ਦਰਬਾਰ ਸਾਹਿਬ ਵਿਖੇ ‘ਆਨਲਾਈਨ ਭੇਟਾ ਸਿਸਟਮ’ ਸ਼ੁਰੂ

0
333

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੁਣ ਆਨਲਾਈਨ ਵਿਧੀ ਰਾਹੀਂ ਭੇਟਾ ਰਾਸ਼ੀ ਜਮ੍ਹਾਂ ਕਰਵਾ ਕੇ ਮੌਕੇ ’ਤੇ ਹੀ ਰਸੀਦ ਪ੍ਰਾਪਤ ਕਰ ਸਕਣਗੀਆਂ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਚੱਲ ਰਹੀ ਆਨਲਾਈਨ ਸੇਵਾ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਐਸਜੀਪੀਸੀ ਡਾਟ ਨੈੱਟ ( www.sgpc.net ) ’ਤੇ ਉਪਲੱਬਧ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਆਨਲਾਈਨ ਸੇਵਾ ਸਿਸਟਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੁਵਿਧਾ ਲਈ ਐਚ.ਡੀ.ਐਫ.ਸੀ. ਬੈਂਕ ਦੀਆਂ ਸੇਵਾਵਾਂ ਲਈਆਂ ਗਈਆਂ ਹਨ।

ਭੇਟਾ ਜਮ੍ਹਾਂ ਕਰਵਾਉਣ ਦੇ ਆਨਲਾਈਨ ਢੰਗ ਬਾਰੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਿੱਤ ਸ. ਸਤਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਸੰਗਤਾਂ ‘ਆਨਲਾਈਨ ਸੇਵਾ ਸਿਸਟਮ’ ਲਿੰਕ ’ਤੇ ਜਾ ਕੇ ਆਪਣੇ ਬੈਂਕ ਕਾਰਡ ਰਾਹੀਂ ਭੇਟਾ ਜਮ੍ਹਾਂ ਕਰਵਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਲਿੰਕ ’ਤੇ ਜਾਣ ਬਾਅਦ ਇਕ ਡੋਨੇਸ਼ਨ ਫਾਰਮ ਖੁੱਲ੍ਹੇਗਾ, ਜਿਸ ਵਿਚ ਕੁਝ ਜਾਣਕਾਰੀ ਭਰਨ ਤੋਂ ਬਾਅਦ ਸੌਖੇ ਢੰਗ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਭੇਟਾ ਰਾਸ਼ੀ ਦਿੱਤੀ ਜਾ ਸਕੇਗੀ। ਇਸ ਲਈ ਡੈਬਿਟ, ਕ੍ਰੈਡਿਟ ਕਾਰਡ ਦੇ ਨਾਲ-ਨਾਲ ਨੈੱਟ ਬੈਂਕਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ।