ਹਾਂਗਕਾਂਗ ਦੇ ਅੰਦੋਲਨ ‘ਚ ਉਲਝ ਗਏ ਹਨ ਰਿਸ਼ਤੇ

0
1304

ਹਾਂਗਕਾਂਗ ‘ਚ ਲੋਕਤੰਤਰ ਦੀ ਹਮਾਇਤ ‘ਚ ਚੱਲ ਰਿਹਾ ਅੰਦੋਲਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲਗਾਤਾਰ 14 ਹਫ਼ਤਿਆਂ ਤੋਂ ਚੱਲ ਰਹੇ ਇਸ ਅੰਦੋਲਨ ਨੇ ਇੱਥੇ ਕਈ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਦਲ ਕੇ ਰੱਖ ਦਿੱਤੀਆਂ ਹਨ। ਸਭ ਤੋਂ ਵੱਧ ਉਥਲ ਪੁਥਲ ਅਜਿਹੇ ਪਰਿਵਾਰਾਂ ‘ਚ ਹੈ, ਜਿੱਥੇ ਪਤੀ ਪਤਨੀ ‘ਚੋਂ ਇਕ ਅੰਦੋਲਨ ਦੀ ਹਮਾਇਤ ‘ਚ ਹੈ ਤੇ ਦੂਜਾ ਪੁਲਿਸ ਮੁਲਾਜ਼ਮ ਹੈ।

ਇੱਥੇ ਰਹਿਣ ਵਾਲੀ 26 ਸਾਲਾ ਸਨੀ ਦਾ ਹਾਲ ਵੀ ਕੁਝ ਅਜਿਹਾ ਹੀ ਹੈ। ਸਨੀ ਅੰਦੋਲਨਕਾਰੀਆਂ ਦੀ ਹਮਾਇਤ ‘ਚ ਹੈ, ਉੱਥੇ ਉਨ੍ਹਾਂ ਦੇ ਪਤੀ ਪੁਲਿਸ ਮੁਲਾਜ਼ਮ ਹਨ, ਜੋ ਰਾਤ ਨੂੰ ਅੰਦੋਲਨਕਾਰੀਆਂ ਨੂੰ ਸੰਭਾਲਣ ‘ਚ ਜੁਟੇ ਦਸਤੇ ‘ਚ ਸ਼ਾਮਲ ਰਹਿੰਦੇ ਹਨ। ਕਦੀ-ਕਦੀ ਤਾਂ ਅਜਿਹਾ ਵੀ ਹੁੰਦਾ ਹੈ ਕਿ ਰਾਤ ਨੂੰ ਪਤਨੀ ਪੁਲਿਸ ਬੈਰੀਕੇਡ ਦੇ ਇਕ ਪਾਸੇ ਹੁੰਦੀ ਹੈ ਤਾਂ ਪਤੀ ਦੂਜੇ ਪਾਸੇ। ਉੱਥੇ ਦਿਨ ਵੇਲੇ ਦੋਵੇਂ ਮਿਲ ਕੇ ਆਪਣੀਆਂ ਦੋ ਧੀਆਂ ਦੀ ਪਰਵਰਿਸ਼ ‘ਚ ਸਮਾਂ ਦਿੰਦੇ ਹਨ। ਅੰਦੋਲਨ ਦੌਰਾਨ ਕਈ ਵਾਰ ਮੁਜ਼ਾਹਰਾਕਾਰੀਆਂ ਤੇ ਪੁਲਿਸ ‘ਚ ਝੜਪ ਵੀ ਹੋਈ ਹੈ। ਹਿੰਸਕ ਝੜਪਾਂ ‘ਚ ਅਜਿਹੇ ਪਰਿਵਾਰਾਂ ਦੀ ਸਥਿਤੀ ਸਭ ਤੋਂ ਵੱਧ ਗੁੰਝਲਦਾਰ ਹੋ ਜਾਂਦੀ ਹੈ।

ਸਨੀ ਦੇ ਪਤੀ ਨਾਂ ਦੱਸਣ ਤੋਂ ਡਰਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੇ ਕਰੀਅਰ ‘ਤੇ ਸਵਾਲ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਇਸ ਸਥਿਤੀ ਨਾਲ ਮੇਰੇ ‘ਤੇ ਅਤੇ ਮੇਰੇ ਪਰਿਵਾਰ ‘ਤੇ ਬਹੁਤ ਦਬਾਅ ਹੈ। ਪਰ ਪੁਲਿਸ ਮੁਲਾਜ਼ਮ ਕੋਲ ਕੋਈ ਬਦਲ ਨਹੀਂ ਹੁੰਦਾ ਹੈ। ਉਸ ਨੂੰ ਕਾਨੂੰਨ ਤੋੜਨ ਵਾਲਿਆਂ ਨੂੰ ਗਿ੍ਫ਼ਤਾਰ ਕਰਨਾ ਹੀ ਪੈਂਦਾ ਹੈ।’ ਉਹ ਦੱਸਦੇ ਹਨ ਕਿ ਪਤਨੀ ਉਨ੍ਹਾਂ ਨੂੰ ਅਕਸਰ ਹਿੰਮਤ ਦਿੰਦੀ ਹੈ ਤੇ ਇਹ ਵੀ ਸਿਖਾਉਂਦੀ ਹੈ ਕਿ ਮੁਜ਼ਾਹਰਾਕਾਰੀਆਂ ਪ੍ਰਤੀ ਗੁੱਸਾ ਨਹੀਂ ਦਿਖਾਉਣਾ ਚਾਹੀਦਾ।

ਟੁੱਟ ਰਹੇ ਹਨ ਰਿਸ਼ਤੇ

42 ਸਾਲਾ ਫਿਲਿਸ ਦੱਸਦੀ ਹੈ ਕਿ ਮੌਜੂਦਾ ਹਾਲਾਤ ਬਹੁਤ ਗੁੰਝਲਦਾਰ ਹਨ। ਅਜਿਹਾ ਲਗਦਾ ਹੈ ਕਿ ਜਿਸ ਇਨਸਾਨ ਨਾਲ ਉਨ੍ਹਾਂ ਨੇ ਵਿਆਹ ਕੀਤਾ ਸੀ, ਉਹ ਅਜਨਬੀ ਹੋ ਗਿਆ ਹੈ। ਉਨ੍ਹਾਂ 21 ਸਾਲ ਪਹਿਲਾਂ ਆਪਣੇ ਪ੍ਰਰੇਮੀ ਨਾਲ ਵਿਆਹ ਕੀਤਾ ਸੀ, ਜੋ ਪੁਲਿਸ ਮੁਲਾਜ਼ਮ ਹਨ। ਫਿਲਿਸ ਦੱਸਦੀ ਹੈ ਕਿ ਅੰਦੋਲਨ ਨੂੰ ਲੈ ਕੇ ਉਨ੍ਹਾਂ ਦੇ ਪਤੀ ਦੇ ਵਿਚਾਰ ਵੱਖਰੇ ਹਨ। ਨੌਬਤ ਇੱਥੋਂ ਤਕ ਆ ਗਈ ਹੈ ਕਿ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਫਿਲਿਸ ਨੇ ਤਲਾਕ ਲੈਣ ਦੀ ਗੱਲ ਵੀ ਕਹਿ ਦਿੱਤੀ ਹੈ।

ਅਸਤੀਫ਼ਾ ਵੀ ਦੇ ਰਹੇ ਪੁਲਿਸ ਮੁਲਾਜ਼ਮ

ਕੁਝ ਅਜਿਹੇ ਮਾਮਲੇ ਵੀ ਹਨ, ਜਿੱਥੇ ਕਈ ਪੁਲਿਸ ਮੁਲਾਜ਼ਮ ਅੰਦੋਲਨ ਦੇ ਕਾਰਨਾਂ ਨਾਲ ਸਹਿਮਤ ਹਨ। ਅਜਿਹੇ ਲੋਕਾਂ ਲਈ ਸਥਿਤੀ ਹੋਰ ਵੀ ਜ਼ਿਆਦਾ ਗੁੰਝਲਦਾਰ ਹੋ ਜਾਂਦੀ ਹੈ। 36 ਸਾਲਾ ਕੈਥੀ ਯਾਊ ਨੇ ਇਨ੍ਹਾਂ ਸਥਿਤੀਆਂ ਤੋਂ ਤੰਗ ਆ ਕੇ ਜੁਲਾਈ ‘ਚ ਪੁਲਿਸ ਵਿਭਾਗ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ 11 ਸਾਲ ਤੋਂ ਪੁਲਿਸ ਵਿਭਾਗ ‘ਚ ਸਨ।
With thanks from ਨਿਊਯਾਰਕ ਟਾਈਮਜ਼