ਅਜੋਕੇ ਵਿਸ਼ਵ ਸਾਹਿਤ ਦਾ ਮਹਾਂ ਨਾਇਕ: ਡਾ. ਜਰਨੈਲ ਸਿੰਘ ਆਨੰਦ

0
92

ਡਾ. ਜਰਨੈਲ ਸਿੰਘ ਆਨੰਦ, ਅਜੋਕੇ ਭਾਰਤ ਦੀ ਉਹ ਉੱਘੀ ਸ਼ਿਖਰ-ਸਾਹਿਤਿਕ ਪ੍ਰਤਿਭਾ ਹੈ ਜਿਸਨੂੰ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਤੋਂ ਬਾਅਦ ਪਿਛਲੇ ਸੌ ਸਾਲਾਂ ਵਿਚ ਪਹਿਲੀ ਵਾਰ ਸਰਬੀਆ ਦੇ ਲੇਖਕ ਸੰਘ ਨੇ ਸੰਘ ਦਾ ਸਦੱਸ ਨਿਯੁਕਤ ਕੀਤਾ ਹੈ। ਤੇ ਉਸਨੂੰ ਅਕਤੂਬਰ ਦੇ ਮਹੀਨੇ ਵਿਚ ਹੋ ਰਹੇ ਸਾਹਿਤਿਕ ਸੰਮੇਲਨ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ । ਡਾ.. ਆਨੰਦ ਭਾਰਤ ਵਿਚੋਂ ਇਕੱਲੇ ਅਜਿਹੇ ਸਾਹਿਤਕਾਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਇਹ ਸਨਮਾਨ ਸਿਰਫ ‘ਨੋਬਲ ਪੁਰਸਕਾਰ’ ਪ੍ਰਾਪਤ ਸਾਹਿਤਕਾਰ ਨੂੰ ਹੀ ਮਿਲਦਾ ਹੈ। 1913 ਵਿਚ ਨੋਬਲ ਪੁਰਸਕਾਰ ਹਾਸਿਲ ਕਰਨ ਤੋਂ ਬਾਅਦ ਟੈਗੋਰ ਵੀ 1926 ਵਿਚ ਸਰਬੀਆ ਲੇਖਕ ਸੰਘ ਦੇ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਸਰਬੀਆ ਦੀ ਮਹਾਨ ਕਵਿੱਤਰੀ ਡਾ.. ਮਾਇਆ ਹਰਮਨ ਸੇਕੁਲਿਚ ਅਨੁਸਾਰ “ਡਾ. ਆਨੰਦ ਫਿਲਾਸਫਰਾਂ ਵਿੱਚੋ ਸਭ ਤੋਂ ਮਹਾਨ ਕਵੀ ਅਤੇ ਕਵੀਆਂ ਵਿਚੋਂ ਸਭ ਤੋਂ ਮਹਾਨ ਫਿਲਾਸਫਰ ਹਨ। ਇੰਝ ਜਾਪਦਾ ਹੈ ਡਾ.. ਆਨੰਦ ਵੀ ਮਹਾਂਕਵੀ ਟੈਗੋਰ ਦੇ ਨਕਸ਼ੇਕਦਮ ਤੇ ਚੱਲਦੇ ਹੋਏ, ਸਾਹਿਤ ਦੇ ਨੋਬਲ ਪੁਰਸਕਾਰ ਵੱਲ ਵੱਧ ਰਹੇ ਹਨ।“

ਡਾ. ਆਨੰਦ ਨੇ ਕਾਵਿ, ਵਾਰਤਕ, ਗਲਪ, ਅਤੇ ਗੈਰ-ਗਲਪ, ਫਲਸਫਾ, ਤੇ ਅਧਿਆਤਮਿਕਤਾ, ਰਾਜਨੀਤਿਕ ਵਿਗਿਆਨ, ਆਦਿ ਸਾਰੀਆਂ ਸਾਹਿਤਕ ਸ਼ੈਲੀਆਂ ਵਿੱਚ ਲਿਖਿਆ ਹੈ। ਉਹਨਾਂ ਦੀਆਂ ਰਚਨਾਵਾਂ ਵਿਚ 9 ਮਹਾਂ ਕਾਵ ਹਨ। ਉਹਨਾਂ ਦੀਆਂ ਰਚਨਾਵਾਂ ਨੂੰ ਈਰਾਨ ਵਿਚੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਹਨਾਂ ਦੀਆਂ ਚਾਰ ਪੁਸਤਕਾਂ ਦਾ ਅਨੁਵਾਦ ਫਾਰਸੀ ਵਿਚ ਹੋਇਆ ਹੈ ਤੇ ਨੇਸ਼ਾਬਰ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਇਕ ਖੋਜ ਪਰਿਯੋਜਨਾ ਦੇ ਅਧੀਨ ਡਾ. ਆਨੰਦ ਅਤੇ ਦੋ ਇਰਾਨੀ ਕਵੀਆਂ ਸੋਹਰਾਬ ਸਪੇਰੀ ਅਤੇ ਫਰੋ ਫਰੋਖ਼ਜ਼ਾਦ ਦੀਆਂ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕਰਵਾਇਆ ਹੈ। ਡਾ. ਆਨੰਦ ਨੇ ਆਲੋਚਨਾ ਦੇ ਖੇਤਰ ਵਿਚ ਬਾਇਓ-ਟੈਕਸਟ ਦੇ ਸਿਧਾਂਤ ਦੀ ਰਚਨਾ ਕੀਤੀ, ਇਸ ਸਿਧਾਂਤ ਨੂੰ ਸਥਾਪਤ ਕਰਨ ਵਿੱਚ ਇਰਾਨੀ ਵਿਦਵਾਨ ਡਾ. ਰੋਹਾਯਾ ਫਾਰਸੀ ਨੇ ਆਪਣਾ ਯੋਗਦਾਨ ਦਿੱਤਾ। ਡਾ. ਫਾਰਸੀ ਨੇ ਡਾ. ਆਨੰਦ ਦੀਆ ਰਚਨਾਵਾਂ ਨੂੰ ਲੈ ਕੇ ਲੱਗਭੱਗ 15 ਲੇਖ ਲਿਖੇ ਜੋ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਰਸਾਲਿਆਂ ਵਿਚ ਛਪੇ ਹਨ। ਡਾ. ਫਾਰਸੀ ਨੇ ਹੀ ਡਾ. ਆਨੰਦ ਦੀ ਪੁਸਤਕ ‘ਬੀਔਂਡ ਲਾਈਫ ਬੀਔਂਡ ਡੈੱਥ’ ਦੀ ਤੁਲਨਾ ਟੀ. ਐੱਸ. ਐਲੀਅਟ ਦੀ ਮਹਾਨ ਰਚਨਾ ‘ਦਾ ਵੇਸਟੇਲੈਂਡ’ ਨਾਲ ਕੀਤੀ ਹੈ ਅਤੇ ਡਾ. ਆਨੰਦ ਦੁਆਰਾ ਲਿਖੀ ਵਿਸ਼ਵ ਪ੍ਰਸਿੱਧ ਪੁਸਤਕ ‘ਬਲਿੱਸ’ ਨੂੰ ਖ਼ਲੀਲ ਜਿਬਰਾਨ ਦੀ ਮਹਾਨ ਰਚਨਾ ‘ਪੈਗੰਬਰ’ ਨਾਲ ਤੁਲਨਾ ਕੀਤੀ ਹੈ। ‘ਬਲਿੱਸ’ ਅਤੇ ‘ਆਈ ਬਿਲੌਂਗ ਟੂ ਯੂ’ ਡਾ. ਆਨੰਦ ਦੁਆਰਾ ਲਿਖੀਆਂ ਦੋ ਅਧਿਆਤਮਕ ਰਚਨਾਵਾਂ ਹਨ ਜਿਨ੍ਹਾਂ ਦਾ ਅਨੁਵਾਦ ਫਾਰਸੀ ਭਾਸ਼ਾਂ ਵਿੱਚ, ਯੂਨੀਵਰਸਿਟੀ ਆਫ ਮਾਸ਼ਾਦ ਦੀ ਪ੍ਰੋਫੈਸਰ ਨਰਗਸ ਮੋਹੱਮਦੀ ਨੇ ਕੀਤਾ ਹੈ ਜੋ ਬਹੁਤ ਇਰਾਨ, ਇਰਾਕ ਅਤੇ ਉਸਦੇ ਆਸ ਪਾਸ ਦੇ ਖੇਤਰਾਂ ਵਿੱਚ ਬਹੁਤ ਪੜ੍ਹਿਆ ਜਾ ਰਿਹਾ ਹੈ। ਡਾ. ਆਨੰਦ ਦਾ ਨਾਵਲ ‘ਦ ਬ੍ਰੋਕਨ ਨੈਰੇਟਿਵ’ ਤੇ ਉਸ ਦੁਆਰਾ ਲਿਖਿਤ ਮਹਾਂਕਾਵਿ ‘ਲਸਟਸ’ ਵੀ ਫਾਰਸੀ ਭਾਸ਼ਾ ਵਿਚ ਉਪਲਬਧ ਹਨ।

ਇਸ ਤੋਂ ਇਲਾਵਾ, ‘ਮਹਾਂਕਾਲ ਤਿੱਕੜੀ’, ਜਿਸਦਾ ਪਹਿਲਾ ਹਿੱਸਾ ‘ਲਸਟਸ: ਦਾ ਪ੍ਰਿੰਸ ਆਫ ਡਾਰਕਨੈੱਸ’ ਹੈ ਆਨੰਦ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਚਨਾਵਾਂ ਵਿੱਚੋਂ ਇੱਕ ਹੈ। ਆਲੋਚਕ ਇਸਨੂੰ ਮਿਲਟਨ ਦੀ ਮਹਾਨ ਰਚਨਾ ‘ਦ ਪੈਰਾਡਾਇਜ਼ ਲਾਸਟ’ ਦੇ ਮੁਕਾਬਲੇ ਦੀ ਰਚਨਾ ਮੰਨਦੇ ਹਨ ਤੇ ਕਹਿੰਦੇ ਹਨ ਕਿ ‘ਲਸਟਸ’ ਦਾ ਇਕੀਵੀਂ ਸਦੀ ਨਾਲ ਓਹੀ ਰਿਸ਼ਤਾ ਹੈ ਜੋ ਮਿਲਟਨ ਦੀ ਮਹਾਨ ਰਚਨਾ ‘ਦ ਪੈਰਾਡਾਇਜ਼ ਲਾਸਟ’ ਦਾ ਸਤਾਰਵੀਂ ਸਦੀ ਨਾਲ ਸੀ। ਜਿਵੇਂ ਮਿਲਟਨ ਨੇ ਉਹਨਾਂ ਸਮਿਆਂ ਦੀ ਬਦੀ ਦੀ ਨੁਮਾਇੰਦਗੀ ਕਰਨ ਵਾਲੇ ‘ਸ਼ੈਤਾਨ’ ਦਾ ਕਿਰਦਾਰ ਸਿਰਜਿਆ, ਉਵੇਂ ਹੀ ਡਾ. ਆਨੰਦ ਨੇ ਅਜੋਕੇ ਯੁਗ ਵਿੱਚਲੀ ‘ਕਾਰਪੋਰੇਟ ਬਦੀ’ ਨੂੰ ਸ਼ੈਤਾਨ ‘ਲਸਟਸ’ ਦੇ ਕਿਰਦਾਰ ਵਜੋਂ ਸਥਾਪਿਤ ਕੀਤਾ ਹੈ। ‘ਡੋਮੀਨੀਅਨ ਆਫ ਦ ਨੇਦਰਵਰਲਡ’ ਅਤੇ ‘ਦ ਅਲਟ੍ਰੋਨਿਕ ਏਜ’ ਮਹਾਂਕਾਲ ਤ੍ਰਿਲੋਜੀ ਦੇ ਅਗਲੇ ਦੋ ਭਾਗ ਹਨ। ‘ਮਹਾਂਕਾਲ ਤਿੱਕੜੀ’ ਤੋਂ ਇਲਾਵਾ ਆਨੰਦ ਨੇ ‘ਗੀਤ, ਦਾ ਸੈਟੇਨਿਕ ਐਮਪਾਇਰ’, ‘ਮਹਾਭਾਰਤ’, ‘ਦਾ ਮਾਸਟਰ’, ‘ਗੈਂਟਰਬਰੀ ਟੇਲਸ’, ‘ਪਲੇਗ-ਦਾ ਮੈਟਾਫਰ ਇਜ਼ ਡੈੱਡ’ ਆਦਿ ਮਹਾਂਕਾਵ ਵੀ ਪਾਠਕਾਂ ਦੀ ਝੋਲੀ ਪਾਏ ਨੇ। ਡਾ. ਆਨੰਦ ਆਪਣੀਆਂ ਰਚਨਾਵਾਂ ਤੋਂ ਇਲਾਵਾ ਵਿਸ਼ਵ ਦੇ ਕਈ ਕਵੀਆਂ ਦੀ ਪਹਿਚਾਨ ਭਾਰਤੀ ਅਤੇ ਅੰਤਰਾਸ਼ਟਰੀ ਪਾਠਕਾਂ ਨਾਲ ਕਰਵਾਉਂਦੇ ਰਹਿੰਦੇ ਹਨ। ਇਸ ਲਈ ਉਹਨਾਂ ਨੇ ਪੌਲੈਂਡ, ਟਿਊਨੀਸ਼ੀਆ, ਅਰਜਨਟਾਇਨਾ, ਗ੍ਰੀਸ ਆਦਿ ਦੇਸ਼ਾਂ ਦੇ ਕਈ ਕਵੀਆਂ ਦੀਆਂ ਕਵਿਤਾਵਾਂ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤੀਆਂ ਹਨ।

ਡਾ. ਆਨੰਦ ਆਪਣੀ ਲੇਖਣੀ ਦੁਆਰਾ ਹਮੇਸ਼ਾ ਨੈਤਿਕਤਾ ਦਾ ਮੰਤਰ ਪਾਠਕਾਂ ਤੱਕ ਪਹੁੰਚਾਉਂਦੇ ਹਨ। ਉਹਨਾਂ ਦਾ ਇਹ ਮੰਤਵ ਰਿਹਾ ਹੈ ਕਿ ਸਾਡਾ ਸਮਾਜ ਨੈਤਿਕਤਾ ਦੇ ਰਾਹ ਉੱਪਰ ਚੱਲੇ। ਆਪਣੇ ਇਸ ਮੰਤਵ ਨੂੰ ਵੱਡੇ ਪੱਧਰ ਉੱਪਰ ਸਮਾਜ ਨਾਲ ਸਾਂਝਾ ਕਰਨ ਲਈ ਉਹਨਾਂ ਨੇ ‘ਅੰਤਰ ਰਾਸ਼ਟਰੀ ਅਕਾਦਮੀ ਆਫ ਐਥਿਕਸ’ ਦੀ ਸਥਾਪਨਾ ਕੀਤੀ ਹੈ। ਇਹ ਸੰਸਥਾ ‘ਯੂਨੀਵਰਸਿਟੀ ਆਫ ਐਥਿਕਸ’ ਦੀ ਆਰੰਭਿਕ ਸੰਸਥਾ ਹੈ, ਜਿਸਦੀ ਸਥਾਪਨਾ ‘ਆਜ਼ਾਦ ਫਾਊਂਡੇਸ਼ਨ’ ਦੀ ਅਗਵਾਈ ਹੇਠਾਂ ਕੀਤੀ ਜਾਣੀ ਹੈ। ‘ਅੰਤਰ-ਰਾਸ਼ਟਰੀ ਅਕਾਦਮੀ ਆਫ ਐਥਿਕਸ’ ਦੁਆਰਾ, ਵੱਖ-ਵੱਖ ਵਿਦਿਅਕ ਸੰਸਥਾਨਾਂ ਨਾਲ ਹੋਏ ਇੱਕ ‘ਸਮਝੌਤੇ’ ਅਧੀਨ ਹਰ ਕਲਾਸ ਵਿਚ ‘ਨੈਤਿਕਤਾ’ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਇਆ ਜਾ ਸਕੇਗਾ। ਇਸ ਅਕਾਦਮੀ ਨੇ ‘ਈ’ ਫਾਰ ਐਥਿਕਸ’ ਦਾ ਮਿਸ਼ਨ ਸ਼ੁਰੂ ਕੀਤਾ ਹੈ, ਤਾਂ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਸੋਚ ਵਿਚ ਨੈਤਿਕਤਾ ਦਾ ਵਿਚਾਰ ਘਰ ਕਰ ਸਕੇ, ਤੇ ਉਹ ਜ਼ਿੰਦਗੀ ਵਿਚ ਕੋਈ ਵੀ ਮਹੱਤਵਪੂਰਨ ਫੈਸਲਾ ਲੈਣ ਸਮੇਂ ਚੰਗੇ-ਮਾੜੇ ਦਾ ਧਿਆਨ ਰੱਖਣ। ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਅਕਾਦਮੀ ਨਾਲ ਜੁੜ ਗਏ ਹਨ ਅਤੇ ਇਹਨਾਂ ਸਾਂਝੇ ਜਤਨਾਂ ਸਦਕਾ ਦੁਨੀਆਂ ਦੀ ਸੋਚ ਇੱਕ ਦਿਨ ਜਰੂਰ ਬਦਲੇਗੀ।
ਡਾ. ਆਨੰਦ ਨੇ ਫਰਵਰੀ 2016 ਵਿਚ ਇਟਲੀ ਅਤੇ ਨਵੰਬਰ 2016 ਵਿਚ ਨਾਇਜੇਰੀਆ ਦਾ ਦੌਰਾ ਕੀਤਾ ਤੇ ਭਾਰਤ ਦੀ ਸਾਹਿੱਤਕ ਪ੍ਰਤੀਨਿਧਤਾ ਕੀਤੀ। ਆਨੰਦ ਨੂੰ ‘ਵਰਲਡ ਇੰਸਟੀਟਿਊਟ ਆਫ ਪੀਸ’ ਨਾਇਜੇਰੀਆ’ ਦੇ ਬੋਰਡ ਆਫ ਡਾਇਰੈਕਟਰਜ਼ ਦਾ ਚੇਅਰਮੈਨ ਬਣਾਇਆ ਗਿਆ। ‘ਯੂਰਪੀਅਨ ਇੰਸਟੀਟਿਊਟ ਆਫ ਰੋਮਾ ਸਟੁਡੀਜ਼’, ਬੇਲਗ੍ਰੇਡ, ਦੁਆਰਾ ਡਾ. ਆਨੰਦ ‘ਪ੍ਰੋਫੈਸਰ ਅਮੈਰੀਟਸ’ ਦੀ ਉਪਾਧੀ ਨਾਲ ਸਨਮਾਨਿਆ ਗਿਆ। ਉਹਨਾਂ ਨੂੰ 2022 ਦੇ ‘ਕਾਫਕਾ ਸਾਹਿਤਕ ਪੁਰਸਕਾਰ’ ਦਿੱਤਾ ਗਿਆ। ਇਸ ਤੋਂ ਇਲਾਵਾ ਉਸਨੇ ‘ਵਰਲਡ ਪਾਰਲੀਮੈਂਟ ਆਫ ਲਿਟਰੇਚਰ’ ਦੇ ਸੇਕ੍ਰੇਟਰੀ ਜਨਰਲ ਦੇ ਤੌਰ ਤੇ ਵੀ ਆਪਣੀ ਭੂਮਿਕਾ ਨਿਭਾਈ ਤੇ ਉਹਨਾਂ ਨੂੰ ‘ਕਰਾਸ ਆਫ ਪੀਸ’ ਅਤੇ ‘ਕਰਾਸ ਆਫ ਲਿਟਰੇਚਰ’ ਨਾਲ ਸਨਮਾਨਿਤ ਕੀਤਾ ਗਿਆ। ਅਮਰੀਕਨ ਸੰਸਥਾ ‘ਆਰਟ ਫ਼ਾਰ ਪੀਸ’ ਦੀ ਤਰਫੋਂ ਡਾ. ਆਨੰਦ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ।

ਡਾ. ਆਨੰਦ ਦਾ ਵਿਸ਼ਵਾਸ ਹੈ ਕਿ ‘ਆਰਟੀਫਿਸ਼ਲ ਇੰਟੈਲੀਜੈਂਸ’ ਆਧਾਰਿਤ ਗਿਆਨ ਨੇ ਮਾਨਵ ਦੇ ਸ਼ਰੀਰਿਕ, ਮਾਨਸਿਕ ਅਤੇ ਅਧਿਆਤਮਕ ਸੰਤੁਲਨ ