ਹਾਂਗਕਾਂਗ ‘ਚ ਕੋਰੋਨਾ ਵਾਇਰਸ ਦੇ 8 ਮਰੀਜ਼ਾਂ ਦੀ ਪੁਸ਼ਟੀ

0
920

ਜੰਗ ਬਹਾਦਰ ਸਿੰਘ – ਹਾਂਗਕਾਂਗ ਦੇ ਸਿਹਤ ਵਿਭਾਗ ਅਨੁਸਾਰ ਜਾਨ ਲੇਵਾ ਕੋਰੋਨਾ ਵਾਇਰਸ ਦੇ ਪੁਸ਼ਟੀਜਨ ਮਰੀਜ਼ਾਂ ਦੀ ਗਿਣਤੀ ਵਧ ਕੇ 8 ਹੋ ਚੁੱਕੀ ਹੈ ਅਤੇ ਸਾਰੇ ਪਿ੍ੰਸੈਸ ਮਾਰਗਰੇਟ ਹਸਪਤਾਲ ‘ਚ ਜ਼ੇਰੇ ਇਲਾਜ ਹਨ | ਹਾਂਗਕਾਂਗ ਵਿਚ ਮਹਾਂਮਾਰੀ ਫੈਲਣ ਦੇ ਡਰ ਤੋਂ ਲਗਾਈ ਉੱਚ ਪੱਧਰੀ ਐਮਰਜੈਂਸੀ ਦੌਰਾਨ ਇੰਡੀਅਨ ਕੌਾਸਲੇਟ ਵਲੋਂ ਭਾਰਤ ਦੇ ਗਣਤੰਤਰ ਦਿਵਸ ਸਬੰਧੀ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ | ਮਨੋਰੰਜਨ ਅਤੇ ਸੱਭਿਆਚਾਰਕ ਸੇਵਾਵਾਂ ਨਾਲ ਸਬੰਧਿਤ ਵਿਭਾਗ ਵਲੋਂ ਅਜਾਇਬ ਘਰ, ਲਾਇਬ੍ਰੇਰੀਆਂ ਅਤੇ ਸਟੇਡੀਅਮ ਅਗਲੇ ਨੋਟਿਸ ਆਉਣ ਤੱਕ ਬੰਦ ਕੀਤੇ ਗਏ ਹਨ | ਵਾਤਾਵਰਨ ਸੁਰੱਖਿਆ ਵਿਭਾਗ ਨਾਲ ਸਬੰਧਿਤ ਸਾਰੇ ਵਿਜ਼ਟਰ ਸੈਂਟਰ ਅਤੇ ਈਕੋਪਾਰਕ ਵੀ ਬੰਦ ਰਹਿਣਗੇ | ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ 28 ਜਨਵਰੀ ਤੱਕ ਚਾਈਨੀਜ਼ ਨਿਊ ਯੀਅਰ ਦੀਆਂ ਛੁੱਟੀਆਂ ਸਮਾਪਤ ਹੋਣ ਤੋਂ ਬਾਅਦ 29 ਨੂੰ ਸਰਕਾਰੀ ਕਰਮਚਾਰੀਆਂ ਨੂੰ 3 ਫਰਵਰੀ ਤੱਕ ਘਰੋਂ ਹੀ ਕੰਮ ਕਰਨ ਲਈ ਕਿਹਾ ਗਿਆ | ਹਾਂਗਕਾਂਗ ਦੇ ਬੈਂਕ ਅਤੇ ਪ੍ਰਾਈਵੇਟ ਕੰਪਨੀਆਂ ਦੇ ਦਫਤਰੀ ਮੁਲਾਜ਼ਮ ਇਸੇ ਤਰ੍ਹਾਂ ਕੰਮ ਕਰਨਗੇ ਅਤੇ ਬੈਂਕਾਂ ਦੇ ਜਨਤਕ ਸੇਵਾਵਾਂ ਦੇ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ | ਹਾਂਗਕਾਂਗ ਮੁਖੀ ਵਲੋਂ ਪ੍ਰੈੱਸ ਵਾਰਤਾ ਦੌਰਾਨ ਚੀਨ ਨਾਲ ਲਗਦੇ 14 ਦੇ ਕਰੀਬ ਸਰਹੱਦੀ ਪੁਆਇੰਟਾਂ ਨੂੰ ਬੰਦ ਕੀਤਾ, ਜਿਸ ਵਿਚ ਸਮੁੰਦਰੀ ਅਤੇ ਹਵਾਈ ਸੇਵਾਵਾਂ ਸਬੰਧਿਤ ਹਨ | ਹਾਂਗਕਾਂਗ ਮੁਖੀ ਨੇ ਛੁੱਟੀਆਂ ਖਤਮ ਹੋਣ ‘ਤੇ ਘਰ ਵਾਪਸੀ ਕਰਨ ਵਾਲੇ ਹਾਂਗਕਾਂਗ ਵਾਸੀਆਂ ਦਾ ਹਵਾਲਾ ਦਿੰਦਿਆਂ ਚੀਨੀ ਸਰਹੱਦ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਗੈਰ-ਵਾਜਿਬ ਦੱਸਿਆ | ਹਾਂਗਕਾਂਗ ਵਿਚ 167 ਸ਼ੱਕੀ ਕੇਸ ਜਾਂਚ ਅਧੀਨ ਹਨ, ਜਦਕਿ 276 ਕੇਸਾਂ ਨੂੰ ਖਤਰੇ ਤੋਂ ਬਾਹਰ ਦੱਸਦਿਆਂ ਨਕਾਰਿਆ ਜਾ ਚੁੱਕਾ ਹੈ |