ਪਟਿਆਲਾ ਰਿਆਸਤ ਦਾ ਮੋਢੀ ਬਾਬਾ ਆਲਾ ਸਿੰਘ

0
343

ਪਟਿਆਲਾ ਰਿਆਸਤ ਦੇ ਮੋਢੀ ਬਾਬਾ ਆਲਾ ਸਿੰਘ ਦਾ ਜਨਮ 1691 ਵਿਚ ਰਾਮਾ ਜੀ ਦੇ ਘਰ ਹੋਇਆ। ਉਹ ਆਪਣੇ ਪਿਤਾ ਦੇ ਤੀਜੇ ਪੁੱਤਰ ਸਨ। ਉਸ ਤੋਂ ਪਹਿਲਾਂ ਦੁਨਾ ਅਤੇ ਸੱਭਾ ਸਨ, ਮਗਰੋਂ ਬਖਤਾ, ਬੁੱਢਾ ਤੇ ਲੱਧਾ ਹੋਏ। ਆਲਾ ਸਿੰਘ ਦੀ ਬੰਸਾਵਲੀ ਜੈਸਲਮੇਰ ਦੇ ਭੱਟੀ ਰਾਜਘਰਾਣੇ ਨਾਲ ਮਿਲਦੀ ਹੈ। ਜੈਸਲਮੇਰ ਰਾਜਪੂਤ ਆਪਣੇ ਆਪ ਨੂੰ ਸ੍ਰੀ ਕ੍ਰਿਸ਼ਨ ਦੀ ਸੰਤਾਨ ਮੰਨਦੇ ਹਨ ਪਰ ਜੈਸਲਮੇਰ ਦੇ ਵੰਸ਼ ਵਿਚੋਂ ਅਨੰਦ ਰਾਓ ਦੇ ਪੁੱਤਰ ਖੀਵਾ ਨੇ ਜੱਟਾਂ ਵਿਚੋਂ ਨੈਲੀ ਦੇ ਜੱਟ ਜ਼ਿਮੀਂਦਾਰ ਬਸ਼ੀਰ ਦੀ ਪੁੱਤਰੀ ਨਾਲ ਵਿਆਹ ਕਰ ਲਿਆ। ਰਾਜਪੂਤ ਇਹ ਗੱਲ ਸਹਿਣ ਨਾ ਕਰ ਸਕੇ ਜਿਸ ਕਰਕੇ ਖੀਵਾ ਵੰਸ਼ ਰਾਜਪੂਤਾਂ ਨਾਲੋਂ ਵੱਖ ਹੋ ਗਿਆ। ਨਿਯਮ ਅਨੁਸਾਰ ਖੀਵੇ ਦੀ ਸੰਤਾਨ ਰਾਜਪੂਤਾਂ ਤੋਂ ਜੱਟਾਂ ਵਿਚ ਬਦਲ ਗਈ।
ਖੀਵੇ ਦੇ ਵੰਸ਼ ਵਿਚੋਂ ਰੂਪ ਚੰਦ ਤੇ ਕਾਲ੍ਹਾ ਭਰਾ ਸਨ। ਫੂਲ ਤੇ ਸੰਦਲ ਰੂਪ ਚੰਦ ਦੇ ਪੁੱਤਰ ਸਨ। ਜਦੋਂ ਫੂਲ 12 ਵਰ੍ਹੇ ਦਾ ਸੀ ਤਾਂ ਰੂਪ ਚੰਦ ਦੀ ਮੌਤ ਹੋ ਗਈ। ਪਿਤਾ ਦੀ ਮੌਤ ਮਗਰੋਂ ਫੂਲ ਤੇ ਸੰਦਲ, ਭਾਵ ਦੋਵੇਂ ਭਰਾਵਾਂ ਨੂੰ ਕਾਲ੍ਹਾ ਨੇ ਆਪਣੇ ਕੋਲ ਰੱਖਿਆ। ਫੂਲ ਦਾ ਜਨਮ 1619 ਨੂੰ ਬਦੋਵਾਲੀ ਵਿਚ ਹੋਇਆ। ਫੂਲ ਦੇ ਦੋ ਵਿਆਹ ਹੋਏ – ਮਾਈ ਰਜੀ ਤੇ ਮਾਈ ਬਾਲਾ ਨਾਲ। ਮਾਈ ਬਾਲਾ ਦੇ ਤਿੰਨ ਪੁੱਤਰ ਤਿਲੋਕਾ, ਰਾਮਾ ਅਤੇ ਰਘੂ ਸਨ। ਮਾਈ ਰਜੀ ਦੇ ਵੀ ਤਿੰਨ ਪੁੱਤਰ ਹੋਏ – ਝੰਡੂ, ਚੰਨੂ ਅਤੇ ਤਖਤ ਮੱਲ। ਆਲਾ ਸਿੰਘ ਦੇ ਪਿਤਾ ਰਾਮਾ ਸਨ। ਰਾਮਾ ਆਪਣੇ ਵੱਡੇ ਭਾਈ ਤਿਲੋਕਾ ਦੀ ਦੇਖ-ਰੇਖ ਵਿਚ ਕੰਮ ਕਰਦਾ। ਜਦੋਂ ਉਸ ਦੀ ਮੌਤ ਹੋਈ, ਆਲਾ ਸਿੰਘ ਉਸ ਸਮੇਂ 23 ਸਾਲ ਦਾ ਸੀ। ਰਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਸਨ ਪਰ ਪੁੱਤਰਾਂ ਵਿਚ ਆਲਾ ਸਿੰਘ ਦੇ ਨਾਂ ਨਾਲ ਹੀ ‘ਸਿੰਘ’ ਲੱਗਿਆ ਹੋਇਆ ਸੀ।
ਆਲਾ ਸਿੰਘ ਨੇ ਮੁੱਢਲੀ ਵਿੱਦਿਆ ਹਾਸਲ ਨਹੀਂ ਕੀਤੀ। ਉਹਦੀ ਮੁੱਢਲੀ ਪੜ੍ਹਾਈ ਲੜਾਈ ਅਤੇ ਹਥਿਆਰ ਵਰਤਣ ਦੀ ਸੀ। ਸਿਆਣਾ ਅਤੇ ਦਲੇਰ ਹੋਣ ਕਾਰਨ ਹਥਿਆਰ ਵਰਤਣੇ ਜਲਦੀ ਸਿੱਖ ਗਿਆ। ਉਸ ਦਾ ਵਿਆਹ ਪਿੰਡ ਕਾਲੇਕੇ ਦੇ ਚੌਧਰੀ ਖਾਨੇ ਦੀ 16 ਸਾਲਾਂ ਦੀ ਲੜਕੀ ਫੱਤੋ ਨਾਲ ਹੋਇਆ। ਮਗਰੋਂ ਪਤਨੀ ਦਾ ਨਾਂ ਫਤਿਹ ਕੌਰ ਹੋ ਗਿਆ। ਇਹ ਉਹ ਲੜਕੀ ਸੀ ਜਿਸ ਨੂੰ ਮਾਪਿਆਂ ਨੇ ਜਨਮ ਲੈਣ ਤੇ ਹੀ ਖੁੱਲ੍ਹੇ ਭਾਂਡੇ ਵਿਚ ਖਾਕ ਪਾ ਕੇ ਬਾਹਰ ਖੇਤਾਂ ਵਿਚ ਦੱਬ ਦਿੱਤਾ ਸੀ ਪਰ ਭਾਈ ਦਿਆਲ ਦਾਸ ਨੂੰ ਜਦੋਂ ਪਤਾ ਲੱਗਿਆ ਤਾਂ ਕੁੜੀ ਨੂੰ ਜ਼ਮੀਨ ਵਿਚੋਂ ਕਢਵਾਇਆ।
