ਮੰਤਰੀ ਦੇ ਪੈਰੀਂ ਹੱਥ ਲਾਉਣ ’ਤੇ ਮੁਅੱਤਲ

0
340

ਬਟਾਲਾ ; ਪੰਜਾਬ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੁਲੀਸ ਮੁਲਾਜ਼ਮ ਨੂੰ ਕੈਬਨਿਟ ਮੰਤਰੀ ਦੇ ਪੈਰੀਂ ਹੱਥ ਲਾਉਣ ’ਤੇ ਮੁਅੱਤਲ ਕੀਤਾ ਗਿਆ ਹੋਵੇ। ਬਟਾਲਾ ਦੇ ਐੱਸਪੀ (ਡੀ) ਸੂਬਾ ਸਿੰਘ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਹੁਕਮਾਂ ’ਤੇ ਥਾਣਾ ਫਤਿਹਗੜ੍ਹ ਚੂੜੀਆਂ ਦੇ ਏਐੱਸਆਈ ਪਲਵਿੰਦਰ ਸਿੰਘ ਨੂੰ ਉਨ੍ਹਾਂ ਦੇ ਗੋਡੀਂ ਹੱਥ ਲਾਉਣ ਉੱਤੇ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ।
ਐੱਸਪੀ (ਜਾਂਚ) ਨੇ ਦੱਸਿਆ ਕਿ ਏ.ਐੱਸ.ਆਈ. ਪਲਵਿੰਦਰ ਸਿੰਘ ਜੋ ਕਿ ਬਤੌਰ ਤਫਤੀਸ਼ੀ ਅਫ਼ਸਰ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਤਾਇਨਾਤ ਹੈ, ਅੱਜ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੀ ਰਿਹਾਇਸ਼ ਕਾਦੀਆਂ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਨੇ ਪੁਲੀਸ ਵਰਦੀ ਵਿੱਚ ਮੰਤਰੀ ਦੀ ਕੋਠੀ ਪਹੁੰਚ ਕੇ ਲੋਕਾਂ ਦੀ ਹਾਜ਼ਰੀ ਵਿੱਚ ਹੀ ਉਨ੍ਹਾਂ ਦੇ ਗੋਡਿਆਂ ਨੂੰ ਹੱਥ ਲਾ ਦਿੱਤੇ। ਐੱਸਪੀ ਨੇ ਕਿਹਾ ਕਿ ਏਐੱਸਆਈ ਦੇ ਅਜਿਹਾ ਕਰਨ ਨਾਲ ਪੁਲੀਸ ਦਾ ਅਕਸ ਖ਼ਰਾਬ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਨੇ ਹੀ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਕਾਰਵਾਈ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਦੀਆਂ ਸਥਿਤ ਆਪਣੀ ਰਿਹਾਇਸ਼ ਤੇ ਚੰਡੀਗੜ੍ਹ ਸਥਿਤ ਦਫ਼ਤਰ ਤੇ ਰਿਹਾਇਸ਼ ਵਿਖੇ ਵਿਸ਼ੇਸ਼ ਨੋਟਿਸ ਲਗਾਏ ਹਨ ਕਿ ਮਿਲਣ ਵਾਲੇ ਸੱਜਣ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਸ਼ਰਮਿੰਦਾ ਨਾ ਕਰਨ।