ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

0
544

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਮਨਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ 550 ਯੂਨਿਟ ਖੂਨਦਾਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਖੂਨਦਾਨ ਕੈਂਪ ਲਗਵਾਇਆ ਗਿਆ | ਇਸ ਸਬੰਧੀ ਕੈਂਪ ਦੇ ਮੁੱਖ ਸੰਚਾਲਕ ਜਗਜੀਤ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਇਸ ਕੈਂਪ ਵਿਚ 67 ਦੇ ਕਰੀਬ ਸੱਜਣਾਂ ਵਲੋਂ ਖੂਨਦਾਨ ਕੀਤਾ ਅਤੇ ਰੈੱਡ ਕਰਾਸ ਦੇ ਹਾਂਗਕਾਂਗ ਵਿਚਲੇ ਕਿਸੇ ਵੀ ਸੈਂਟਰ ਵਿਖੇ ‘ਖਾਲਸਾ ਦੀਵਾਨ’ ਦੇ ਨਾਂਅ ‘ਤੇ ਖੂਨਦਾਨ ਦੀ ਚਲਾਈ ਮੁਹਿੰਮ ਤਹਿਤ ਹੁਣ ਤੱਕ 70 ਯੂਨਿਟ ਪ੍ਰਾਪਤ ਹੋਣ ‘ਤੇ ਕੁੱਲ 137 ਯੂਨਿਟ ਪ੍ਰਾਪਤ ਹੋ ਚੁੱਕੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਯੂਨਿਟ ਖੂਨਦਾਨ ਦਾ ਟੀਚਾ ਪੂਰਾ ਕਰਨ ਲਈ 17 ਨਵੰਬਰ ਨੂੰ ਇਕ ਹੋਰ ਕੈਂਪ ਖਾਲਸਾ ਦੀਵਾਨ ਵਿਖੇ ਲਗਾਇਆ ਜਾਵੇਗਾ | ਖੂਨਦਾਨ ਕੈਂਪ ਦੌਰਾਨ ਰੈੱਡ ਕਰਾਸ ਦੀ ਪਬਲੀਸਿਟੀ ਅਫ਼ਸਰ ਲੈਮ ਹੋ, ਸਤਿਬੀਰ ਸਿੰਘ ਰਾਓ, ਬਲਜੀਤ ਸਿੰਘ ਅਤੇ ਗੁਰਅੰਮਿ੍ਤ ਕੌਰ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ |  ਹਾਂਗਕਾਂਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ 25 ਅਕਤੂਬਰ ਨੂੰ ਚਿਮਚਾ-ਸ਼ੂਈ ਵਿਖੇ ਕਰਵਾਏ ਜਾ ਰਹੇ ਸਮੀਨਾਰ ਵਿਚ ਵਿਚਾਰ ਚਰਚਾ ਲਈ ਡਾ: ਇੰਦਰਜੀਤ ਸਿੰਘ ਗੋਗੋਆਣੀ, ਭਾਈ ਸੁੱਖਾ ਸਿੰਘ ਯੂ. ਕੇ. ਅਤੇ ਹਨੂੰਵੰਤ ਸਿੰਘ ਵਿਸ਼ੇਸ਼ ਸੱਦੇ ‘ਤੇ ਪਹੁੰਚ ਰਹੇ ਹਨ ਅਤੇ 14 ਤੋਂ 15 ਦਸੰਬਰ ਨੂੰ 50ਵਾਂ ਗੁਰੂ ਨਾਨਕ ਹਾਕੀ ਟੂਰਨਾਮੈਂਟ (ਅੰਤਰਰਾਸ਼ਟਰੀ ਪੱਧਰੀ) ਹਾਂਗਕਾਂਗ ਹਾਕੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ |