ਸਰਕਾਰ ਦੀ ਹਾਈਕੋਰਟ ‘ਚ ਮਿੱਟੀ ਪਲੀਤ

0
675

ਚੰਡੀਗੜ੍ਹ: ਪੰਜਾਬ ਵਿੱਚੋਂ ਨਸ਼ਿਆਂ ਦਾ ਬੀਅ ਨਾਸ ਕਰਨ ਦੀ ਮੁਹਿੰਮ ਵਿੱਚ ਜੁਟੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਦੋ ਵੱਡੇ ਜਰਨੈਲ ਹੀ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਇਸ ਨਾਲ ਪੰਜਾਬ ਸਰਕਾਰ ਦੀ ਹਾਈਕੋਰਟ ‘ਚ ਚੰਗੀ ਮਿੱਟੀ ਪਲੀਤ ਹੋਈ ਹੈ। ਦਰਅਸਲ ਨਸ਼ਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਅੱਜ ਹਾਈਕੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਉਨ੍ਹਾਂ ਨੂੰ ਖੁਦਕੁਸ਼ੀ ਦੇ ਝੂਠੇ ਕੇਸ ਵਿੱਚ ਫਸਾ ਰਹੇ ਹਨ।

ਚਟੋਪਾਧਿਆਏ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕੇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਖੁਦਕੁਸ਼ੀ ਨੋਟ ਵਿੱਚ ਨਾਮ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ 12 ਸਾਲ ਜੂਨੀਅਰ ਆਈਜੀ ਨੇ ਦੋ ਪ੍ਰਸ਼ਨ ਪੱਤਰ ਭੇਜੇ। ਉਨ੍ਹਾਂ ਕਿਹਾ ਕਿ ਦੀਵਾਨ ਖਾਲਸਾ ਦੇ ਸਾਬਕਾ ਪ੍ਰਧਾਨ ਦੇ ਬੇਟੇ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਐਲਕੇ ਯਾਦਵ ਹਨ। ਯਾਦਵ ਦੋਵੇਂ ਡੀਜੀਪੀਜ਼ ਦਾ ਖਾਸ-ਮ-ਖਾਸ ਹਨ। ਉਨ੍ਹਾਂ ਨੇ ਅੱਗੇ ਇਲਜ਼ਾਮ ਲਾਇਆ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਬਚਾਉਣ ਲਈ ਦੋਵੇਂ ਡੀਜੀਪੀ ਦਬਾਅ ਪਾ ਰਹੇ ਹਨ। ਚਟੋਪਾਧਿਆਏ ਨੇ ਕਿਹਾ ਹੈ ਕਿ ਐਸਐਸਪੀ ਰਾਜਜੀਤ ਸਿੰਘ ਖਿਲਾਫ ਚੱਲ਼ ਰਹੀ ਜਾਂਚ ਵਿੱਚ ਦੋਵੇਂ ਡੀਜੀਪੀਜ਼ ਨਾਲ ਜੁੜੇ ਅਹਿਮ ਤੱਥ ਸਾਹਮਣੇ ਆਏ ਹਨ। ਹਾਈਕੋਰਟ ਨੇ ਚਟੋਪਾਧਿਆਏ ਦੀਆਂ ਦਲੀਲਾਂ ਸੁਣ ਕੇ ਉਨ੍ਹਾਂ ਖਿਲਾਫ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕਾਂਡ ਸਬੰਧੀ ਚੱਲ਼ ਰਹੀ ਜਾਂਚ ‘ਤੇ ਰੋਕ ਲਾ ਦਿੱਤੀ ਹੈ।

ਐਸਆਈਟੀ ਨੇ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਜਾਂਚ ਦੇ ਸੀਨੀਅਰ ਅਫਸਰਾਂ ਦੀ ਸ਼ਮੂਲੀਅਤ ਬਾਰੇ ਤੱਥ ਮਿਲੇ ਹਨ। ਇੱਕ ਡੀਜੀਪੀ ਦੀ ਚੰਡੀਗੜ੍ਹ ਵਿੱਚ ਬੇਨਾਮੀ ਕੋਠੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਐਸਐਸਪੀ ਤੇ ਬਰਖਾਸਤ ਇੰਸਪੈਕਟਰ ਦਾ ਇਸ ਨਾਲ ਕੀ ਸਬੰਧ ਹੈ।