ਕਾਂਗਰਸ ਦੇ ‘ਦਾਨੀ’ ਰੁੱਸੇ

0
375

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਆਮਦਨ ਵਿੱਚ 81.18 ਫ਼ੀਸਦੀ ਵਧ ਕੇ 1,034.27 ਕਰੋੜ ਰੁਪਏ ਹੋ ਗਈ ਹੈ, ਜਦਕਿ ਕਾਂਗਰਸ ਦੀ ਆਮਦਨ ਵਿੱਚ 14 ਫ਼ੀਸਦ ਘੱਟ ਹੋ ਕੇ 225.36 ਕਰੋੜ ਰੁਪਏ ਰਹਿ ਗਈ ਹੈ। ਇਹ ਅੰਕੜੇ ਪਿਛਲੇ ਦੋ ਸਾਲਾਂ ਯਾਨੀ 2015-16 ਤੇ 2016-17 ਦੇ ਹਨ।

ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ (ADR) ਦੀ ਰਿਪੋਰਟ ਵਿੱਚ ਸੱਤ ਕੌਮੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ, ਨੈਸ਼ਨਲਿਸਟ ਕਾਂਗਰਸ ਪਾਰਟੀ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਤੇ ਤ੍ਰਿਣਮੂਲ ਕਾਂਗਰਸ ਦੀ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਵਿੱਚ ਇਨ੍ਹਾਂ ਪਾਰਟੀਆਂ ਨੇ ਆਪਣੀ ਕੁੱਲ ਆਮਦਨ 1,559.17 ਕਰੋੜ ਰੁਪਏ ਐਲਾਨੀ ਹੈ ਜਦਕਿ ਖ਼ਰਚੇ 1,228.26 ਕਰੋੜ ਰੁਪਏ ਦੱਸੇ ਹਨ। ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਈ ਜਾਣਕਾਰੀ ਨੂੰ ਆਧਾਰ ਬਣਾ ਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।

ਏ.ਡੀ.ਆਰ. ਵੱਲੋਂ ਤਿਆਰ ਕੀਤੀ ਇਸ ਰਿਪੋਰਟ ਵਿੱਚ ਮੰਗ ਕੀਤੀ ਗਈ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੂਚਨਾ ਦੇ ਅਧਿਕਾਰ ਦੇ ਘੇਰੇ ਅੰਦਰ ਲਿਆਂਦਾ ਜਾਵੇ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾ ਸਕੇ। ਰਿਪੋਰਟ ਵਿੱਚ ਸਿਆਸੀ ਪਾਰਟੀਆਂ ਦੇ ਚੰਦਾ, ਦਾਨ ਤੇ ਹੋਰ ਆਮਦਨ ਸਰੋਤਾਂ ਨੂੰ ਜਨਤਕ ਕਰਨ ਦੀ ਮੰਗ ਵੀ ਕੀਤੀ ਗਈ ਹੈ।