ਲੋ ਫਿਰ ਬਸੰਤ ਆਈ: ਵਿਰਾਸਤ ਤੇ ਪਾਬੰਦੀਆਂ

0
274

ਜਸ਼ਨ-ਏ-ਬਹਾਰਾਂ

ਬਸੰਤ ਦਾ ਤਿਉਹਾਰ ਹਿੰਦੋਸਤਾਨੀ ਬਰੇ-ਸਗੀਰ ਵਿਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ… ਦਿੱਲੀ, ਅੰਮ੍ਰਿਤਸਰ, ਲਾਹੌਰ… ਹਰ ਸ਼ਹਿਰ ਵਿਚ ਵੱਖੋ ਵੱਖਰੀ ਤਰ੍ਹਾਂ… ਪਰ ਲਾਹੌਰ ਵਿਚ ਮਨਾਈ ਜਾਂਦੀ ਬਸੰਤ ਦੀ ਸ਼ਾਨ ਨਿਵੇਕਲੀ ਸੀ ਜਿਸ ਸਮੇਂ ਸ਼ਹਿਰ ਦਾ ਆਸਮਾਨ ਖ਼ੂਬਸੂਰਤ ਪਤੰਗਾਂ ਤੇ ਗੁੱਡੀਆਂ ਨਾਲ ਭਰ ਜਾਂਦਾ। ਸਮੇਂ ਦਾ ਗੇੜ ਵੇਖੋ, ਪਾਕਿਸਤਾਨ ਸਰਕਾਰ ਨੇ ਪਤੰਗਬਾਜ਼ੀ ਉੱਤੇ ਪਾਬੰਦੀ ਲਾ ਦਿੱਤੀ। ਇਸ ਦੇ ਚਲਦਿਆਂ ਇਸ ਵਾਰ ਲਾਹੌਰ ਵਿਚ ਪਤੰਗ ਉਡਾਉਣ ਦੇ ‘ਦੋਸ਼’ ਵਿਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੋਂ ਤਕ ਕਿ ਕੁਝ ਸਾਲ ਪਹਿਲਾਂ ਪਤੰਗ ਉਡਾਉਣ ਕਾਰਨ ਦਸ ਸਾਲ ਦੇ ਇਕ ਬੱਚੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਲਾਹੌਰ ਵਿਚ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਬਸੰਤ ਰੁੱਤ ਦਾ ਪ੍ਰਾਚੀਨ ਤਿਉਹਾਰ ਬਸੰਤ ਪੰਚਮੀ ਹਰ ਸਾਲ ਬਰ-ਏ-ਸਗ਼ੀਰ (ਭਾਰਤੀ ਉਪ-ਮਹਾਂਦੀਪ) ਦੇ ਮੁਸਲਮਾਨਾਂ ਵੱਲੋਂ ਦਿੱਲੀ ਸਥਿਤ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਵਿਚ ਵੀ ਮਨਾਇਆ ਜਾਂਦਾ ਹੈ। ਇਸ 700 ਸਾਲ ਪੁਰਾਣੀ ਰੰਗ-ਬਰੰਗੀ ਰਵਾਇਤ ਦਾ ਸਿਹਰਾ ਸੂਫ਼ੀ ਸੰਤਾਂ ਨੂੰ ਜਾਂਦਾ ਹੈ, ਖ਼ਾਸਕਰ ਚਿਸ਼ਤੀ ਸੰਤ ਅਤੇ ਉਨ੍ਹਾਂ ਦੇ ਸ਼ਾਗਿਰਦ ਅਮੀਰ ਖ਼ੁਸਰੋ ਨੂੰ, ਜੋ ਸੰਭਵ ਤੌਰ ’ਤੇ ਬਸੰਤ ਦੇ ਜਸ਼ਨਾਂ ਵਿਚ ਸ਼ਿਰਕਤ ਕਰਨ ਵਾਲੇ ਪਹਿਲੇ ਮੁਸਲਮਾਨ ਸਨ।
ਇਹ ਦੱਸਿਆ ਜਾਂਦਾ ਹੈ ਕਿ ਚਿਸ਼ਤੀ ਸੰਤ ਨੇ ਇਕ ਵਾਰ ਲਾਹੌਰ ਸਥਿਤ ਹਜ਼ਰਤ ਦਾਤਾ ਗੰਜ ਬਖ਼ਸ਼ ਦੀ ਦਰਗਾਹ ਦੀ ਆਪਣੀ ਫੇਰੀ ਦੌਰਾਨ ਉੱਥੇ ਬਸੰਤ ਦੇ ਜਸ਼ਨ ਦੇਖੇ ਸਨ। ਇਸੇ ਕਾਰਨ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੈਰੋਕਾਰ ਵੀ ਦਿੱਲੀ ਵਿਚ ਜ਼ਿੰਦਗੀ ਤੇ ਬਸੰਤ ਦੇ ਜਸ਼ਨ ਉਸੇ ਜੋਸ਼ ਮਨਾਉਣ। ਇਸ ਦੇ ਬਾਵਜੂਦ ਇਹ ਜਸ਼ਨ ਸੰਤ ਦੀ ਦਰਗਾਹ ਤਕ ਹੀ ਮਹਿਦੂਦ ਰਹੇ। ਉੱਥੇ ਇਹ ਦਿਨ ਪਤੰਗਬਾਜ਼ੀ, ਖਾਣੇ ਦੀਆਂ ਦਾਅਵਤਾਂ, ਸ਼ਾਸਤਰੀ ਸੰਗੀਤ ਦੀਆਂ ਮਹਿਫ਼ਿਲਾਂ ਖ਼ਾਸਕਰ ‘ਰਾਗ ਬਸੰਤ’ ਤੇ ਹੋਰ ਰਾਗ ਗਾ ਕੇ ਮਨਾਇਆ ਜਾਂਦਾ। ਬਾਅਦ ਵਿਚ ਇਨ੍ਹਾਂ ਸੰਗੀਤਕ ਮਹਿਫ਼ਿਲਾਂ ਵਿਚ ‘ਕੱਵਾਲੀਆਂ’ ਨੂੰ ਵੀ ਸ਼ਾਮਲ ਕਰ ਲਿਆ ਗਿਆ। ਇਸ ਤੋਂ ਕਿਆਸ ਲਗਾਇਆ ਜਾਂਦਾ ਹੈ ਕਿ ਦਰਗਾਹ ਦੇ ਪ੍ਰਬੰਧ ’ਤੇ ਭਾਰੂ ਹੋਏ ਰੂੜ੍ਹੀਵਾਦੀਆਂ ਨੇ ਇਹ ਦਿਨ ਮਨਾਏ ਜਾਣ ਦੀ ਭਾਵਨਾ ਧੁੰਦਲੀ ਪਾ ਦਿੱਤੀ ਸੀ।
ਬੀਤੇ ਸਾਲਾਂ ਦੌਰਾਨ ਲਾਹੌਰ ਤੇ ਦਿੱਲੀ ਵਿਚ ਦੋ ਦਿਲਚਸਪ ਤਬਦੀਲੀਆਂ ਆਈਆਂ ਹਨ। ਲਾਹੌਰ ਵਿਚ ਰੂੜੀਵਾਦੀ ਮਜ਼ਹਬੀ ਇੰਤਹਾਪਸੰਦੀ, ਜਿਸ ਨੇ ਆਬਾਦੀ ਦੀ ਨੈਤਿਕਤਾ ਉੱਤੇ ਇਕ ਤਰ੍ਹਾਂ ‘ਅਜਾਰੇਦਾਰੀ’ ਕਾਇਮ ਕਰ ਲਈ ਜਾਪਦੀ ਹੈ ਅਤੇ ਇਸ ਵੱਲੋਂ (ਆਪਣੀ ਨਾਪਸੰਦੀ ਕਾਰਨ) ਇਸ ਤਿਉਹਾਰ ਨੂੰ ਇਕ ਤਰ੍ਹਾਂ ਖ਼ਤਮ ਕਰਨ ਦਾ ਤਹੱਈਆ ਕਰ ਲਿਆ ਜਾਪਦਾ ਹੈ। ਦੂਜੇ ਪਾਸੇ ਦਿੱਲੀ, ਜਿਸ ਨੇ ਸਦੀਆਂ ਤੋਂ ਰੂੜੀਵਾਦੀ ਹਕੂਮਤਾਂ ਦੌਰਾਨ ਇਕ ਤਰ੍ਹਾਂ ਇਸ ਤਿਉਹਾਰ ਦਾ ਖ਼ਾਤਮਾ ਹੀ ਕਰ ਦਿੱਤਾ ਸੀ, ਵਿਖੇ ਹੁਣ ਲੋਹੜੀ ਦੇ ਤਿਉਹਾਰ ਨੂੰ ਵੱਡੇ ਕਮਾਊ ਜਸ਼ਨ ਦਾ ਰੂਪ ਦੇਣ ਵਿਚ ਸਫਲਤਾ ਹਾਸਲ ਕਰ ਲਈ ਹੈ।

ਮਜੀਦ ਸ਼ੇਖ਼

ਮੇਰਾ ਅੰਦਾਜ਼ਾ ਹੈ ਕਿ ਅਗਲੇ ਕੁਝ ਸਾਲਾਂ ਦੌਰਾਨ ਬਸੰਤ ਪੰਚਮੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਪੱਖੋਂ ਭਾਰਤ ਦਾ ਪ੍ਰਮੁੱਖ ਤਿਉਹਾਰ ਬਣ ਜਾਵੇਗੀ। ਇਹ ਲਗਪਗ ਉਸੇ ਤਰ੍ਹਾਂ ਹੋਵੇਗਾ, ਜਿਵੇਂ ਸਿਆਲਕੋਟ ਦੀ ਸਾਡੀ ਖੇਡ ਸਨਅਤ ਦੀ ਥਾਂ ਭਾਰਤ ਤੋਂ ਆਏ ‘ਨਕਲੀ ਸਿਆਲਕੋਟੀਆਂ’ ਨੇ ਕਬਜ਼ਾ ਕਰ ਲਿਆ ਹੈ। ਇਸ ਦੇ ਬਾਵਜੂਦ ਬਸੰਤ ਦੇ ਮਾਮਲੇ ਵਿਚ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਅਜਿਹੀ ਚੀਜ਼ ਹੈ ਜਿਸ ਉੱਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ।
ਬਸੰਤ ਦੀ ਖ਼ੂਬਸੂਰਤੀ ਇਸ ਹਕੀਕਤ ਵਿਚ ਹੈ ਕਿ ਇਹ ਸੱਚਮੁੱਚ ਲੋਕਾਂ ਦਾ ਤਿਉਹਾਰ ਹੈ, ਉਹ ਭਾਵੇਂ ਕਾਲੇ ਹੋਣ ਜਾਂ ਗੋਰੇ ਤੇ ਭਾਵੇਂ ਉਹ ਕਿਸੇ ਵੀ ਧਾਰਮਿਕ ਅਕੀਦੇ ਨਾਲ ਸਬੰਧ ਰੱਖਦੇ ਹੋ। ਬਸੰਤ ਵਿਚ ਉਹ ਸਮਰੱਥਾ ਹੈ, ਜਿਹੜੀ ਸਾਡੇ ਵਿਚਲੇ ਆਸ਼ਾਵਾਦ ਨੂੰ ਬਾਹਰ ਲਿਆ ਸਕਦੀ ਹੈ। ਇਹ ਹੌਲੀ ਹੌਲੀ ਆਪਣੇ ਆਪ ਹੋਣ ਵਾਲੀ ਪ੍ਰਕਿਰਿਆ ਹੈ। ਕਿਸੇ ਦਾ ਇਸ ’ਤੇ ਕੋਈ ਜ਼ੋਰ ਨਹੀਂ ਚਲਦਾ। ਜ਼ਿੰਦਗੀ ਨੂੰ ਮਨੁੱਖਾਂ ਦੇ ਰੰਗ-ਭੇਦ ਦੇ ਪੱਖ ਤੋਂ ਹੀ ਦੇਖਣ ਸਮਝਣ ਵਾਲੇ ਜੰਗਜੂ ਇੰਤਹਾਪਸੰਦਾਂ ਨੂੰ ਛੱਡ ਕੇ ਇਹ ਸਿਰਫ਼ ਬਰ-ਏ-ਸਗ਼ੀਰ ਦੇ ਸੂਫ਼ੀ ਸੰਤ ਹੀ ਸਨ ਜਿਨ੍ਹਾਂ ਨੇ ਸਾਫ਼ ਤੌਰ ’ਤੇ ਲੋਕਾਂ, ਖ਼ਾਸਕਰ ਗ਼ਰੀਬਾਂ ਦੇ ਵੱਖੋ ਵੱਖਰੇ ਰੰਗਾਂ ਨਸਲਾਂ ਤੇ ਲਹਿਜਿਆਂ ਦੇ ਨਜ਼ਰੀਏ ਤੋਂ ਦੇਖਿਆ ਸਮਝਿਆ। ਦਾਤਾ ਗੰਜ ਬਖ਼ਸ਼ ਤੋਂ ਲੈ ਕੇ ਹਜ਼ਰਤ ਨਿਜ਼ਾਮੂਦੀਨ ਔਲੀਆ ਤੋਂ ਬੁੱਲ੍ਹੇ ਸ਼ਾਹ ਤਕ ਸਾਰਿਆਂ ਨੇ ਬਸੰਤ ਦੇ ਬਦਲਦੇ ਰੰਗਾਂ ਵਿਚ ਸਭ ਦੀ ਰੂਹ ਦੀ ਖ਼ੂਬਸੂਰਤੀ ਨੂੰ ਦੇਖਿਆ, ਜਿਵੇਂ ਸਰ੍ਹੋਂ ਦੇ ਖੇਤਾਂ ਵਿਚ ਪੀਲੇ ਫੁੱਲਾਂ ’ਚੋਂ ਜ਼ਿੰਦਗੀ ਖਿੜ ਕੇ ਸਾਹਮਣੇ ਆਉਂਦੀ ਹੈ।
ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਕੋਈ ਕਿਸ ਨੂੰ ਤੇ ਕਿਵੇਂ ਪੂਜਦਾ ਹੈ, ਬੁਨਿਆਦੀ ਹਕੀਕਤ ਇਹ ਹੈ ਕਿ ਸਾਡੀ ਕਿਸਮਤ ਦੀਆਂ ਜੜ੍ਹਾਂ ਸਾਡੀ ਜ਼ਮੀਨ ਵਿਚ ਮਜ਼ਬੂਤੀ ਨਾਲ ਜੰਮੀਆਂ ਹੋਈਆਂ ਹਨ। ਸ਼ੁਰੂਆਤੀ ਬਿੰਦੂ ਇਹੋ ਤੱਥ ਇਹ ਹੈ ਕਿ ਬਸੰਤ ਦਾ ਸਾਫ਼ ਮਤਲਬ ਹੁੰਦਾ ਹੈ ਕਿ ਛੇਤੀ ਹੀ ਸੂਰਜ ਦੀ ਗਰਮੀ ਨਾਲ ਸਾਡੀ ਕਣਕ ਪੱਕ ਜਾਵੇਗੀ ਅਤੇ ਇਸ ਨਾਲ ਇਕ ਹੋਰ ਸਾਲ ਲਈ ਸਾਡੇ ਵਾਸਤੇ ਅੰਨ ਦਾ ਪ੍ਰਬੰਧ ਹੋ ਜਾਵੇਗਾ। ਇਕੱਲੇ ਪ੍ਰਾਚੀਨ ਧਰਮਾਂ ਨੂੰ ਹੀ ਦੇਖ ਲਓ, ਜਿਵੇਂ ਜੈਨ, ਹਿੰਦੂ ਜਾਂ ਬੋਧੀ, ਇਹ ਸਾਰੇ ਆਪਣੇ ਜ਼ਮਾਨੇ ’ਚ ਲਾਹੌਰ ਵਿਚ ਵਧੇ-ਫੁੱਲੇ ਅਤੇ ਮੁਸਲਮਾਨ ਫ਼ਕੀਰਾਂ ਨੇ ਇਸ ਨੂੰ ਨਵੇਂ ਅਰਥ ਦਿੱਤੇ। ਸਿੱਖ ਇਸ ਨੂੰ ਚੰਦ ਆਧਾਰਿਤ ਕੈਲੰਡਰ ਦੇ ਵਿਸਾਖ ਮਹੀਨੇ ਦੇ ਪੰਜਵੇਂ ਦਿਨ ‘ਵਿਸਾਖੀ’ ਵਜੋਂ ਮਨਾਉਂਦੇ ਹਨ। ਲਹਿੰਦੇ ਪੰਜਾਬ ਵਿਚ ਤਕਰੀਬਨ ਸਾਰਾ ਸਾਲ ਪਤੰਗਬਾਜ਼ੀ ਉੱਤੇ ਲੱਗੀ ਰਹਿੰਦੀ ਪਾਬੰਦੀ ਨੇ ਇਸ ਪ੍ਰਾਚੀਨ ਤਿਉਹਾਰ ਦਾ ਬਹੁਤ ਨੁਕਸਾਨ ਕੀਤਾ ਹੈ। ਪਾਬੰਦੀ ਦਾ ਕਾਰਨ ਪਤੰਗਬਾਜ਼ੀ ਲਈ ਵਰਤੀ ਜਾਂਦੀ ‘ਪਲਾਸਟਿਕ ਡੋਰ’ ਹੈ, ਜਿਹੜੀ ਇਸ ਖ਼ੁਸ਼ੀਆਂ ਦੀ ਖੇਡ ਵਿਚ ਬਹੁਤ ਹੀ ਗ਼ਲਤ ਕਾਰਵਾਈ ਹੈ ਕਿਉਂਕਿ ਖੇਡ ਵਿਚ ਗ਼ਲਤ ਤਰੀਕੇ ਅਪਣਾਉਣ ਵਾਲਾ ਬੰਦਾ ਕਦੇ ਉਸ ਖੇਡ ਤੋਂ ਖ਼ੁਸ਼ੀ ਨਹੀਂ ਲੈ ਸਕਦਾ। ਇਸ ਲਈ ਜੇ ਕੋਈ ਅਜਿਹੀ ਡੋਰ ਵਰਤਣ ਵਾਲਿਆਂ ਨੂੰ ਕਾਬੂ ਕਰਨ ਦਾ ਸੱਚਮੁੱਚ ਚਾਹਵਾਨ ਹੋਵੇ ਤਾਂ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਫੜ ਕੇ ਉਨ੍ਹਾਂ ਦਾ ਮੂੰਹ ਕਾਲਾ ਕਰ ਕੇ ਖੋਤੇ ਉੱਤੇ ਬਿਠਾ ਕੇ ਘੁਮਾਇਆ ਜਾਵੇ, ਇਸ ਤਰ੍ਹਾਂ ਸ਼ਾਇਦ ‘ਕਾਨੂੰਨ’ ਲਾਗੂ ਕੀਤਾ ਜਾ ਸਕੇ।
ਇਹ ਹੋਰ ਵੀ ਵਧੀਆ ਹੋ ਸਕਦਾ ਹੈ, ਜੇ ਲੋਕਾਂ ਨੂੰ ਆਖਿਆ ਜਾਵੇ ਕਿ ਉਹ ਅਜਿਹੀ ਡੋਰ ਵਰਤਣ ਵਾਲਿਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕਰਨ। ਇਸ ਲਈ ਅਧਿਕਾਰੀਆਂ ਨੂੰ ਸਾਰੇ ਲੋਕਾਂ ਦੇ ਸਹਿਯੋਗ ਦੀ ਲੋੜ ਪਵੇਗੀ ਜਦੋਂਕਿ ਪਾਬੰਦੀ ਲਾ ਕੇ ਉਹ ਕਿਸੇ ਸਹਿਯੋਗ ਦੇ ਹੱਕਦਾਰ ਨਹੀਂ ਰਹਿੰਦੇ। ਮਹਿਜ਼
ਕੁਝ ਧੋਖੇਬਾਜ਼ਾਂ ਕਰਕੇ ਸਭ ਦੇ ਪਤੰਗਬਾਜ਼ੀ ਕਰਨ ਉੱਤੇ ਪਾਬੰਦੀ ਲਾ ਦੇਣਾ ਚੰਗੀ ਗੱਲ ਨਹੀਂ। ਜੇ ਇਹੋ ਦਲੀਲ ਵਰਤਣੀ ਹੈ, ਫਿਰ ਤਾਂ ਹਰੇਕ ਖੇਡ, ਭਾਵੇਂ ਉਹ ਸਭ ਤੋਂ ਵਧੀਆ ਤੇ ਮਨੋਰੰਜਕ ਹੀ ਕਿਉਂ ਨਾ ਹੋਵੇ, ਉੱਤੇ ਪਾਬੰਦੀ ਲੱਗ ਜਾਵੇਗੀ।
ਸਾਡੀ ਜਵਾਨੀ ਵੇਲੇ, ਰਾਤ ਦੀ ਪਤੰਗਬਾਜ਼ੀ ਤੋਂ ਪਹਿਲਾਂ ਅਸੀਂ ਕਾਗਜ਼ ਦੀਆਂ ਲਾਲਟੈਣਾਂ ਬਣਾ ਲੈਂਦੇ ਸਾਂ। ਫਿਰ ਰਾਤ ਨੂੰ ਪਤੰਗਬਾਜ਼ੀ ਹੁੰਦੀ ਤਾਂ ਪੁਰਾਣੇ ਲਾਹੌਰ ਸ਼ਹਿਰ ਦਾ ਆਸਮਾਨ ਅਣਗਿਣਤ ਉੱਡਦੀਆਂ ਰੰਗ-ਬਰੰਗੀਆਂ ਲਾਲਟੈਣਾਂ ਨਾਲ ਜਗਮਗਾਇਆ ਹੁੰਦਾ। ਇਹ ਬਹੁਤ ਹੀ ਦਿਲਕਸ਼ ਨਜ਼ਾਰਾ ਹੁੰਦਾ। ਬਸੰਤ ਮੌਕੇ ਲਾਹੌਰ ਓਨਾ ਹੀ ਖ਼ੂਬਸੂਰਤ ਜਾਂ ਬਦਸੂਰਤ ਹੋ ਸਕਦਾ ਹੈ, ਜਿੰਨਾ ਅਸੀਂ ਇਸ ਨੂੰ ਬਣਾਵਾਂਗੇ। ਮੈਂ ਬਸੰਤ ਨੂੰ ਕਮਾਊ ਤਿਉਹਾਰ ਬਣਾਉਣ ਦੀਆਂ ਭਾਰਤੀ ਕੋਸ਼ਿਸ਼ਾਂ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਲਾਹੌਰੀਆਂ ਲਈ ਵੀ ਜ਼ਰੂਰੀ ਹੈ ਕਿ ਅਜਿਹੇ ਮੌਕਿਆਂ ਨੂੰ ਪਾਬੰਦੀਆਂ ਦੀਆਂ ਜ਼ੰਜੀਰਾਂ ਵਿਚ ਬੰਨ੍ਹਣ ਦੀ ਥਾਂ ਇਨ੍ਹਾਂ ਨੂੰ ਨਵੀਆਂ ਬੁਲੰਦੀਆਂ ਉੱਤੇ ਲਿਜਾਣਾ ਚਾਹੀਦਾ ਹੈ।

ਬਸੰਤ ਬਾਰੇ ਮਲਿਕਾ ਪੁਖਰਾਜ ਦਾ ਇਹ ਗੀਤ ਬੇਹੱਦ ਮਕਬੂਲ ਹੋਇਆ:
ਲੋ ਫਿਰ ਬਸੰਤ ਆਈ
ਫੂਲੋਂ ਪੇ ਰੰਗ ਲਾਈ
ਚਲੋ ਬੇ ਦਰੰਗ
ਲਬੇ ਆਬੇ ਗੰਗ
ਬਜੇ ਜਲਤਰੰਗ
ਮਨ ਪਰ ਉਮੰਗ ਛਾਈ…

ਕੇਵਲ ਧਾਲੀਵਾਲ
ਬੰਦਿਸ਼ ਤੇ ਜੁਅਰੱਤ

ਦੁਨੀਆਂ ਦੇ ਕਿਸੇ ਵੀ ਮੁਲਕ, ਲੋਕਾਂ, ਉੱਥੋਂ ਦੇ ਸਭਿਆਚਾਰ, ਵਿਰਾਸਤ, ਲੋਕਾਂ ਦੀ ਸਾਂਝੀ ਜ਼ੁਬਾਨ, ਸਾਂਝੀ ਤਹਿਜ਼ੀਬ ਨਾਲ ਏਨਾ ਵੱਡਾ ਧੱਕਾ ਨਹੀਂ ਹੋਇਆ ਹੋਣਾ, ਜਿੰਨਾ ਵੱਡਾ ਧੱਕਾ ਮੁਲਕ ਦੀ ਆਜ਼ਾਦੀ ਵੇਲੇ ਪੰਜਾਬੀਆਂ ਨਾਲ ਹੋਇਆ ਤੇ ਲਗਾਤਾਰ ਜਾਰੀ ਹੈ। ਵੰਡ ਵੇਲੇ ਦੇ ਜ਼ਖ਼ਮਾਂ ਉੱਤੇ ਸਮੇਂ ਸਮੇਂ ਅਦੀਬਾਂ, ਕਲਾਕਾਰਾਂ ਤੇ ਕਲਮਕਾਰਾਂ ਨੇ ਮੱਲ੍ਹਮ ਵੀ ਲਾਈ। ਅਮਨ ਤੇ ਦੋਸਤੀ ਦੀ ਆਵਾਜ਼ ਵੀ ਬੁਲੰਦ ਕੀਤੀ ਹੈ। ਇਸ ਅਮਨ ਤੇ ਦੋਸਤੀ ਲਈ ਹਾਲੇ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ, ਦੋਵੇਂ ਪਾਸੇ ਸੈਮੀਨਾਰ ਹੋ ਰਹੇ ਨੇ, ਨਾਟਕ ਖੇਡੇ ਜਾ ਰਹੇ ਨੇ, ਮੋਮਬੱਤੀਆਂ ਵੀ ਜਗਾਈਆਂ ਜਾ ਰਹੀਆਂ ਨੇ, ਸਾਹਿਤ ਦਾ ਆਦਾਨ-ਪ੍ਰਦਾਨ ਵੀ ਹੋ ਰਿਹਾ ਹੈ। ਦੋਵਾਂ ਮੁਲਕਾਂ ਦੇ ਲੋਕਾਂ ਲਈ ਕਦੀ-ਕਦੀ ਠੰਢੀਆਂ ਹਵਾਵਾਂ ਦੇ ਬੁੱਲੇ ਵੀ ਆਉਂਦੇ ਨੇ ਤੇ ਕਦੀ-ਕਦੀ ਮਾਰੂ ਰਾਜਨੀਤੀ ਦੀਆਂ ਗਰਮ ਹਵਾਵਾਂ ਵੀ ਲੂਹ ਸੁਟਦੀਆਂ ਨੇ। ਮੈਂ ਇਸ ਲੇਖ ਦੇ ਬਹਾਨੇ ਅਜੋਕਾ ਥੀਏਟਰ ਲਾਹੌਰ ਨਾਲ ਅਮਨ ਤੇ ਦੋਸਤੀ ਦੀ ਸਾਂਝ ਨੂੰ ਬਸੰਤ ਤਿਉਹਾਰ ਮੌਕੇ ਇਕ ਲਾਹੌਰ ਫੇਰੀ ਰਾਹੀਂ ਸਾਂਝਾ ਕਰ ਰਿਹਾ ਹਾਂ। ਜਿਵੇਂ ਅੰਮ੍ਰਿਸਤਰ ਤੇ ਲਾਹੌਰ ਦੀਆਂ ਸੱਭਿਆਚਾਰਕ ਜੜ੍ਹਾਂ ਸਾਂਝੀਆਂ ਨੇ, ਦੋਵਾਂ ਸ਼ਹਿਰਾਂ ਦੇ ਪਾਣੀਆਂ ਦਾ ਸਵਾਦ ਤੇ ਮਿਠਾਸ ਇਕੋ ਜਿਹੀ ਹੈ, ਦੋਵਾਂ ਸ਼ਹਿਰਾਂ ਦੇ ਲੋਕਾਂ ਦੀ ਸ਼ੌਕੀਨੀ ਵੀ ਇਕੋ ਜਿਹੀ ਹੈ, ਉਵੇਂ ਹੀ ਲਾਹੌਰ ਤੇ ਅੰਮ੍ਰਿਤਸਰ ਦੀ ਪਤੰਗਬਾਜ਼ੀ ਤੇ ਬਸੰਤ ਵੀ ਇਕੋ ਜਿਹੀ ਪ੍ਰਸਿੱਧ ਹੈ।

ਕੇਵਲ ਧਾਲੀਵਾਲ

ਇਹ ਗੱਲ ਪੰਜ ਕੁ ਸਾਲ ਪਹਿਲਾਂ ਦੀ ਹੈ। ਮੇਰੇ ਕੋਲ ਲਾਹੌਰ ਦਾ ਵੀਜ਼ਾ ਸੀ ਤੇ ਉਧਰ ਲਾਹੌਰ ਵਾਲੇ ਪਾਸੇ ਸਾਡੇ ਦੋਸਤ ਸ਼ਾਹਿਦ ਨਦੀਮ ਅਤੇ ਮਦੀਹਾ ਗੌਹਰ ਦੇ ਨਾਟਕ ਗਰੁੱਪ ਦੇ ਤੀਹ ਸਾਲ ਪੂਰੇ ਹੋਏ ਸਨ। ਇਸ ਲਈ ਅਜੋਕਾ ਥੀਏਟਰ ਦੀ 30ਵੀਂ ਵਰ੍ਹੇਗੰਢ ਵੀ ਸੀ। ਉਨ੍ਹਾਂ ਨੇ ਲਾਹੌਰ ਵਿਖੇ ਦਸ ਦਿਨ ਦਾ ਆਪਣੇ ਨਾਟਕਾਂ ਦਾ ਮੇਲਾ ਆਯੋਜਿਤ ਕੀਤਾ ਤੇ ਮੈਨੂੰ ਵੀ ਉਸ ਵਿਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ। ਵੀਜ਼ਾ ਮੇਰੇ ਕੋਲ ਪਹਿਲਾਂ ਹੀ ਸੀ, ਪਰ ਮੇਰੇ ਏਧਰਲੇ ਰੁਝੇਵਿਆਂ ਕਰਕੇ ਪਹਿਲਾਂ ਤਾਂ ਪ੍ਰੋਗਰਾਮ ਨਾ ਬਣਾ ਸਕਿਆ, ਪਰ ਆਖ਼ਰੀ ਦਿਨ ਸਵੇਰੇ ਮੈਂ ਸੋਚਿਆ ਕਿ ਪਾਕਿਸਤਾਨ ਵਿਚ ਕਿਸੇ ਥੀਏਟਰ ਗਰੁੱਪ ਨੂੰ ਕੰਮ ਕਰਦਿਆਂ ਤੀਹ ਸਾਲ ਹੋ ਗਏ ਹੋਣ, ਇਹ ਬਹੁਤ ਵੱਡੀ ਗੱਲ ਹੈ। ਉਹ ਮੁਲਕ ਜਿੱਥੇ ਹਰ ਪੈਰ ’ਤੇ ਕੱਟੜਤਾ ਤੇ ਮਜ਼ਹਬ ਨੇ ਜਾਲ ਫੈਲਾ ਰੱਖਿਆ ਹੋਵੇ, ਹਰ ਪਾਸੇ ਫ਼ੌਜ ਦੀ ਹਕੂਮਤ ਹੋਵੇ, ਤਾਲਿਬਾਨ ਦਨਦਨਾਉਂਦੇ ਫਿਰਦੇ ਹੋਣ, ਜਿੱਥੇ ਹੱਕ ਤੇ ਸੱਚ ਲਈ ਬੋਲਣ ’ਤੇ ਮਨਾਹੀ ਹੋਵੇ, ਜੇਕਰ ਉੱਥੇ ਸਾਡੇ ਥੀਏਟਰ ਵਾਲੇ ਦੋਸਤ ਇਕ ਵੱਡੀ ਪ੍ਰਤੀਬੱਧਤਾ ਨਾਲ ਥੀਏਟਰ ਰਾਹੀਂ ਮੁੱਲਿਆਂ ਮੁਲਾਣਿਆਂ ਖ਼ਿਲਾਫ਼ ਬੁਰਕਿਆਂ ਦੇ ਵਿਰੋਧ ’ਚ, ਔਰਤਾਂ ਦੇ ਹੱਕ ’ਚ; ਬੱਚਿਆਂ, ਮਜ਼ਦੂਰਾਂ ਅਤੇ ਸਾਂਝੀ ਤਹਿਜ਼ੀਬ, ਸਾਂਝੀ ਵਿਰਾਸਤ, ਅਮਨ ਤੇ ਦੋਸਤੀ ਲਈ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਆਪਣੇ ਥੀਏਟਰ ਗਰੁੱਪ ਦੇ 30 ਸਾਲ ਪੂਰੇ ਕਰਦੇ ਨੇ ਤਾਂ ਮੈਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ। ਕਿਉਂਕਿ ਮੇਰੀ ਅਜੋਕਾ ਥੀਏਟਰ ਲਾਹੌਰ ਨਾਲ ਲਗਭਗ ਪਿਛਲੇ ਪੰਦਰਾਂ ਸਾਲਾਂ ਤੋਂ ਨੇੜਤਾ ਹੈ। ਮੈਂ ਆਪਣੇ ਥੀਏਟਰ ਗਰੁੱਪ ਮੰਚ-ਰੰਗਮੰਚ ਦੇ ਬਹੁਤ ਸਾਰੇ ਨਾਟਕ ‘ਲੂਣਾਂ’, ‘ਲਾਲ ਬੱਤੀ’, ‘ਸ਼ਾਇਰੀ’, ‘ਮੱਸਿਆ ਦੀ ਰਾਤ’, ‘ਗੱਡੀ ਚੜ੍ਹਨ ਦੀ ਕਾਹਲ ਬੜੀ ਸੀ’, ‘ਝੱਲੀ ਕਿੱਥੇ ਜਾਵੇ’, ‘ਧਮਕ ਨਗਾਰੇ ਦੀ’, ‘ਅੰਦਰ ਬਾਹਰ ਮੰਟੋ’, ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ਹੋਰ ਵੀ ਕਈ ਨਾਟਕ ਲਾਹੌਰ ਵਿਖੇ ਖੇਡੇ ਨੇ। ਅਜੋਕਾ ਥੀਏਟਰ ਲਾਹੌਰ ਦੇ ਕਲਾਕਾਰਾਂ ਨਾਲ ਮੈਂ ਉੱਥੇ ਜਾਕੇ ਥੀਏਟਰ ਵਰਕਸ਼ਾਪ ਵੀ ਕਰਦਾ ਰਿਹਾ ਹਾਂ, ਕਈ ਸੈਮੀਨਾਰਾਂ ਵਿਚ ਜਾਣ ਦਾ ਵੀ ਮੌਕਾ ਮਿਲਿਆ ਹੈ। ਅਜੋਕਾ ਥੀਏਟਰ ਲਾਹੌਰ ਦੇ ਕਲਾਕਾਰ (ਪਾਕਿਸਤਾਨ ਤੋਂ ਕੁਝ ਹੋਰ ਥੀਏਟਰ ਗਰੁੱਪਾਂ ਦੇ ਕਲਾਕਾਰ ਵੀ) ਜੂਨ ਮਹੀਨੇ ਦੀ ਥੀਏਟਰ ਵਰਕਸ਼ਾਪ ਵਿੱਚ ਮੇਰੇ ਕੋਲ ਥੀਏਟਰ ਦੀ ਟਰੇਨਿੰਗ ਲੈਣ ਆਉਂਦੇ ਰਹੇ ਨੇ। ਇਸ ਕਰਕੇ ਇਸ ਥੀਏਟਰ ਗਰੁੱਪ ਤੇ ਇਸ ਦੇ ਕਲਾਕਾਰਾਂ ਨਾਲ ਮੇਰੀ ਨੇੜਤਾ ਵੀ ਹੈ ਤੇ ਸਾਂਝ ਵੀ। ਅਜੋਕਾ ਥੀਏਟਰ ਲਾਹੌਰ ਦੇ ਮੁਖੀ, ਨਾਟਕਕਾਰ ਸ਼ਾਹਿਦ ਨਦੀਮ ਅਤੇ ਨਿਰਦੇਸ਼ਕਾ ਮਦੀਹਾ ਗੌਹਰ ਨੇ ਆਪਣੀ ਥੀਏਟਰ ਪ੍ਰਤੀਬੱਧਤਾ ਕਰਕੇ ਪਾਕਿਸਤਾਨ ਦੀ ਜੇਲ੍ਹ ਵਿੱਚ ਵੀ ਦਿਨ ਬਿਤਾਏ, ਪਰ ਆਪਣੀ ਥੀਏਟਰ ਪ੍ਰਤੀ ਲਗਨ ਨੂੰ ਡੋਲਣ ਨਹੀਂ ਦਿੱਤਾ। ਪਾਕਿਸਤਾਨ ਵਰਗੇ ਮੁਲਕ ਵਿਚ ਇਨ੍ਹਾਂ ਨੇ ਬੁਰਕੇ ਦੇ ਖ਼ਿਲਾਫ਼ ਨਾਟਕ ‘ਬੁਰਕਾਵਗੈਂਜਾ’ ਪੇਸ਼ ਕੀਤਾ ਤਾਂ ਸਰਕਾਰ ਨੇ ਕੱਟੜਪੰਥੀਆਂ ਨਾਲ ਮਿਲ ਕੇ ਉਸ ’ਤੇ ਪਾਬੰਦੀ ਲਗਾ ਦਿੱਤੀ। ਪਰ ਇਸ ਗਰੁੱਪ ਨੇ ਫਿਰ ਵੀ ਕਰਾਚੀ ਜਾ ਕੇ ਉਹ ਨਾਟਕ ਪੇਸ਼ ਕੀਤਾ। ਤਿੰਨ ਸਾਲ ਪਹਿਲਾਂ ਇਨ੍ਹਾਂ ਨੇ ਲਾਹੌਰ ਵਿਖੇ ਥੀਏਟਰ ਫੈਸਟੀਵਲ ਕੀਤਾ ਤਾਂ ਉਸਦਾ ਨਾਮ ਰੱਖਿਆ- ‘ਥੀਏਟਰ ਅਗੇਂਸਟ ਤਾਲਿਬਾਨ’। ਪਾਕਿਸਤਾਨ ਵਿੱਚ ਹੋਰ ਵੀ ਥੀਏਟਰ ਗਰੁੱਪ ਕੰਮ ਕਰਦੇ ਨੇ, ਪਰ ਜਿਸ ਤਰ੍ਹਾਂ ਆਪਣੀ ਪੇਸ਼ਕਾਰੀ ਦੇ ਮਿਆਰ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਖ਼ਿਆਲ ਨੂੰ ਆਪਣੇ ਨਾਟਕਾਂ ਰਾਹੀਂ ਇਸ ਗਰੁੱਪ ਨੇ ਬੁਲੰਦ ਆਵਾਜ਼ ਦਿੱਤੀ ਹੈ, ਸ਼ਾਇਦ ਹੀ ਹੋਰ ਕੋਈ ਕਰ ਸਕਿਆ ਹੋਵੇ ਜਾਂ ਕਰ ਰਿਹਾ ਹੋਵੇ। ਇਹ ਪਹਿਲਾ ਥੀਏਟਰ ਗਰੁੱਪ ਹੈ ਜਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਭੂਮੀ ’ਤੇ ਜਾ ਕੇ ਨਾਟਕ ਖੇਡਿਆ ਸੀ। ਅਜੋਕਾ ਥੀਏਟਰ ਆਪਣੇ ਇਸ 30 ਸਾਲਾ ਜਸ਼ਨਾਂ ਦੇ ਉਤਸਵ ਦੇ ਆਖ਼ਰੀ ਦਿਨ ਆਪਣਾ ਨਵਾਂ ਨਾਟਕ ‘ਲੋ ਫਿਰ ਬਸੰਤ ਆਈ’ ਖੇਡ ਰਿਹਾ ਸੀ, ਇਸ ਲਈ ਮੇਰੇ ਮਨ ਵਿੱਚ ਨਵਾਂ ਨਾਟਕ ਵੇਖਣ ਦਾ ਵੀ ਚਾਅ ਸੀ। ਅਜਿਹੇ ਪ੍ਰਪੱਕ ਇਰਾਦਿਆਂ ਵਾਲੇ ਥੀਏਟਰ ਗਰੁੱਪ ਬਾਰੇ ਗੱਲ ਕਰਨ ਅਤੇ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਲਈ ਮੈਂ ਇੱਕ ਦਿਨ ਦੀ ਲਾਹੌਰ ਯਾਤਰਾ ਲਈ ਤੁਰ ਪਿਆ। ਦੋਵੇਂ ਮੁਲਕਾਂ ਦੇ ਬਾਰਡਰਾਂ ਤੋਂ ਕਾਗਜ਼ੀ ਕਾਰਵਾਈਆਂ ਨਿਪਟਾਉਣ ਤੋਂ ਬਾਅਦ ਮੈਂ 11.30 ਵਜੇ ਤੱਕ ਲਾਹੌਰ ਪਹੁੰਚ ਗਿਆ। ਦਿਨੇ ਕੁਝ ਦੋਸਤ, ਕੁਝ ਬਜ਼ਾਰ, ਕੁਝ ਖਰੀਦਦਾਰੀ ਤੇ ਫਿਰ ਸ਼ਾਮ ਨੂੰ ਅਲਹਮਰਾ ਦੇ ਖ਼ੂਬਸੂਰਤ ਆਡੀਟੋਰੀਅਮ ਵਿੱਚ ਨਾਟਕ ‘ਲੋ ਫਿਰ ਬਸੰਤ ਆਈ’ ਦੀ ਖ਼ੂਬਸੂਰਤ ਪੇਸ਼ਕਾਰੀ। ਇਸ ਨਾਟਕ ਨਾਲ ਮੇਰੀ ਸਾਂਝ ਇਸ ਤਰ੍ਹਾਂ ਵੀ ਹੈ ਕਿ ਇਸ ਨਾਟਕ ਦਾ ਸੈੱਟ ਮੈਂ ਤੇ ਮਦੀਹਾ ਗੌਹਰ ਨੇ ਮਿਲ ਕੇ ਡਿਜ਼ਾਈਨ ਕੀਤਾ ਸੀ। ਲਾਹੌਰ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਪੁਰਾਣੇ ਦਰਵਾਜ਼ੇ, ਗਲੀਆਂ ਤੇ ਛੱਤਾਂ ਨੂੰ ਸੈੱਟ ਦਾ ਹਿੱਸਾ ਬਣਾਇਆ ਗਿਆ ਸੀ। ਅਜੋਕਾ ਥੀਏਟਰ ਦੀ ਰਵਾਇਤ ਅਨੁਸਾਰ ਇਹ ਨਾਟਕ ਵੀ ਪਾਕਿਸਤਾਨ ਦੇ ਲੋਕਮਾਰੂ ਕਾਨੂੰਨਾਂ ਦੀ ਖਿੱਲੀ ਉਡਾ ਰਿਹਾ ਸੀ। ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਵਿੱਚ ‘ਬਸੰਤ’ ਤਿਉਹਾਰ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਜਿਵੇਂ ਸਾਡੇ ਅੰਮ੍ਰਿਤਸਰ ਦੀ ਬਸੰਤ ਵੀ ਮਸ਼ਹੂਰ ਹੈ। ਪਰ ਪਾਕਿਸਤਾਨ ਵਿਚ ਲਾਹੌਰ ਦੀ ਬਸੰਤ ਤਾਂ ਦੁਨੀਆਂ ਭਰ ਵਿਚ ਮਸ਼ਹੂਰ ਹੈ। ਕੁਝ ਕੱਟੜਪੰਥੀ ਸਮਝਦੇ ਨੇ ਕਿ ਬਸੰਤ ਤਾਂ ਹਿੰਦੂਆਂ ਦਾ ਤਿਉਹਾਰ ਹੈ, ਇਸ ਨੂੰ ਪਾਕਿਸਤਾਨ ਵਿਚ ਕਿਉਂ ਮਨਾਇਆ ਜਾਵੇ। ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਬਸੰਤ ਦਾ ਤਿਉਹਾਰ ਕਿਸੇ ਮਜ਼ਹਬ ਜਾਂ ਧਰਮ ਨਾਲ ਨਹੀਂ ਜੁੜਿਆ, ਇਹ ਤਾਂ ਸਾਂਝੀ ਵਿਰਾਸਤ, ਸਾਂਝੀ ਤਹਿਜ਼ੀਬ, ਸਾਂਝੀ ਬੋਲੀ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਨਾਟਕ ਨੂੰ ਸ਼ਾਹਿਦ ਨਦੀਮ ਨੇ ਬਹੁਤ ਖ਼ੂਬਸੂਰਤੀ ਤੇ ਬੇਬਾਕੀ ਨਾਲ ਲਿਖਿਆ ਹੈ। ਨਾਟਕ ਵਿੱਚ 80 ਸਾਲ ਦਾ ਇੱਕ ਬਜ਼ੁਰਗ ਜੋ ਕਦੀ, ਗੁੱਡੀਆਂ ਤੇ ਪਤੰਗਾਂ ਬਣਾਉਂਦਾ ਸੀ, ਹੁਣ ਪਾਬੰਦੀ ਕਰਕੇ ਵਿਹਲਾ ਬੈਠਾ ਹੈ ਤੇ ਇਕ ਭੋਰੇ ’ਚ ਬੈਠੇ ਦੇ ਉਸ ਦੇ ਖ਼ੁਆਬਾਂ ਵਿਚ ਆਕੇ ਪਤੰਗਾਂ ਉਸ ਨਾਲ ਗੱਲਾਂ ਕਰਦੀਆਂ ਨੇ। ਇਕ ਜਗ੍ਹਾ ਉਹ ਕਹਿੰਦਾ ਹੈ ਕਿ ‘‘ਇਹ ਬਸੰਤ ਦਾ ਤਿਉਹਾਰ ਤਾਂ ਛੋਟੀਆਂ-ਛੋਟੀਆਂ ਤੇ ਭੀੜੀਆਂ-ਭੀੜੀਆਂ ਗਲੀਆਂ ਵਿੱਚ ਤੇ ਛੋਟੇ-ਛੋਟੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਚਾਵਾਂ ਤੇ ਉਮੰਗਾਂ ਦਾ ਤਿਉਹਾਰ ਹੈ, ਲੋਕ ਇਨ੍ਹਾਂ ਪਤੰਗਾਂ ਬਹਾਨੇ ਆਪਣੀ ਜ਼ਿੰਦਗੀ ਦੇ ਖੁਰਦੇ ਰੰਗਾਂ ਦੀ ਉਡਾਣ ਭਰਦੇ ਨੇ ਤੇ ਆਪਣੇ ਚਾਵਾਂ ਨੂੰ ਤੁਣਕੇ ਮਾਰ-ਮਾਰ ਕੇ ਆਸਮਾਨ ਦੀਆਂ ਬੁਲੰਦੀਆਂ ਤੱਕ ਲੈ ਜਾਂਦੇ ਨੇ।’’ ਨਾਟਕ ਵਿਚ ਛੱਤਾਂ ’ਤੇ ਖੜ੍ਹੀਆਂ ਔਰਤਾਂ ਦੀ ਲੜਾਈ, ਬੱਚਿਆਂ ’ਚ ਪਤੰਗਾਂ ਉਡਾਉਣਾ ਤੇ ਲੁੱਟਣਾ ਅਤੇ ਛੱਤਾਂ ’ਤੇ ਖੜ੍ਹੇ ਨੌਜਵਾਨ ਮੁੰਡੇ ਕੁੜੀਆਂ ਦੀ ਪਤੰਗਬਾਜ਼ੀ ਤੇ ਇਸ਼ਕਬਾਜ਼ੀ ਵੀ ਨਾਟਕ ਨੂੰ ਰੌਚਕ ਬਣਾਉਂਦੇ ਨੇ। ਇਸ ਨਾਟਕ ਵਿੱਚ ਸ਼ਾਹਿਦ ਨਦੀਮ ਨੇ ਬਸੰਤ ਦੇ ਬਹਾਨੇ ਜ਼ਿੰਦਗੀ ਵਿੱਚ ਮੁੱਲਿਆਂ, ਕੱਟੜਪੰਥੀਆਂ ਅਤੇ ਤਾਲਿਬਾਨ ਦੀ ਹੋ ਰਹੀ ਦਖ਼ਲਅੰਦਾਜ਼ੀ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਸ਼ੋਅ ਤੋਂ ਪਹਿਲਾਂ ਕਲਾਕਾਰਾਂ ਤੇ ਪ੍ਰਬੰਧਕਾਂ ਨੂੰ ਲੱਗ ਰਿਹਾ ਸੀ ਕਿ ਇਸ ਨਾਟਕ ਉਪਰ ਪਾਬੰਦੀ ਵੀ ਲੱਗ ਸਕਦੀ ਹੈ ਕਿਉਂਕਿ ਲਾਹੌਰ ਵਿੱਚ ਪਤੰਗ ਉਡਾਉਣੀ ਤਾਂ ਦੂਰ, ਪਤੰਗ ਦੁਕਾਨ ’ਤੇ ਵੀ ਨਹੀਂ ਰੱਖੀ ਜਾ ਸਕਦੀ। ਪਤੰਗ ਉਡਾਉਣ ਦੇ ਦੋਸ਼ ਵਿੱਚ ਦਸ ਸਾਲ ਦੇ ਇੱਕ ਬੱਚੇ ਨੂੰ ਵੀ ਉੱਥੇ ਕੈਦ ਹੋ ਚੁੱਕੀ ਏ। ਪਾਕਿਸਤਾਨ ਦੇ ਕਾਨੂੰਨ, ਮੁਲਾਣਿਆਂ ਦੀ ਕੱਟੜਪੰਥੀ ਦੇ ਨਾਲ-ਨਾਲ, ਚੀਨੀ ਡੋਰ ਨੇ ਵੀ ਬਲਦੀ ’ਤੇ ਤੇਲ ਪਾਇਆ ਹੈ। ਇਸ ਡੋਰ ਨਾਲ ਕਈ ਜਾਨਾਂ ਦਾ ਨੁਕਸਾਨ ਹੋਇਆ ਹੈ। ਨਾਟਕ ਵਿੱਚ ਮਲਿਕਾ ਪੁਖਰਾਜ ਦੇ ਗੀਤ ‘ਲੋ ਫਿਰ ਬਸੰਤ ਆਈ’ ਨੂੰ ਸੰਗੀਤ ਦੇ ਤੌਰ ’ਤੇ ਵਰਤ ਕੇ ਨਾਟਕ ਨੂੰ ਰਵਾਨੀ ਦਿੱਤੀ ਗਈ ਹੈ। ਨਾਟਕ ਦੇ ਅਖ਼ੀਰ ਵਿੱਚ ਪਤੰਗਾਂ ਬਣਾਉਣ ਵਾਲੇ ਮੁਹੱਲੇ ਵਿੱਚ ਬੰਬ ਫਟਦਾ ਹੈ ਤੇ ਜ਼ਖ਼ਮੀ ਹੋਈਆਂ ਪਤੰਗਾਂ, ਸੜੀਆਂ ਤੇ ਰੰਗ ਵਿਹੂਣੀਆਂ ਪਤੰਗਾਂ ਸਟੇਜ ’ਤੇ ਡਿੱਗਦੀਆਂ ਨੇ। ਇੰਜ ਲੱਗਦਾ ਏ ਜਿਵੇਂ ਸਾਹ-ਸਤ ਮਾਰੇ ਲੋਕ, ਅਧਜਲੇ, ਅਧਮੋਏ, ਤੇ ਰੰਗਾਂ ਨੂੰ ਤਰਸਦੇ ਲੋਕ ਘੁਟ-ਘੁਟਕੇ ਮਰ ਰਹੇ ਹੋਣ। ਇਸ ਨਾਟਕ ਦੀ ਸੰਜੀਦਾ ਪੇਸ਼ਕਾਰੀ, ਨਾਟਕੀ ਬਣਤਰ ਨੇ ਅਜੋਕਾ ਥੀਏਟਰ ਦੇ 30 ਸਾਲਾ ਇਤਿਹਾਸ ਦੀ ਰੰਗਮੰਚ ਪ੍ਰਤੀਬੱਧਤਾ ਨੂੰ ਹੋਰ ਵੀ ਪਕੇਰਿਆਂ ਕੀਤਾ। ਕਿਉਂਕਿ ਬਸੰਤ ਉਪਰ ਪਾਬੰਦੀ ਦਾ ਮਤਲਬ ਹੈ ਜ਼ਿੰਦਗੀ ਦੇ ਰੰਗਾਂ, ਮਨੁੱਖ ਦੀਆਂ ਉਮੰਗਾਂ ਉੱਤੇ ਪਾਬੰਦੀ, ਨਿਮਾਣੇ, ਨਿਤਾਣੇ ਲੋਕਾਂ ਦੇ ਖ਼ੁਆਬਾਂ, ਖ਼ਿਆਲਾਂ ਦੀਆਂ ਉਡਾਣਾਂ ਉੱਤੇ ਪਾਬੰਦੀ। ਇਹ ਨਾਟਕ ਪਾਬੰਦੀਆਂ ਵਿੱਚ ਵੀ ਸਾਹ ਲੈ ਰਹੇ ਮੁਲਕ ਦੀ ਗਾਥਾ ਹੈ। ਮੈਨੂੰ ਇਸ ਨਾਟਕ ਨੇ ਝੰਜੋੜਿਆ ਹੈ, ਮੈਂ ਅਜੋਕਾ ਥੀਏਟਰ ਦੇ ਲੰਮੇਂ ਸੰਘਰਸ਼ ਤੇ ਉਸਦੀ ਪ੍ਰਤੀਬੱਧਤਾ ਨੂੰ ਸਲੂਟ ਕਰਦਾ ਹਾਂ। ਮੈਂ ਜਦੋਂ ਇਸ ਇੱਕ ਰੋਜ਼ਾ ਯਾਤਰਾ ਤੋਂ ਪਰਤਿਆ ਤਾਂ ਮੈਨੂੰ ਚੰਗਾ-ਚੰਗਾ ਇਸ ਲਈ ਲੱਗ ਰਿਹਾ ਸੀ ਕਿ ਮੈਂ ਲਾਹੌਰ ਸਿਰਫ਼ ਨਾਟਕ ਦੇਖਣ ਲਈ ਹੀ ਗਿਆ ਤੇ ਚੰਗਾ ਨਾਟਕ ਵੇਖਣ ਨੂੰ ਮਿਲਿਆ ਤੇ ਅਗਲੇ ਦਿਨ ਸਵੇਰੇ ਵਾਪਸ ਵੀ ਆ ਗਿਆ। ਕੀ ਦੋਵਾਂ ਮੁਲਕਾਂ ਦੇ ਰਹਿਬਰ ਬੈਠ ਕੇ ਵਿਚਾਰ ਨਹੀਂ ਸਕਦੇ ਕਿ ਵੀਜ਼ਾ ਸਿਸਟਮ ਨਰਮ ਹੋਵੇ ਤੇ ਆਮ ਲੋਕ ਵੀ ਲਾਹੌਰ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲਾਹੌਰ ਆਸਾਨੀ ਨਾਲ ਆ ਜਾ ਸਕਣ, ਇੱਕ-ਦੂਜੇ ਦੇ ਦੁੱਖ-ਸੁਖ ਵਿਚ ਸ਼ਰੀਕ ਹੋ ਸਕਣ ਤੇ ਆਪਣੇ-ਆਪਣੇ ਰੰਗਾਂ ਦੀ ਪਕਿਆਈ ਨੂੰ ਸਾਂਭਦੇ ਹੋਏ ਸਾਂਝੀ ਤਹਿਜ਼ੀਬ ਦੇ ਗੀਤ ਗਾ ਸਕਣ। ਕਾਸ਼! ਕਦੀ ਏਦਾਂ ਹੋਵੇ। ਮੈਨੂੰ ਉਮੀਦ ਏ, ਇੱਕ ਦਿਨ ਏਦਾਂ ਜ਼ਰੂਰ ਹੋਵੇਗਾ।