ਗੁਰਪ੍ਰੀਤ ਸਹਿਜੀ ਨੇ ਜਿੱਤਿਆ ਸਾਹਿਤ ਅਕਾਦਮੀ ਯੁਵਾ ਪੁਰਸਕਾਰ

0
307

ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਲੇਖਕ ਗੁਰਪ੍ਰੀਤ ਸਹਿਜੀ (29) ਨੂੰ ਆਪਣੇ ਪ੍ਰਸਿੱਧ ਨਾਵਲ ‘ਬਲੌਰਾ` ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜਿੱਤਣ ਦਾ ਮਾਣ ਹਾਸਲ ਹੋਇਆ ਹੈ। ਇਹ ਪੁਰਸਕਾਰ ਸ਼ੁੱਕਰਵਾਰ ਨੂੰ ਮਨੀਪੁਰ ਦੀ ਰਾਜਧਾਨੀ ਇੰਫਾਲ `ਚ ‘ਟ੍ਰਾਈਬਲ ਰੀਸਰਚ ਇੰਸਟੀਚਿਊਟ` ਵੱਲੋਂ ਦਿੱਤਾ ਗਿਆ; ਜਿਸ ਵਿੱਚ 50,000 ਰੁਪਏ ਦਾ ਚੈੱਕ ਤੇ ਤਾਂਬੇ ਦਾ ਇੱਕ ਯਾਦਗਾਰੀ ਚਿੰਨ੍ਹ ਸ਼ਾਮਲ ਹਨ।

ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਪੰਨੀਵਾਲ਼ਾ ਦੇ ਜੰਮਪਲ਼ ਗੁਰਪ੍ਰੀਤ ਸਹਿਜੀ ਦਾ ਨਾਵਲ ‘ਬਲੌਰਾ` ਇੱਕ ਅਜਿਹੇ ਨੌਜਵਾਨ ਦੇ ਜੀਵਨ `ਤੇ ਆਧਾਰਤ ਹੈ, ਜੋ ਹਰ ਸੰਭਵ ਹੱਦ ਤੱਕ ਸੱਚ `ਤੇ ਕਾਇਮ ਰਹਿੰਦਾ ਹੈ।
ਨਾਵਲ ਵਿੱਚ ਬਲੌਰਾ ਅਸਲ ਵਿੱਚ ਪਿੰਡ ਦਾ ਇੱਕ ਨੌਜਵਾਨ ਹੈ। ਉਹ ਬਹੁਤ ਪ੍ਰਗਤੀਵਾਦੀ ਹੈ ਤੇ ਵੇਖਣ ਨੂੰ ਵੀ ਬਹੁਤ ਜੇਰੇ ਵਾਲਾ ਹੈ। ਇੱਕ ਰਾਤ ਉਹ ਆਪਣੀ ਛੋਟੀ ਭੈਣ ਨੂੰ ਉਸ ਦੇ ਪ੍ਰੇਮੀ ਨਾਲ ਵੇਖ ਲੈਂਦਾ ਹੈ ਪਰ ਤਦ ਉਹ ਗੁੱਸੇ ਨਹੀਂ ਹੁੰਦਾ, ਸਗੋਂ ਉਸ ਨੂੰ ਠੰਢੇ ਦਿਮਾਗ਼ ਤੇ ਠਰੰਮ੍ਹੇ ਨਾਲ ਪੁੱਛਦਾ ਹੈ ਕਿ ਕੀ ਉਹ ਉਸ ਨਾਲ ਸੱਚਮੁੱਚ ਵਿਆਹ ਕਰਵਾਉਣਾ ਚਾਹੁੰਦਾ ਹੈ।

ਗੁਰਪ੍ਰੀਤ ਸਹਿਜੀ ਨੇ ਦੱਸਿਆ ਕਿ ਬਲੌਰਾ ਕਿਸਮਤ ਤੇ ਹੋਣੀ ਵਿੱਚ ਵਿਸ਼ਵਾਸ ਨਹੀਂ ਰੱਖਦਾ; ਉਸ ਨੂੰ ਸਖ਼ਤ ਮਿਹਨਤ `ਚ ਜ਼ਰੂਰ ਵਿਸ਼ਵਾਸ ਹੈ। ਉਹ ਰੱਬੀ ਤੇ ਦੈਵੀ ਤਾਕਤਾਂ ਨੂੰ ਵੀ ਚੁਣੌਤੀ ਦਿੰਦਾ ਹੈ।

ਗੁਰਪ੍ਰੀਤ ਸਹਿਜੀ ਨੇ ਬਹੁਤ ਨਿੱਕੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਚਾਰ ਨਾਵਲ ਤੇ ਆਪਣੀ ਸਵੈ-ਜੀਵਨੀ ‘ਕੁੱਤੇ-ਝਾਕ` ਵੀ ਲਿਖ ਚੁੱਕਾ ਹੈ। ਉਹ ਪੰਜਾਬੀ ਗੀਤਾਂ ਦੀਆਂ ਵਿਡੀਓਜ਼ ਵੀ ਨਿਰਦੇਸਿ਼ਤ ਕਰ ਚੁੱਕਾ ਾਹੈ।