ਨਹੀਂ ਮੰਨਾਂਗੀ ਚੀਨ ਦਾ ਹਰ ਹੁਕਮ:ਕੈਰੀ ਲੈਮ

0
408

ਹਾਂਗਕਾਂਗ — ਚੀਨ ਦੇ ਸਮਰਥਨ ਨਾਲ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਬਣੀ ਕੈਰੀ ਲੈਮ ਦੇ ਬਦਲੇ ਤੇਵਰ ਨਾਲ ਚੀਨੀ ਸਾਸ਼ਨ ਪ੍ਰੇਸ਼ਾਨ ਹੋ ਸਕਦਾ ਹੈ। ਲੈਮ ਨੇ ਸਾਫ ਕਰ ਦਿੱਤਾ ਹੈ ਕਿ ਉਹ ਅੱਖਾਂ ਬੰਦ ਕਰ ਕੇ ਬੀਜਿੰਗ ਦਾ ਹਰ ਹੁਕਮ ਨਹੀਂ ਮੰਨੇਗੀ। ਕੈਰੀ ਲੈਮ ਨੇ ਇਕ ਸਰਕਾਰੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜ਼ਿੰਮੇਦਾਰ ਹੋਣ ਦਾ ਮਤਲਵ ਇਹ ਬਿਲਕੁੱਲ ਨਹੀਂ ਹੈ ਕਿ ਤੁਸੀਂ ਉਹ ਸਭ ਕੁੱਝ ਕਰੋ ਜੋ ਤੁਹਾਨੂੰ ਕਰਨ ਲਈ ਕਿਹਾ ਜਾਵੇ।
ਜੇਕਰ ਕੇਂਦਰ ਸਰਕਾਰ ਮੈਨੂੰ ਕੁੱਝ ਅਜਿਹਾ ਕਰਨ ਲਈ ਕਹਿੰਦੀ ਹੈ ਜੋ ਹਾਂਗਕਾਂਗ ਅਤੇ ਇਸ ਦੀ ਜਨਤਾ ਦੇ ਹਿੱਤ ਵਿਚ ਨਹੀਂ ਹੈ ਤਾਂ ਮੈਂ ਉਸ ਵਿਸ਼ੇ ‘ਤੇ ਕੇਂਦਰ ਸਰਕਾਰ ਨਾਲ ਗੱਲ ਕਰਾਂਗੀ, ਉਸ ਲਈ ਲੜਾਂਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਏ ਸਰਵੇ ਵਿਚ ਹਾਂਗਕਾਂਗ ਦੇ ਦੂਜੇ ਨੇਤਾਵਾਂ ਦੇ ਮੁਕਾਬਲੇ ਲੈਮ ਨੂੰ ਕਾਫੀ ਲੋਕਪ੍ਰਿਯ ਦੱਸਿਆ ਗਿਆ ਹੈ। ਹਾਲਾਂਕਿ ਉਨ੍ਹਾਂ ‘ਤੇ ਚੀਨ ਦੇ ਇਸ਼ਾਰੇ ‘ਤੇ ਕੰਮ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਅਜਿਹੇ ਵਿਚ ਲੈਮ ਦਾ ਇਹ ਬਿਆਨ ਕਾਫੀ ਮਾਇਨੇ ਰੱਖਦਾ ਹੈ। ਲੈਮ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਨੇ ਹੀ ਇਸ ਸਾਲ ਜੁਲਾਈ ਵਿਚ ਮੁੱਖ ਕਾਰਜਕਾਰੀ ਅਹੁਦੇ ਦੀ ਸਹੁੰ ਚੁਕਾਈ ਸੀ।
ਇਸ ਨਾਲ ਹਾਂਗਕਾਂਕ ਦੀ ਜਨਤਾ ਵਿਚ ਇਹ ਸੰਦੇਸ਼ ਗਿਆ ਸੀ ਕਿ ਬੀਜਿੰਗ ਹਾਂਗਕਾਂਗ ਦੇ ਮਾਮਲਿਆਂ ਵਿਚ ਦਖਲ ਦੇ ਰਿਹਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਹਾਂਗਕਾਂਗ ਲੰਬੇ ਸਮੇਂ ਤੱਕ ਬ੍ਰਿਟਿਸ਼ ਦੇ ਅਧੀਨ ਰਿਹਾ ਸੀ। ਇਸ ਨੂੰ 30 ਜੂਨ 1997 ਨੂੰ ਇਕ ਸਮਝੌਤੇ ਦੇ ਤਹਿਤ ਚੀਨ ਨੂੰ ਸੌਂਪ ਦਿੱਤਾ ਗਿਆ ਸੀ। ਹਾਂਗਕਾਂਗ ਵਿਚ ਇਨ੍ਹੀਂ ਦਿਨੀਂ ਜ਼ਮੀਨ ਅਤੇ ਮਕਾਨ ਦੀਆਂ ਕੀਮਾਂ ਆਸਮਾਨ ਨੂੰ ਛੂਹ ਰਹੀਆਂ ਹਨ। ਇਸ ਨੂੰ ਲੈ ਕੇ ਵੀ ਲੋਕਾਂ ਵਿਚ ਨਾਰਾਜ਼ਗੀ ਵਧ ਰਹੀ ਹੈ।