ਆਲਾ ਸਿੰਘ 23 ਸਾਲ ਦਾ ਸੀ ਜਦੋਂ ਉਸ ਨੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਚੈਨ ਸਿੰਘ ਦੇ ਪੁੱਤਰਾਂ ਤੋਂ ਲਿਆ। ਬਾਅਦ ਵਿਚ ਜਦੋਂ ਤਿਲੋਕਾ, ਭਾਵ ਆਲਾ ਸਿੰਘ ਦੇ ਤਾਏ ਨੇ ਜਾਇਦਾਦ ਦੀ ਵੰਡ ਕੀਤੀ ਤਾਂ ਆਲਾ ਸਿੰਘ ਤੇ ਹੋਰ ਭਰਾਵਾਂ ਨੂੰ ਫੂਲ ਪਿੰਡ ਛੱਡਣਾ ਪਿਆ ਤੇ ਭਦੌੜ ਰਹਿਣ ਲੱਗੇ। ਭਦੌੜ ਵਿਚ ਭਰਾ ਦੂਨਾ ਸਿੰਘ ਦਾ ਵਰਤਾਓ ਸਹੀ ਨਾ ਲੱਗਾ ਤਾਂ ਬਰਨਾਲੇ ਆ ਗਏ। ਉੱਥੇ ਕਿਲ੍ਹਾ ਬਣਵਾਇਆ ਤੇ ਉਸ ਦੇ ਸਾਹਮਣੇ 127 ਪੌੜੀਆਂ ਵਾਲੀ ਬਾਓਲੀ ਬਣਵਾਈ। ਬਰਨਾਲੇ ਨੂੰ ਰਾਜਧਾਨੀ ਬਣਾ ਦਿੱਤਾ। ਇੱਥੇ ਪਹਿਲਾਂ ਭੱਟੀ ਧਾੜਵੀਆਂ ਜਾਂ ਬਰਾੜਾਂ ਦੀ ਲੁੱਟ-ਮਾਰ ਹੁੰਦੀ ਸੀ। ਲੋਕ ਡਰ ਡਰ ਕੇ ਵਕਤ ਕੱਟਦੇ ਸਨ ਪਰ ਆਲਾ ਸਿੰਘ ਸ਼ਾਂਤੀ ਕਾਇਮ ਕੀਤੀ।
ਉਹਨੇ ਮਰਾਠਿਆਂ ਨਾਲ ਕਦੀ ਨਾ ਵਿਗਾੜੀ। ਜ਼ਰੂਰਤ ਪੈਣ ‘ਤੇ ਸਗੋਂ ਮਦਦ ਵੀ ਕਰਦਾ। ਦਲ ਖ਼ਾਲਸੇ ਨਾਲ ਚੰਗੇ ਸਬੰਧ ਬਣਾਈ ਰੱਖੇ। ਕਦੇ ਉਨ੍ਹਾਂ ਦੇ ਦੁਸ਼ਮਣਾਂ ਨਾਲ ਨਾ ਤੁਰੇ। ਜੇ ਅਹਿਮਦ ਸ਼ਾਹ ਅਬਦਾਲੀ ਦੀ ਕੁੱਝ ਅਧੀਨਗੀ ਮੰਨਣੀ ਪਈ ਤਾਂ ਉਹ ਵੀ ਆਪਣੀ ਪਰਜਾ ਨੂੰ ਸੁਖੀ ਰੱਖਣ ਲਈ। ਭੱਟੀ, ਬਰਾੜਾਂ, ਅਫ਼ਗਾਨਾਂ ਜਾਂ ਕਿਸੇ ਨਾਲ ਵੀ ਜੇ ਯੁੱਧ ਕਰਨੇ ਪਏ ਤਾਂ ਪਿੱਛੇ ਨਾ ਹਟੇ।
ਆਲਾ ਸਿੰਘ ਦਾ ਰਾਜ ਪ੍ਰਬੰਧ ਸ਼ਾਂਤਮਈ ਤੇ ਸਾਦਾ ਸੀ। ਕਿਸੇ ਨੂੰ ਵੀ ਨੌਕਰੀ ਦੇਣ ਲੱਗੇ ਉਸ ਦੀ ਜਾਤ ਨਹੀਂ ਪੁੱਛੀ ਜਾਂਦੀ ਸੀ, ਗੁਣਾਂ ‘ਤੇ ਵਿਚਾਰ ਹੁੰਦੀ ਸੀ। ਸਭ ਦੇ ਧਰਮਾਂ ਦਾ ਸਤਿਕਾਰ ਸੀ। ਖਲੀਫਾ ਮੁਹੰਮਦ ਹਸਨ ਲਿਖਦਾ ਹੈ ਕਿ ਉਹ ਬਹੁਤ ਧਰਮ ਨਿਰਪੇਖ, ਖੁੱਲ੍ਹੇ ਦਿਲ ਵਾਲਾ ਅਤੇ ਤਬੀਅਤ ਦਾ ਸਖੀ ਸੀ। ਮੁਸਲਮਾਨ ਸੈਨਾਪਤੀ ਡੋਗਰ ਲਖਣਾ ਸਾਰੀ ਉਮਰ ਆਪਣੀ ਪਦਵੀ ਤੇ ਰਿਹਾ। ਮੁਸਲਮਾਨਾਂ ਨੇ ਕਦੇ ਆਲਾ ਸਿੰਘ ਖ਼ਿਲਾਫ਼ ਬਗ਼ਾਵਤ ਨਹੀਂ ਕੀਤੀ।
ਆਲਾ ਸਿੰਘ ਕਿਸਾਨ ਤੋਂ ਮਹਾਰਾਜ ਬਣਿਆ ਸੀ, ਕਿਸਾਨਾਂ ਦੀਆਂ ਔਕੜਾਂ ਤੇ ਦੁੱਖ ਸਮਝਦਾ ਸੀ। ਉਹਨੇ ਬਹੁਤ ਸਾਰੇ ਪਿੰਡ ਵਸਾਏ, ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ, ਉਨ੍ਹਾਂ ਨੂੰ ਜ਼ਮੀਨ ਦੇ ਕੇ ਰੋਜ਼ੀ-ਰੋਟੀ ਦਿੱਤੀ। ਜਿਨ੍ਹਾਂ ਕਿਸਾਨਾਂ ਨੂੰ ਜ਼ਮੀਨ ਵੰਡੀ, ਉਨ੍ਹਾਂ ਵਿਚ ਨਵੇਂ ਵਸਾਏ ਪਿੰਡ ਸਰੌ ਦੇ ਜੋਧ ਸਿੰਘ ਰੰਧਾਵਾ ਅਤੇ ਜੀਵਨ ਸਿੰਘ ਰੰਧਾਵਾ ਵੀ ਸਨ। ਇਨ੍ਹਾਂ ਨੇ ਆਲਾ ਸਿੰਘ ਨੂੰ ਸਰਹਿੰਦ ਦੇ ਸੂਬੇਦਾਰ ਅਲੀ ਮੁਹੰਮਦ ਖਾਨ ਦੀ ਕੈਦ ਵਿਚੋਂ ਨਿਕਲਣ ਵਿਚ ਮਦਦ ਕੀਤੀ ਸੀ।
ਆਲਾ ਸਿੰਘ ਨੇ ਫੌਜ ਲਈ ਸ਼ੇਰ ਸ਼ਾਹ ਸੂਰੀ ਵਾਲੀ ਨੀਤੀ ਅਪਣਾਈ। ਸਨੌਰ ਜਿੱਤਣ ਮਗਰੋਂ ਪਟਿਆਲੇ ਵਿਚ ਪਹਿਲਾਂ ਕੱਚੀ ਗੜ੍ਹੀ ਤੇ ਫਿਰ 1764 ਵਿਚ ਦਸ ਕੁ ਵਰ੍ਹੇ ਬਾਅਦ ਪੱਕਾ ਕਿਲ੍ਹਾ ਬਣਵਾਇਆ। ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ‘ਦੇਗ ਤੇਗ ਜਗ ਮੇਂ ਦੋਊ ਚਲੈ’ ਨੂੰ ਪੂਰੀ ਮਹੱਤਤਾ ਦਿੱਤੀ।
