ਚੀਨ ‘ਚ ਰੈਸਟੋਰੈਂਟ ‘ਚ ਗੈਸ ਧਮਾਕਾ, 31 ਲੋਕਾਂ ਦੀ ਮੌਤ

0
115

ਪੇਈਚਿੰਗ/ਯਿਨਚੁਆਨ ( ਪੀਟੀਆਈ) ਡਰੈਗਨ ਕਿਸ਼ਤੀ ਮੇਲੇ ਤੋਂ ਪੂਰਬਲੀ ਸ਼ਾਮ ਉੱਤਰ-ਪੱਛਮੀ ਚੀਨ ਦੇ ਇਕ ਬਾਰਬੀਕਿਊ ਰੈਸਟੋਰੈਂਟ ’ਚ ਕੁਕਿੰਗ ਗੈਸ ਧਮਾਕੇ ’ਚ 31 ਵਿਅਕਤੀ ਮਾਰੇ ਗਏ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ।
ਧਮਾਕਾ ਯਿਨਚੁਆਨ ਜ਼ਿਲ੍ਹੇ ਦੇ ਕਸਬੇ ਸ਼ਿੰਗਕਿੰਗ ਦੀ ਰੁਝੇਵੇਂ ਵਾਲੀ ਗਲੀ ’ਚ ਰਾਤ ਕਰੀਬ 8.40 ਵਜੇ ਹੋਇਆ। ਸਰਕਾਰੀ ਖ਼ਬਰ ਏਜੰਸੀ ਸਿਨਹੁਆ ਮੁਤਾਬਕ ਐੱਲਪੀਜੀ ਲੀਕ ਹੋਣ ਕਾਰਨ ਇਹ ਧਮਾਕਾ ਵਾਪਰਿਆ। ਪੁਲੀਸ ਨੇ ਰੈਸਟੋਰੈਂਟ ਦੇ ਮਾਲਕ ਸਮੇਤ 9 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਡਰੈਗਨ ਕਿਸ਼ਤੀ ਮੇਲੇ ਦੀ ਦੋ ਦਿਨਾਂ ਛੁੱਟੀ ਹੋਣ ਕਾਰਨ ਰੈਸਟੋਰੈਂਟ ਲੋਕਾਂ ਨਾਲ ਭਰਿਆ ਹੋਇਆ ਸੀ। ਧਮਾਕੇ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਖ਼ਮੀਆਂ ਦੇ ਇਲਾਜ ਅਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ। ਇਲਾਕੇ ’ਚੋਂ 64 ਪਰਿਵਾਰਾਂ ਨੂੰ ਇਹਤਿਆਤ ਵਜੋਂ ਹੋਟਲਾਂ ’ਚ ਪਹੁੰਚਾਇਆ ਗਿਆ। ਮੈਡੀਕਲ ਸਹਾਇਤਾ ਲਈ ਚਾਰ ਮਾਹਿਰ ਵੀ ਮੌਕੇ ’ਤੇ ਮੌਜੂਦ ਸਨ। ਕਰੀਬ 102 ਵਿਅਕਤੀਆਂ ਅਤੇ 20 ਵਾਹਨਾਂ ਰਾਹੀਂ ਬਚਾਅ ਅਤੇ ਰਾਹਤ ਕਾਰਜ ਚਲਾਏ ਗਏ।