ਹਾਂਗਕਾਂਗ ‘ਚ ਕੋਰੋਨਾ ਵਾਇਰਸ ਤੋਂ ਮੁਕਤ ਹੋਇਆ ਵਿਆਕਤੀ ਦੁਬਾਰਾ ਹਸਪਤਾਲ ਦਾਖ਼ਲ

0
811

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸਿਹਤ ਸੁਰੱਖਿਆ ਕੇਂਦਰ ਨੇ ਪਿਛਲੇ ਮਹੀਨੇ ਕੋਰੋਨਾ ਵਾਇਰਸ ਤੋਂ ਪੀੜਤ 17 ਸਾਲਾ ਵਿਦਿਆਰਥੀ ਦੇ ਦੋ ਹਫ਼ਤੇ ਪਹਿਲਾਂ ਲਾਗ ਦੇ ਨਾਕਾਰਾਤਮਕ ਨਮੂਨੇ ਆਉਣ ਦੇ ਬਾਵਜੂਦ ਅੱਜ ਦੁਬਾਰਾ ਪਾਜ਼ੀਟਿਵ ਪਾਏ ਜਾਣ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਹਸਪਤਾਲ ਤੋਂ ਛੁੱਟੀ ਹੋਣ ਉਪਰੰਤ ਉਕਤ ਵਿਦਿਆਰਥੀ ਆਪਣੀ ਫੈਮਿਲੀ ਤੋਂ ਵੱਖ ਰਹਿ ਰਿਹਾ ਸੀ। ਦੁਬਾਰਾ ਫੈਮਿਲੀ ਵਿਚ ਜਾਣ ਤੋਂ ਪਹਿਲਾਂ ਇਹਤਿਆਤਦਨ ਕਰਵਾਏ ਗਏ ਟੈੱਸਟ ਵਿਚ ਮਹਾਂਮਾਰੀ ਦੀ ਲਾਗ ਤੋਂ ਮੁਕਤ ਹੋਇਆ ਵਿਦਿਆਰਥੀ ਦੁਬਾਰਾ ਪਾਜ਼ੀਟਿਵ ਪਾਏ ਜਾਣ ‘ਤੇ ਹੈਰਾਨਕੁੰਨ ਹਾਲਾਤਾਂ ਦੌਰਾਨ ਹਸਪਤਾਲ ਦੁਬਾਰਾ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹਾਂਗਕਾਂਗ ਵਿਚ ਅੱਜ 4 ਹੋਰ ਪੁਸ਼ਟੀਜਨਕ ਕੇਸਾਂ ਨਾਲ ਮਹਾਂਮਾਰੀ ਤੋਂ ਪੀੜਤਾਂ ਦਾ ਅੰਕੜਾ 1029 ਤੱਕ ਪਹੁੰਚ ਚੁੱਕਾ ਹੈ। ਚਿੰਤਾਜਨਕ ਗੱਲ ਇਹ ਵੀ ਹੈ ਕਿ ਮਹਾਂਮਾਰੀ ਦੀ ਲਾਗ ਤੋਂ ਪੀੜਤ ਸਾਹਮਣੇ ਆਏ ਅੱਜ 4 ਕੇਸਾਂ ਵਿਚੋਂ 2 ਕੇਸ 13 ਸਾਲਾ ਵਿਦਿਆਰਥੀ ਅਤੇ 25 ਸਾਲਾ ਵਿਅਕਤੀ ਵਿਚ ਬਿਮਾਰੀ ਦੇ ਕੋਈ ਲੱਛਣ ਨਹੀਂ ਪ੍ਰਗਟ ਹੋਏ ਹਨ। ਹਾਂਗਕਾਂਗ ਵਿਚ ਬੀਤੇ ਹਫ਼ਤੇ ਦੌਰਾਨ ਭਾਵੇਂ ਕੋਰੋਨਾ ਦੇ ਪੁਸ਼ਟੀਜਨਕ ਕੇਸਾਂ ਵਿਚ ਲਗਾਤਾਰ ਗਿਰਾਵਟ ਵਿਖਾਈ ਦੇ ਰਹੀ ਹੈ ਪਰ ਹਾਂਗਕਾਂਗ ਮੁਖੀ ਵਲੋਂ ਸਾਵਧਾਨੀ ਦੇ ਤੌਰ ‘ਤੇ ਸਮਾਜਿਕ ਦੂਰੀ ਕਾਨੂੰਨ ਦੀ 23 ਅਪ੍ਰੈਲ ਨੂੰ ਸਮਾਪਤ ਹੋ ਰਹੀ ਮਿਆਦ ਨੂੰ ਹੋਰ 14 ਦਿਨ ਲਈ ਵਧਾਇਆ ਗਿਆ ਹੈ।