ਵੱਡੇ ਘੱਲੂਘਾਰੇ (1762) ਮਗਰੋਂ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਕੇਸ ਕਤਲ ਕਰਨ ਲਈ ਕਿਹਾ। ਜੇ ਕੇਸ ਕਤਲ ਨਹੀਂ ਕਰਨੇ ਤਾਂ ਇਨ੍ਹਾਂ ਦੀ ਕੀਮਤ ਭੇਟ ਕੀਤੀ ਜਾਵੇ। ਆਲਾ ਸਿੰਘ ਨੇ ਸਵਾ ਲੱਖ ਰੁਪਿਆ ਕੇਸਾਂ ਦੀ ਕੀਮਤ ਅਬਦਾਲੀ ਦੀ ਝੋਲੀ ਪਾ ਦਿੱਤਾ। ਵੱਡੇ ਘੱਲੂਘਾਰੇ ਮਗਰੋਂ ਅਬਦਾਲੀ ਦੀ ਅਧੀਨਗੀ ਮੰਨਣ ਕਰਕੇ ਖ਼ਾਲਸੇ ਨੇ ਜੁਰਮਾਨਾ ਕੀਤਾ। ਉਹਨੇ ਜੁਰਮਾਨੇ ਤਾਰ ਕੇ ਖ਼ਾਲਸੇ ਦਾ ਗੁੱਸਾ ਠੰਢਾ ਕੀਤਾ, ਭਾਵ ਸਮਾਂ ਵਿਚਾਰਨ ਵਿਚ ਉਹ ਬਹੁਤ ਮਾਹਿਰ ਸੀ।
70 ਸਾਲ ਦੀ ਉਮਰ ਵਿਚ 22 ਅਗਸਤ, 1765 ਨੂੰ ਆਲਾ ਸਿੰਘ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੇ ਤਿੰਨ ਪੁੱਤਰ ਸਰਦੂਲ ਸਿੰਘ, ਲਾਲ ਸਿੰਘ ਤੇ ਭੂਮੀਆ ਸਿੰਘ ਅਤੇ ਇਕ ਲੜਕੀ ਪ੍ਰਧਾਨ ਕੌਰ ਸੀ। ਤਿੰਨੇ ਪੁੱਤਰ ਉਹਦੇ ਜਿਊਂਦਿਆਂ ਹੀ ਚਲਾਣਾ ਕਰ ਗਏ। ਆਲਾ ਸਿੰਘ ਤੋਂ ਮਗਰੋਂ ਵੱਡੇ ਪੁੱਤਰ ਸਰਦੂਲ ਸਿੰਘ ਦਾ ਪੁੱਤਰ ਮਹਾਰਾਜਾ ਅਮਰ ਸਿੰਘ ਗੱਦੀ ਤੇ ਬੈਠਾ। ਇਸੇ ਹੀ ਵੰਸ਼ ਦੇ 8ਵੇਂ ਮਹਾਰਾਜਾ ਯਾਦਵਿੰਦਰ ਸਿੰਘ ਨੇ 23 ਮਾਰਚ, 1938 ਨੂੰ ਪਟਿਆਲਾ ਰਿਆਸਤ ਦੀ ਗੱਦੀ ਸੰਭਾਲੀ। ਉਸ ਦਾ ਪੁੱਤਰ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ।
ਹਰਦੀਪ ਸਿੰਘ ਝੱਜ ਸੰਪਰਕ: 94633-64992