ਅਸਤੀਫੇ ਦੀ ‘ਪੇਸ਼ਕਸ਼’ ਕਰ ਕਸੂਤੇ ਫਸੇ ਸੁਖਬੀਰ ਬਾਦਲ

0
305

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਅਸਤੀਫੇ ਦੀ ‘ਪੇਸ਼ਕਸ਼’ ਕਰਕੇ ਕਸੂਤੇ ਫਸ ਗਏ ਹਨ। ਅੱਜ ਸਵੇਰੇ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਸੁਖਬੀਰ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਪ੍ਰਧਾਨਗੀ ਛੱਡਣ ਲਈ ਕਹੇਗੀ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ। ਸੁਖਬੀਰ ਦਾ ਇਹ ਬਿਆਨ ਆਉਂਦੇ ਹੀ ਟਕਸਾਲੀ ਲੀਡਰਾਂ ਨੇ ਅਸਤੀਫਾ ਦੇਣ ਦਾ ਸਵਾਗਤ ਕੀਤਾ ਤੇ ਨਾਲ ਹੀ ਕਿਹਾ ਕਿ ਇਸ ਨਾਲ ਅਕਾਲੀ ਦਲ ਅੰਦਰ ਸਭ ਕੁਝ ਸੁਧਰ ਜਾਏਗਾ।

ਸੁਖਬੀਰ ਬਾਦਲ ਨੂੰ ਲਾਂਭੇ ਕਰਨ ਦੀ ਗੱਲ ਅੰਦਰੋ-ਅੰਦਰੀ ਚੱਲ ਰਹੀ ਸੀ ਪਰ ਅੱਜ ਉਨ੍ਹਾਂ ਨੇ ਆਪਣੇ ਹੀ ਬਿਆਨ ਨੇ ਇਸ ਨੂੰ ਖੁੱਲ੍ਹੀ ਹਵਾ ਦੇ ਦਿੱਤੀ ਹੈ। ਭਲਕੇ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਇਸ ਬਾਰੇ ਚਰਚਾ ਹੋ ਸਕਦੀ ਹੈ। ਉਂਝ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਕਦੇ ਵੀ ਪ੍ਰਧਾਨਗੀ ਨਹੀਂ ਛੱਡਣਗੇ।

ਉਧਰ, ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਬਾਅਦ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਵੀ ਸਵਾਗਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਲਈ ਖਾਲਸਾ ਪੰਥ ਦੇ ਸਿਧਾਂਤਾਂ ‘ਤੇ ਪੂਰੇ ਨਹੀਂ ਉੱਤਰਦੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ‘ਚ ਕੋਈ ਅਜਿਹਾ ਵਿਅਕਤੀ ਪ੍ਰਧਾਨ ਹੋਣਾ ਚਾਹੀਦਾ ਹੈ ਜੋ ਗੁਰੂ ਮਰਿਆਦਾ ਅਨੁਸਾਰ ਚੱਲੇ ਤੇ ਜਿਸ ਦਾ ਜੀਵਨ ਗੁਰਸਿੱਖ ਵਾਲਾ ਹੋਵੇ।

ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਅਗਵਾਈ ‘ਚ ਪਾਰਟੀ ‘ਚ ਦਿਨੋ-ਦਿਨ ਨਿਘਾਰ ਆਇਆ। ਅਕਾਲੀ ਦਲ ਕੁਝ ਕੁ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਚੁੱਕਾ ਹੈ। ਪਾਰਟੀ ਅੰਦਰ ਤਾਨਾਸ਼ਾਹੀ ਰਵੱਈਆ ਹੈ। ਸੇਖਵਾਂ ਨੇ ਕਿਹਾ ਕਿ ਕਦੇ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ।

ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਸਤੀਫ਼ਾ ਦੇ ਦੇਣ ਤਾਂ ਅਕਾਲੀ ਦਲ ਦੀ ਹਾਲਤ ਸੁਧਰ ਸਕਦੀ ਹੈ ਤੇ ਉਹ ਮੁੜ ਸਰਗਰਮ ਹੋ ਕੇ ਅਕਾਲੀ ਦਲ ਲਈ ਕੰਮ ਕਰਨ ਲਈ ਤਿਆਰ ਹਨ। ਹਾਲਾਂਕਿ, ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨਗੀ ਛੱਡਣੀ ਹੁੰਦੀ ਤਾਂ ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਵੱਡੀ ਹਾਰ ਮਗਰੋਂ ਵੀ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਗਿਆ ਸੀ ਪਰ ਉਨ੍ਹਾਂ ਉਦੋਂ ਨਹੀਂ ਦਿੱਤਾ ਤਾਂ ਹੁਣ ਕੀ ਦੇਣਗੇ।