1,038 ਕਰੋੜ ਦਾ ਕਾਲਾ ਧਨ ਹਾਂਗਕਾਂਗ ਭੇਜਣ ਦੇ ਮਾਮਲਾ

0
436

ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ ਕਥਿਤ ਤੌਰ ‘ਤੇ 1,038 ਕਰੋੜ ਰੁਪਏ ਦਾ ਕਾਲਾ ਧਨ ਹਾਂਗਕਾਂਗ ਭੇਜਣ ਦੇ ਮਾਮਲੇ ਵਿਚ 48 ਕੰਪਨੀਆਂ ਤੇ ਤਿੰਨ ਲੋਕਾਂ ਸਮੇਤ ਕੁਲ 51 ‘ਤੇ ਮੁਕੱਦਮਾ ਦਰਜ ਕੀਤਾ ਹੈ। ਮਾਮਲਾ ਸਾਲ 2014-15 ਦਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਆਦਾਤਰ ਸੰਸਥਾਵਾਂ ਨੇ ਮਾਲਕ ਚੇਨਈ ਦੇ ਰਹਿਣ ਵਾਲੇ ਹਨ। ਦੋਸ਼ ਹੈ ਕਿ ਸੰਸਥਾਵਾਂ ਨੇ ਬੈਂਕ ਆਫ ਇੰਡੀਆ, ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ 1,038 ਕਰੋੜ ਰੁਪਏ ਦਾ ਕਾਲਾ ਧਨ ਹਾਂਗਕਾਂਗ ਭੇਜ ਦਿੱਤਾ। ਸੀਬੀਆਈ ਨੂੰ ਜਾਣਕਾਰੀ ਮਿਲੀ ਕਿ 48 ਕੰਪਨੀਆਂ ਦੇ 51 ਕਰੰਟ ਖਾਤੇ ਤਿੰਨਾਂ ਬੈਂਕਾਂ ਦੀਆਂ ਚਾਰ ਸ਼ਾਖਾਵਾਂ ਵਿਚ ਸੰਚਾਲਤ ਹੋ ਰਹੇ ਹਨ। ਇਨ੍ਹਾਂ ਜ਼ਰੀਏ 1,038.34 ਕਰੋੜ ਰੁਪਏ ਵਿਦੇਸ਼ ਭੇਜੇ ਗਏ।
ਸੀਬੀਆਈ ਦਾ ਦੋਸ਼ ਹੈ ਕਿ 24 ਖਾਤਿਆਂ ਜ਼ਰੀਏ 488.39 ਕਰੋੜ ਰੁਪਏ ਵਿਦੇਸ਼ ਭੇਜੇ ਗਏ। ਦੱਸਿਆ ਗਿਆ ਕਿ ਉਕਤ ਰਾਸ਼ੀ ਸਾਮਾਨ ਦਰਾਮਦ ਕਰਨ ਲਈ ਐਡਵਾਂਸ ਦੇ ਤੌਰ ‘ਤੇ ਭੇਜੀ ਗਈ। 27 ਹੋਰ ਖਾਤਿਆਂ ਦਾ ਇਸਤੇਮਾਲ 549.95 ਕਰੋੜ ਰੁਪਏ ਵਿਦੇਸ਼ ਭੇਜਣ ਲਈ ਕੀਤਾ ਗਿਆ। ਦੱਸਿਆ ਗਿਆ ਕਿ ਉਹ ਰਾਸ਼ੀ ਭਾਰਤੀ ਸੈਲਾਨੀਆਂ ਦੇ ਵਿਦੇਸ਼ ਘੁੰਮਣ ਦੀ ਮਦ ਵਿਚ ਭੇਜੀ ਗਈ।
ਏਜੰਸੀ ਨੇ ਜਿਨ੍ਹਾਂ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ਵਿਚ ਐੱਮਆਈ ਜੌਨੀ, ਜ਼ੈੱਡ ਮਿਧਰ ਅਤੇ ਨਿਜਾਮੁਦੀਨ ਸ਼ਾਮਲ ਹਨ। ਸੀਬੀਆਈ ਦਾ ਦੋਸ਼ ਹੈ ਕਿ 24 ਵਿਚੋਂ 10 ਕੰਪਨੀਆਂ ਨੇ ਥੋੜ੍ਹੀ ਮਾਤਰਾ ਵਿਚ ਸਾਮਾਨ ਦਰਾਮਦ ਕੀਤਾ। ਕੰਪਨੀ ਵੱਲੋਂ ਬੈਂਕ ਨੂੰ ਸੌਂਪੇ ਗਏ ਬਿੱਲ ਅਤੇ ਦਰਾਮਦ ਸਾਮਾਨ ਦੇ ਮੁੱਲ ਵਿਚ ਮਿਲਾਨ ਨਹੀਂ ਹੋਇਆ।
ਜਾਂਚ ਏਜੰਸੀ ਨੇ ਰਿਪੋਰਟ ਵਿਚ ਦੱਸਿਆ, ‘ਮੁਲਜ਼ਮਾਂ ਨੇ ਵਿਦੇਸ਼ ਪੈਸਾ ਭੇਜਣ ਲਈ ਦਲਾਲਾਂ ਨੂੰ ਕਮੀਸ਼ਨ ਖੁਆਇਆ ਅਤੇ ਬੈਂਕ ਅਧਿਕਾਰੀਆਂ ਨੂੰ ਵੀ ਰਿਸ਼ਵਤ ਦਿੱਤੀ ਗਈ।’ ਸੀਬੀਆਈ ਦਾ ਦੋਸ਼ ਹੈ ਕਿ ਜ਼ਿਆਦਾਤਰ ਰਾਸ਼ੀ ਸਾਲ 2015 ਦੀ ਦੂਜੀ ਛਿਮਾਹੀ ਵਿਚ ਭੇਜੀ ਗਈ। ਬੈਂਕ ਨੇ ਆਪਣਾ ਟਰਨਓਵਰ ਲੱਖਾਂ ਵਿਚ ਦਿਖਾਇਆ, ਜਦਕਿ ਕਰੋੜਾਂ ਰੁਪਏ ਵਿਦੇਸ਼ ਭੇਜੇ ਗਏ।