ਜੈੱਟ ਏਅਰਵੇਜ਼ ਦੀ ਕਰਮਚਾਰੀ ਕਰੋੜਾਂ ਰੁਪਏ ਸਮੇਤ ਗ੍ਰਿਫ਼ਤਾਰ

0
599

ਨਵੀਂ ਦਿੱਲੀ -ਖ਼ੁਫ਼ੀਆ ਮਾਲੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਵਿਦੇਸ਼ੀ ਮੁਦਰਾ ਦੀ ਤਸਕਰੀ ਦੇ ਦੋਸ਼ ‘ਚ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ 25 ਸਾਲਾ ਦੇਵੇਸ਼ੀ ਕੁਲਸ਼੍ਰੇਸ਼ਠਾ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੇ ਕਬਜ਼ੇ ‘ਚੋਂ 4 ਲੱਖ 80 ਹਜ਼ਾਰ 200 ਅਮਰੀਕੀ ਡਾਲਰ ਬਰਾਮਦ ਕੀਤੇ ਗਏ | ਜਿਸ ਦੀ ਕੀਮਤ 3 ਕਰੋੜ 21 ਲੱਖ ਰੁਪਏ ਬਣਦੀ ਹੈ | ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਉਕਤ ਏਅਰ ਹੋਸਟੇਸ ਨੂੰ ਹਾਂਗਕਾਂਗ ਜਾਣ ਵਾਲੀ ਉਡਾਣ ‘ਚੋਂ ਕਾਬੂ ਕੀਤਾ | ਉਸ ਨੇ ਸਿਲਵਰ ਪੇਪਰ ‘ਚ ਉਕਤ ਰਕਮ ਨੂੰ ਲਪੇਟਿਆ ਹੋਇਆ ਸੀ | ਡੀ. ਆਰ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਹ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਦੇ ਰਹਿਣ ਵਾਲੇ ਇਕ ਹਵਾਲਾ ਆਪ੍ਰੇਟਰ ਅਮਿਤ ਮਲਹੋਤਰਾ ਨਾਲ ਕੰਮ ਕਰਦੀ ਸੀ | ਜਿਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਅਮਿਤ ਚਾਲਕ ਦਲ ਦੇ ਮੈਂਬਰਾਂ ਜ਼ਰੀਏ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਰੈਕਟ ਚਲਾਉਂਦਾ ਸੀ | ਮਲਹੋਤਰਾ ਦਿੱਲੀ ਦੇ ਕੁਝ ਸਰਾਫ਼ਾ ਡੀਲਰਾਂ ਤੋਂ ਪੈਸੇ ਇਕੱਠਾ ਕਰਦਾ ਸੀ ਅਤੇ ਕੁਝ ਚੋਣਵੀਆਂ ਵਿਦੇਸ਼ੀ ਥਾਵਾਂ ‘ਤੇ ਇਸ ਨੂੰ ਏਅਰ ਹੋਸਟੇਸਾਂ ਰਾਹੀਂ ਭੇਜਦਾ ਸੀ | ਇਹ ਪੈਸਾ ਵਿਦੇਸ਼ਾਂ ‘ਚੋਂ ਸੋਨਾ ਖ਼ਰੀਦਣ ਲਈ ਵਰਤਿਆ ਜਾਂਦਾ ਸੀ | ਇਸ ਤੋਂ ਬਾਅਦ ਸੋਨੇ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਭੇਜਿਆ ਜਾਂਦਾ ਸੀ | ਮਲਹੋਤਰਾ ਪਿਛਲੇ ਇਕ ਸਾਲ ਤੋਂ ਗ਼ੈਰ-ਕਾਨੂੰਨੀ ਵਿਦੇਸ਼ੀ ਮੁਦਰਾ ਦੀ ਤਸਕਰੀ ‘ਚ ਸ਼ਾਮਿਲ ਸੀ | ਇਸ ਮਾਮਲੇ ‘ਚ ਕੁਝ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ | ਇਸ ਮਾਮਲੇ ‘ਚ ਸ਼ਾਮਿਲ ਸਰਾਫ਼ਾ ਡੀਲਰਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਅਮਿਤ ਮਲਹੋਤਰਾ ਨੇ ਕਰੀਬ 6 ਮਹੀਨੇ ਪਹਿਲਾਂ ਇਕ ਉਡਾਨ ਦੌਰਾਨ ਜੈੱਟ ਏਅਰਵੇਜ਼ ਦੀ ਉਕਤ ਏਅਰ ਹੋਸਟੇਸ ਨੂੰ ਆਪਣੀ ਦੋਸਤ ਬਣਾਇਆ ਸੀ | ਗਿ੍ਫ਼ਤਾਰ ਕੀਤੀ ਗਈ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ ਨੇ ਦੱਸਿਆ ਕਿ ਉਹ 50 ਫ਼ੀਸਦੀ ਕਮਿਸ਼ਨ ਲੈ ਕੇ ਇਹ ਕੰਮ ਕਰਦੀ ਸੀ | ਉਹ ਪਿਛਲੇ 2 ਮਹੀਨੇ ‘ਚ 7 ਵਾਰ ਹਾਂਗਕਾਂਗ ਪੈਸਾ ਲਿਜਾ ਚੁੱਕੀ ਸੀ ਅਤੇ ਉਸ ਨੇ ਪਿਛਲੇ 2 ਮਹੀਨਿਆਂ ‘ਚ 10 ਲੱਖ ਅਮਰੀਕੀ ਡਾਲਰ ਵਿਦੇਸ਼ਾਂ ‘ਚ ਪਹੁੰਚਾਏ |
ਗਿ੍ਫ਼ਤਾਰ ਕੀਤੀ ਗਈ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ ਅਤੇ ਅਮਿਤ ਮਲਹੋਤਰਾ ਨੂੰ ਅੱਜ ਦਿੱਲੀ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ | ਇਸ ਤੋਂ ਇਲਾਵਾ ਡੀ. ਆਰ. ਆਈ. ਨੇ ਅਮਿਤ ਮਲਹੋਤਰਾ ਦੇ ਕੋਲੋ 3.3 ਲੱਖ ਦੀ ਨਕਦੀ ਅਤੇ ਵੱਖ-ਵੱਖ ਦੇਸ਼ਾਂ ਦੀ ਕਰੰਸੀ ਜਿਸ ਦੀ ਕੁਲ ਕੀਮਤ 2500 ਅਮਰੀਕੀ ਡਾਲਰ ਬਣਦੀ ਸੀ, ਨੂੰ ਬਰਾਮਦ ਕੀਤਾ | ਉਸ ਤੋਂ ਕਈ ਹੋਰ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ | ਡੀ. ਆਰ. ਆਈ. ਨੇ ਕਿਹਾ ਕਿ ਇਸ ਮਾਮਲੇ ‘ਚ ਏਅਰ ਹੋਸਟੇਸ ਦੀ ਗਿ੍ਫ਼ਤਾਰੀ ਵਿਸ਼ਵ ਪੱਧਰੀ ਹਵਾਲਾ ਰੈਕਟ ਦਾ ਹਿੱਸਾ ਸੀ |