ਸਿੱਖ ਭਾਈਚਾਰੇ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਦੀ ਹਾਂਗਕਾਂਗ ‘ਚ ਚਰਚਾ

0
1173
ਗੁਰਦੁਆਰਾ ਸਾਹਿਬ ਵਿਚ ਲੰਗਰ ਛੱਕਦੇ ਕੁਝ ਚੀਨੀ ਵਿਦਿਆਰਥੀ:ਪੁਰਾਣੀ ਤਸਵੀਰ

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਹਵਾਲਗੀ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਸੋਸ਼ਲ ਮੀਡੀਏ ਦੇ ਇਕ ਗਰੁੱਪ ‘ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਮਨੁੱਖਤਾ ਦੀ ਭਲਾਈ ਲਈ ਚਲਾਏ ਜਾ ਰਹੇ ਲੰਗਰ ਅਤੇ ਹੋਰ ਕਾਰਜਾਂ ਦਾ ਜ਼ਿਕਰ ਕਰਦਿਆਂ ਅਤੇ ਸਿੱਖਾਂ ਦੇ ਚੰਗੇ ਰਵੱਈਏ ਦੀ ਸ਼ਲਾਘਾ ਕਰਦਿਆਂ ਇਕ ਪੋਸਟ ਪਾ ਕੇ ਹਾਂਗਕਾਂਗ ਚੱਲ ਰਹੇ ਪ੍ਰਦਰਸ਼ਨਾਂ ਅਤੇ ਰੈਲੀਆਂ ‘ਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਲ ਪ੍ਰਦਰਸ਼ਨ ਦੌਰਾਨ ਪੈਸੇ ਜਾਂ ਕਿਸੇ ਹੋਰ ਕਾਰਨ ਖਾਣੇ ਦੀ ਥੋੜ੍ਹ ਹੋ ਜਾਵੇ ਤਾਂ ਵਾਨ-ਚਾਈ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਭਾਰਤੀ ਖਾਣੇ ਅਤੇ ਗਰਮ ਮਸਾਲਾ ਚਾਹ ਦੇ ਨਾਲ ਮੁਫ਼ਤ ਆਰਾਮ ਕਰਨ ਦੀ ਸਹੂਲਤ ਲਈ ਜਾ ਸਕਦੀ ਹੈ | ਉਨ੍ਹਾਂ ਸਿੱਖਾਂ ਦੇ ਪਰਉਪਕਾਰੀ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਤੁਸੀਂ ਕਿਸੇ ਵਰਗ ਜਾਂ ਧਰਮ ਨਾਲ ਸਬੰਧਿਤ ਹੋਵੋ, ਸਿੱਖ ਭਾਈਚਾਰੇ ਵਲੋਂ ਬਿਨਾਂ ਕੋਈ ਸਵਾਲ ਕੀਤਿਆਂ ਸਤਿਕਾਰ ਨਾਲ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਦਾਇਤ ਕੀਤੀ ਕਿ ਗੁਰਦੁਆਰਾ ਸਾਹਿਬ ਜਾਣ ਮੌਕੇ ਉਹ ਸਿਗਰਟ, ਮੀਟ, ਸ਼ਰਾਬ ਆਦਿਕ ਵਸਤਾਂ ਬਾਹਰ ਛੱਡ ਕੇ ਸਿਰ ਢੱਕ ਕੇ ਇਥੋਂ ਦੇ ਨਿਯਮਾਂ ਦਾ ਸਤਿਕਾਰ ਕਰਨ | ਜ਼ਿਕਰਯੋਗ ਹੈ ਕਿ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਦੇ ਮਕਸਦ ਤਹਿਤ ਸਾਲਾਨਾ ਸੈਂਕੜੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪਹੁੰਚਦੇ ਹਨ | ਯੂਨੀਵਰਸਿਟੀ ਦੇ ਉਕਤ ਵਿਦਿਆਰਥੀਆਂ ਵਲੋਂ ਪਾਈ ਪੋਸਟ ਹਾਂਗਕਾਂਗ ਭਰ ‘ਚ ਸੋਸ਼ਲ ਸਾਈਟਾਂ ਨੇ ਵੱਡੇ ਪੱਧਰ ‘ਤੇ ਫੈਲਾਈ ਗਈ, ਜਿਥੇ ਹਰ ਵਰਗ ਵਲੋਂ ਸਿੱਖ ਭਾਈਚਾਰੇ ਦੇ ਮਨੁੱਖੀ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ |