70 ਰੁਪਏ ਤਕ ਪਹੁੰਚੇਗਾ ਡਾਲਰ

0
368

ਮੁੰਬਈ— ਭਾਰਤੀ ਕਰੰਸੀ ਇਸ ਸਾਲ ਦਸੰਬਰ ਤਕ ਕਮਜ਼ੋਰ ਹੋ ਕੇ 70 ਰੁਪਏ ਪ੍ਰਤੀ ਡਾਲਰ ਤਕ ਪਹੁੰਚ ਸਕਦੀ ਹੈ, ਜਿਸ ਨਾਲ ਵਿਦੇਸ਼ ਘੁੰਮਣਾ ਮਹਿੰਗਾ ਹੋ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਵਪਾਰ ਯੁੱਧ ਕਾਰਨ ਰੁਪਏ ‘ਚ ਗਿਰਾਵਟ ਆਉਣ ਦਾ ਖਦਸ਼ਾ ਹੈ। ਉਧਰ ਭਾਰਤ ‘ਚ ਚੋਣਾਂ ਵਾਲਾ ਸਾਲ ਵੀ ਹੈ, ਜਿਸ ਨਾਲ ਵਟਾਂਦਰਾ ਦਰ ‘ਚ ਉਤਰਾਅ-ਚੜ੍ਹਾਅ ਰਹਿ ਸਕਦਾ ਹੈ। ਹਾਲਾਂਕਿ ਮਾਹਰਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਠੰਡਾ ਪੈ ਸਕਦਾ ਹੈ ਅਤੇ ਈਰਾਨ ‘ਤੇ ਪਾਬੰਦੀ ਵੀ ਹਟ ਸਕਦੀ ਹੈ। ਅਜਿਹੀ ਸਥਿਤੀ ‘ਚ ਰੁਪਏ ‘ਚ ਮਜਬੂਤੀ ਦੇਖਣ ਮਿਲ ਸਕਦੀ ਹੈ। ਅਮਰੀਕਾ ਦੇ ਰਸ਼ਟਰਪਤੀ ਖੁਦ ਵੀ ਡਾਲਰ ‘ਚ ਨਰਮੀ ਲਿਆਉਣ ਦੀ ਕੋਸ਼ਿਸ਼ ‘ਚ ਹਨ।

ਉਂਝ ਇਸ ਸਾਲ ਹੁਣ ਤਕ ਡਾਲਰ ਦੇ ਮੁਕਾਬਲੇ ਰੁਪਏ ‘ਚ 6.5 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ ਅਤੇ ਜੂਨ ਦੇ ਅਖੀਰ ‘ਚ ਇਹ 69.10 ਦੇ ਹੇਠਲੇ ਪੱਧਰ ‘ਤੇ ਆ ਗਿਆ ਸੀ। ਕਰੰਸੀ ਡੀਲਰਾਂ ਦਾ ਕਹਿਣਾ ਹੈ ਕਿ ਇਸ ‘ਚ 3 ਤੋਂ 4 ਫੀਸਦੀ ਦੀ ਹੋਰ ਗਿਰਾਵਟ ਆ ਸਕਦੀ ਹੈ।
ਐਕਸਿਸ ਬੈਂਕ ‘ਚ ਖਜਾਂਚੀ ਸ਼ਸ਼ੀਕਾਂਤ ਰਾਠੀ ਮੁਤਾਬਕ ਕਰੰਸੀ ਯੁੱਧ ਦਾ ਭਾਰਤ ‘ਤੇ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਅਸਰ ਨਹੀਂ ਪਵੇਗਾ ਪਰ ਚਾਲੂ ਵਿੱਤੀ ਸਾਲ ‘ਚ ਰੁਪਿਆ 68 ਤੋਂ 70 ਦੇ ਦਾਇਰੇ ‘ਚ ਰਹਿ ਸਕਦਾ ਹੈ। ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਦੇ ਸਥਾਨਕ ਬਾਜ਼ਾਰ ‘ਚ ਵਾਪਸੀ ਦੇ ਸੰਕੇਤ ਦਿਸ ਰਹੇ ਹਨ, ਜੋ ਰੁਪਏ ਲਈ ਚੰਗੇ ਹਨ, ਘੱਟੋ-ਘੱਟ ਭਾਰਤੀ ਕਰੰਸੀ ਆਉਣ ਵਾਲੇ ਮਹੀਨਿਆਂ ‘ਚ ਡਾਲਰ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਨਹੀਂ ਡਿੱਗੇਗੀ। ਇਕ ਮਾਹਰ ਦਾ ਕਹਿਣਾ ਹੈ ਕਿ ਸਾਡਾ ਚਾਲੂ ਖਾਤਾ ਅਤੇ ਰੈਵੇਨਿਊ ਘਾਟਾ ਕੰਟਰੋਲ ‘ਚ ਹਨ। ਇਸ ਲਈ ਦਸੰਬਰ ਤਕ ਡਾਲਰ ਦੇ ਮੁਕਾਬਲੇ ਰੁਪਿਆ 67.50 ਤੋਂ 68 ਦੇ ਦਾਇਰੇ ‘ਚ ਰਹਿ ਸਕਦਾ ਹੈ ਅਤੇ ਮਾਰਚ ਦੇ ਅਖੀਰ ਤਕ 66 ਤੋਂ 67 ਦੇ ਨੇੜੇ-ਤੇੜੇ ਰਹਿ ਸਕਦਾ ਹੈ।