕਈ ਹਿੱਸਿਆਂ ਵਿੱਚ ਵੰਡਿਆ ਜਾਵੇ ਅਤੇ ਹਿੰਸਾ ਭੜਕ ਜਾਵੇ। ਅਜਿਹੇ ਮੌਕੇ ਦਾ ਫ਼ਾਇਦਾ ਇਹ ਲੁਟੇਰਾ ਜਮਾਤ ਉਠਾਉਂਦੀ ਹੈ। ਕਿਸੇ ਵੀ ਸੱਭਿਅਕ ਸਮਾਜ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੁੰਦੀ, ਪਰ ਭਾਰਤੀ ਉਪ ਮਹਾਂਦੀਪ ਅਤੇ ਅਰਬ ਦੇਸ਼ਾਂ ਵਿੱਚ ਇਹ ਰੁਝਾਨ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਪੱਛਮੀ ਦੇਸ਼ਾਂ ਵਿੱਚ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ।
ਸੰਵੇਦਨਸ਼ੀਲ ਸਮਾਜਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾਵੇ ਅਤੇ ਹਰ ਤਬਕੇ ਨੂੰ ਨਾਲ ਲੈ ਕੇ ਵਿਕਾਸ ਦੇ ਰਾਹ ਲੱਭੇ ਜਾਣ ਅਤੇ ਦੇਸ਼ ਵਿੱਚ ਅਮਨ ਤੇ ਸ਼ਾਂਤੀ ਦਾ ਮਾਹੌਲ ਪੈਦਾ ਕਰ ਕੇ ਦੇਸ਼ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਅਜਿਹੇ ਸਮਾਜ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਦੀ ਹਮੇਸ਼ਾਂ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹੇ ਦੇਸ਼ਾਂ ਵਿੱਚ ਸਰਕਾਰਾਂ ਬਦਲਣ ਨਾਲ ਨੀਤੀਆਂ ਵਿੱਚ ਬਹੁਤ ਘੱਟ ਪਰਿਵਰਤਨ ਵੇਖਣ ਨੂੰ ਮਿਲਦੇ ਹਨ। ਜੇਕਰ ਸਰਕਾਰ ਕਿਸੇ ਤਰ੍ਹਾਂ ਦਾ ਵੱਡਾ ਬਦਲਾਅ ਲਿਆਉਣਾ ਚਾਹੁੰਦੀ ਹੈ ਤਾਂ ਲੋਕ ਰਾਏ ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਅਜਿਹੇ ਫ਼ੈਸਲਿਆਂ ਤੋਂ ਪਹਿਲਾਂ ਲੋਕਾਂ ਤੋਂ ਸਿੱਧਾ ਫ਼ਤਵਾ ਹਾਸਲ ਕੀਤਾ ਜਾਂਦਾ ਹੈ।
ਸੰਸਦ ਦੇ ਮੌਜੂਦਾ ਸਤਰ ਵਿੱਚ ਸੱਤਾ ਤੇ ਵਿਰੋਧੀ ਦਲਾਂ ਵਿੱਚ ਜ਼ੋਰਦਾਰ ਝੜਪ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਸੱਤਾ ਪੱਖ ਦਾ ਕਹਿਣਾ ਹੈ ਕਿ ਅਜਿਹੀ ਭੀੜ ਨੂੰ ਕਿਸੇ ਤਰ੍ਹਾਂ ਦੀ ਰਾਜਨੀਤਕ ਪੁਸ਼ਤ ਪਨਾਹੀ ਹਾਸਲ ਨਹੀਂ ਹੈ ਅਤੇ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਗਊ ਰੱਖਿਆ ਦੇ ਨਾਮ ’ਤੇ ਕੀਤੀ ਜਾ ਰਹੀ ਹਿੰਸਾ ਦੀ ਨਿਖੇਧੀ ਨੂੰ ਵੀ ਸੱਤਾਪੱਖ ਜ਼ੋਰ ਸ਼ੋਰ ਨਾਲ ਉਠਾ ਰਿਹਾ ਹੈ। ਦੂਜੇ ਪਾਸੇ ਵਿਰੋਧੀ ਮੈਂਬਰ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਮਹਿਜ਼ ਵਿਖਾਵਾ ਕਹਿ ਕੇ ਖਾਰਿਜ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਸ਼ਹਿ ਤੋਂ ਬਿਨਾਂ ਅਜਿਹੀਆਂ ਘਟਨਾਵਾਂ ਵਿੱਚ ਤੇਜ਼ੀ ਆਉਣੀ ਸੰਭਵ ਹੀ ਨਹੀਂ ਹੈ। ਸਰਕਾਰ ਨੂੰ ਸਪੱਸ਼ਟ ਨੀਤੀ ਬਣਾ ਕੇ ਅਜਿਹੀਆਂ ਘਟਨਾਵਾਂ ਦੇ ਪਿੱਛੇ ਕੰਮ ਕਰ ਰਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਅਸਲ ਵਿੱਚ ਭੀੜ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਵੀ ਪੂਰਾ ਰਾਜਨੀਤਕ ਰੰਗ ਦੇ ਦਿੱਤਾ ਗਿਆ ਹੈ। ਆਪਣੀ ਸਹੂਲਤ ਅਨੁਸਾਰ ਨਾ ਸਿਰਫ਼ ਰਾਜਨੇਤਾ ਬਿਆਨ ਦੇ ਰਹੇ ਹਨ ਸਗੋਂ ਆਮ ਲੋਕ ਵੀ ਹੁਣ ਆਪਣੇ ਰਾਜਨੀਤਕ ਝੁਕਾਅ ਅਨੁਸਾਰ ਹੀ ਅਜਿਹੀਆਂ ਘਟਨਾਵਾਂ ’ਤੇ ਪ੍ਰਤੀਕਰਮ ਦੇ ਰਹੇ ਹਨ। ਇਹ ਬੜੀ ਖ਼ਤਰਨਾਕ ਪ੍ਰਵਿਰਤੀ ਹੈ।
ਸਭ ਤੋਂ ਪਹਿਲਾਂ ਸਾਨੂੰ ਭੀੜ ਵੱਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਇੱਕ ਰਾਏ ਨਾਲ ਨਿੰਦਾ ਕਰਨੀ ਹੋਵੇਗੀ ਅਤੇ ਅਜਿਹੀ ਹਿੰਸਾ ਤੋਂ ਤੌਬਾ ਕਰਨੀ ਹੋਵੇਗੀ। ਭੀੜ ਵਿੱਚ ਰਹਿੰਦੇ ਹੋਏ ਸਭ ਨੂੰ ਭੀੜ ਦੀ ਮਾਨਸਿਕਤਾ ਤੋਂ ਬਾਹਰ ਨਿਕਲਣ ਦੀ ਆਦਤ ਵੀ ਪਾਉਣੀ ਪਵੇਗੀ। ਜਦੋਂ ਤਕ ਸਮਾਜ ਹਿੰਸਕ ਭੀੜ ਤੋਂ ਬਾਹਰ ਨਹੀਂ ਨਿਕਲੇਗਾ ਉਸ ਸਮੇਂ ਤਕ ਭੀੜ ਦੀ ਹਿੰਸਾ ਤੋਂ ਕੋਈ ਵੀ ਨਹੀਂ ਬਚ ਸਕੇਗਾ। ਖ਼ਾਸ ਤੌਰ ’ਤੇ ਉਹ ਲੋਕ ਜੋ ਭੀੜ ਦਾ ਹਿੱਸਾ ਬਣਨ ਤੋਂ ਇਨਕਾਰ ਕਰਦੇ ਹਨ ਅਤੇ ਆਪਣੀ ਆਜ਼ਾਦਾਨਾ ਰਾਏ ਰੱਖਦੇ ਹਨ। ਅਜਿਹੇ ਲੋਕ ਹਿੰਸਕ ਭੀੜ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ। ਮਨੁੱਖ ਸੱਭਿਅਤਾ ਅਤੇ ਦੇਸ਼ ਦੇ ਵਿਕਾਸ ਲਈ ਨਰੋਏ ਸਮਾਜ ਦਾ ਨਿਰਮਾਣ ਬੇਹੱਦ ਜ਼ਰੂਰੀ ਹੈ ਅਤੇ ਅਜਿਹੀ ਹਾਲਤ ਵਿੱਚ ਸਰਕਾਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪਹਿਲਕਦਮੀ ਕਰਨੀ ਪਵੇਗੀ।

ਪ੍ਰੋ. ਸ਼ੋਇਬ ਜ਼ਫ਼ਰ    ਸੰਪਰਕ: 95012-66055