ਹਾਂਗਕਾਂਗ ਵਿਖੇ ਵਿਦੇਸ਼ੀ ਸੈਲਾਨੀਆਂ ਨੇ ਉਤਸ਼ਾਹ ਨਾਲ ਸਜਾਈਆਂ ਦਸਤਾਰਾਂ

0
1137

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸਿੱਖ ਕੌਮ ਦੀ ਗ਼ੈਰਤ ਅਤੇ ਸਨਮਾਨ ਦਾ ਪ੍ਰਤੀਕ ਮੰਨੀ ਜਾਂਦੀ ਦਸਤਾਰ ਪ੍ਰਤੀ ਵਿਦੇਸ਼ੀ ਸੈਲਾਨੀਆਂ ਅਤੇ ਹਾਂਗਕਾਂਗ ਵਸਦੇ ਭਾਈਚਾਰਿਆਂ ਵਿਚ ਚੇਤੰਨਤਾ ਫੈਲਾਉਣ ਦੇ ਮਕਸਦ ਤਹਿਤ ਸਿੱਖ ਸੰਗਤਾਂ ਵਲੋਂ ਹਾਂਗਕਾਂਗ ਵਿਚ ਪ੍ਰਮੁੱਖ ਸੈਲਾਨੀ ਸਥਾਨ ਮੰਨੇ ਜਾਂਦੇ ਚਿੰਮ-ਚਾ-ਸੂਈ ਸਟਾਰ ਫੈਰੀ ਵਿਖੇ ਅੰਤਰਰਾਸ਼ਟਰੀ ਦਸਤਾਰ ਦਿਵਸ ਦੂਸਰੇ ਪੜਾਅ ਅਧੀਨ ਮਨਾਇਆ ਗਿਆ | ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਕਰੀਬ 500 ਸੈਲਾਨੀਆਂ ਨੂੰ ਦਸਤਾਰ ਸਜਾਈ ਗਈ ਅਤੇ ਦਸਤਾਰ ‘ਤੇ ਸ਼ਾਨਾਮਤੀ ਸਿੱਖ ਕਿਰਦਾਰ ਦੀ ਜਾਣਕਾਰੀ ਨਾਲ ਸਬੰਧਤ ਕਰੀਬ 9000 ਨਿੱਕੇ ਕਿਤਾਬਚੇ ਚੀਨੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੰਡੇ ਗਏ | ਪ੍ਰੋਗਰਾਮ ਦੌਰਾਨ ਕੁਝ ਖਾਸ ਆਕਰਸ਼ਨ ਕਰਦੇ ਦਿ੍ਸ਼ ਦਿਖਾਈ ਦਿੱਤੇ, ਜਿਨ੍ਹਾਂ ਵਿਚ ਸ਼ੁਰੂਆਤ ਕਰਦਿਆਂ ਹਾਂਗਕਾਂਗ ਸੀ.ਆਈ.ਡੀ. ਡਿਪਾਰਟਮੈਂਟ ਦੇ ਦੋ ਪੁਰਸ਼ ਅਤੇ ਇਕ ਮਹਿਲਾ ਅਧਿਕਾਰੀ ਵਲੋਂ ਸ਼ੌਕ ਨਾਲ ਆਪ ਦਸਤਾਰ ਸਜਾ ਕੇ ਖੁਸ਼ ਹੁੰਦਿਆਂ ਸੱਭਿਆਚਾਰਕ ਅਦਾਨ-ਪ੍ਰਦਾਨ ਕਰਦਿਆਂ ਆਪਣੇ ਦੇਸ਼ ਦੇ ਰਵਾਇਤੀ ਗੀਤ ਹਾਕਾ ‘ਤੇ ਨਾਚ ਪੇਸ਼ ਕੀਤਾ | ਬਹੁਤ ਸਾਰੇ ਚੀਨ ਅਤੇ ਕੁਝ ਹੋਰ ਮੁਲਕਾਂ ਤੋਂ ਆਏ ਸੈਲਾਨੀਆਂ ਨੇ ਦਸਤਾਰਾਂ ਸਜਾ ਕੇ ਖੁਸ਼ ਹੁੰਦਿਆਂ ਕਿਹਾ ਕਿ ਉਹ ਪਹਿਲੀ ਵਾਰੀ ਸਿੱਖ ਕੌਮ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ | ਇਸ ਮੌਕੇ ਬੱਚਿਆਂ, ਬੀਬੀਆਂ ਅਤੇ ਨੌਜਵਾਨਾਂ ਵਲੋਂ ਪੂਰੇ ਜਜ਼ਬੇ ਅਤੇ ਜੋਸ਼ ਨਾਲ ਆਪਣੇ ਵਿਰਸੇ-ਵਿਰਾਸਤ ਦੀ ਜਾਣਕਾਰੀ ਵਿਦੇਸ਼ੀਆਾਂ ਤੱਕ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਗਿਆ |