ਭਾਰਤ ਚ 2014 ਆਮ ਚੋਣਾਂ ਚ ਹੋਈ ਸੀ ਧਾਂਦਲੀ: ਸਾਈਬਰ ਮਾਹਰ

0
189

ਲੰਡਨ (ਏਜੰਸੀ)–2014 ਦੀਆਂ ਆਮ ਚੋਣਾਂ ਵਿਚ ਵੀ ਈ. ਵੀ. ਐੱਮ. ਨਾਲ ਛੇੜਛਾੜ ਕੀਤੀ ਗਈ ਸੀ। ਇਹ ਕਹਿਣਾ ਹੈ ਇਕ ਅਮਰੀਕੀ ਸਾਈਬਰ ਐਕਸਪਰਟ ਦਾ, ਜਿਸ ਨੇ ਦਾਅਵਾ ਕੀਤਾ ਹੈ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨੂੰ ਹੈਕ ਕੀਤਾ ਜਾ ਸਕਦਾ ਹੈ। ਲੰਡਨ ਵਿਚ ਚੱਲ ਰਹੀ ਹੈਕਾਥਾਨ ਵਿਚ ਇਸ ਸਾਈਬਰ ਐਕਸਪਰਟ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾ ਗੋਪੀਨਾਥ ਮੁੰਡੇ ਦੀ ਹੱਤਿਆ 2014 ਵਿਚ ਕੀਤੀ ਗਈ ਸੀ। ਐਕਸਪਰਟ ਦਾ ਕਹਿਣਾ ਹੈ ਕਿ ਮੁੰਡੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਬਾਰੇ ਜਾਣਕਾਰੀ ਰੱਖਦੇ ਸਨ।

ਭਾਰਤ ਵਿਚ ਵਰਤੋਂ ਕੀਤੀ ਜਾਣ ਵਾਲੀ ਈ. ਵੀ. ਐੱਮ. ਨੂੰ ਡਿਜ਼ਾਈਨ ਕਰਨ ਵਾਲੇ ਐਕਸਪਰਟ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿਚ ਵੀ ਧਾਂਦਲੀ ਹੋਈ ਸੀ। ਇਥੋਂ ਤੱਕ ਕਿ ਸੂਜਾ ਦਾ ਦਾਅਵਾ ਹੈ ਕਿ 2014 ਦੀਆਂ ਆਮ ਚੋਣਾਂ ਵਿਚ ਵੀ ਈ. ਵੀ. ਐੱਮ. ਨਾਲ ਛੇੜਛਾੜ ਕੀਤੀ ਗਈ ਸੀ। ਲੰਡਨ ਹੈਕਾਥਾਨ ਵਿਚ ਇਹ ਐਕਸਪਰਟ ਦੱਸ ਰਹੇ ਹਨ ਕਿ ਈ. ਵੀ. ਐੱਮ. ਕਿਵੇਂ ਹੈਕ ਕੀਤੀ ਜਾ ਸਕਦੀ ਹੈ। ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਯੂਰਪ) ਵਲੋਂ ਲੰਡਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਹਮੇਸ਼ਾ ਇਸ ਗੱਲ ਦਾ ਦਾਅਵਾ ਕਰਦਾ ਰਿਹਾ ਹੈ ਕਿ ਭਾਰਤ ਵਿਚ ਵਰਤੀ ਜਾਣ ਵਾਲੀ ਈ. ਵੀ. ਐੱਮ. ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ।

ਐਕਸਪਰਟ ਨੇ ਕੀਤੇ ਕਈ ਹੋਰ ਦਾਅਵੇ
-ਇਸ ਮਸ਼ੀਨ ਨੂੰ ਬਲੂਟੁਥ ਦੀ ਮਦਦ ਨਾਲ ਹੈਕ ਨਹੀਂ ਕੀਤਾ ਜਾ ਸਕਦਾ। ਗ੍ਰਿਫਾਈਟ ਅਧਾਰਿਤ ਟ੍ਰਾਂਸਮੀਟਰ ਦੀ ਮਦਦ ਨਾਲ ਈ. ਵੀ.ਐੱਮ. ਨੂੰ ਖੋਲ੍ਹਿਆ ਜਾ ਸਕਦਾ ਹੈ। ਇਨ੍ਹਾਂ ਟ੍ਰਾਂਸਮੀਟਰਾਂ ਦੀ ਵਰਤੋਂ 2014 ਦੀਆਂ ਚੋਣਾਂ ਵਿਚ ਵੀ ਕੀਤੀ ਗਈ ਸੀ।
ਐਕਸਪਰਟ ਦਾ ਦਾਅਵਾ ਹੈ ਕਿ ਕੋਈ ਵਿਅਕਤੀ ਈ. ਵੀ. ਐੱਮ. ਦੇ ਡਾਟਾ ਨੂੰ ਮੈਨੂਪੁਲੇਟ ਕਰਨ ਲਈ ਲਗਾਤਾਰ ‘ਪਿੰਗ’ ਕਰ ਰਿਹਾ ਸੀ। 2014 ਵਿਚ ਭਾਜਪਾ ਦੇ ਕਈ ਨੇਤਾਵਾਂ ਨੂੰ ਇਸ ਬਾਰੇ ਜਾਣਕਾਰੀ ਸੀ। ਜਦੋਂ ਉਨ੍ਹਾਂ ਨੇ ਇਕ ਹੋਰ ਭਾਜਪਾ ਨੇਤਾ ਤੱਕ ਇਹ ਗੱਲ ਪਹੁੰਚਾਈ ਤਾਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਵਿਅਕਤੀ ਦੀ ਹੱਤਿਆ ਕਰਵਾ ਦਿੱਤੀ ਗਈ।

-ਐਕਸਪਰਟ ਦਾ ਦਾਅਵਾ ਹੈ ਕਿ ਈ. ਵੀ.ਐੱਮ. ਹੈਕ ਕਰਨ ’ਚ ਰਿਲਾਇੰਸ ਕਮਿਊਨੀਕੇਸ਼ਨ ਭਾਜਪਾ ਦੀ ਮਦਦ ਕਰਦਾ ਹੈ।
-ਐਕਸਪਰਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਦੀਆਂ ਚੋਣਾਂ ਵਿਚ ਇਸ ਟ੍ਰਾਂਸਮੀਸ਼ਨ ਨੂੰ ਰੁਕਵਾ ਦਿੱਤਾ ਸੀ, ਇਸ ਲਈ ਭਾਜਪਾ ਇਹ ਚੋਣ ਹਾਰ ਗਈ ਸੀ। ਦਿੱਲੀ ਦੀਆਂ ਚੋਣਾਂ ਵਿਚ ਵੀ ਭਾਜਪਾ ਦੇ ਆਈ. ਟੀ. ਸੈੱਲ ਵਲੋਂ ਕੀਤਾ ਗਿਆ ਟ੍ਰਾਂਸਮੀਸ਼ਨ ਪਕੜ ਵਿਚ ਆ ਗਿਆ ਸੀ। ਐਕਸਪਰਟ ਨੇ ਕਿਹਾ,‘‘ਅਸੀਂ ਟ੍ਰਾਂਸਮੀਸ਼ਨ ਨੂੰ ਆਮ ਆਦਮੀ ਪਾਰਟੀ ਦੇ ਪੱਖ ਵਿਚ ਕਰ ਦਿੱਤਾ ਸੀ। ਅਸਲ ਨਤੀਜੇ 2009 ਵਰਗੇ ਹੀ ਸਨ।’’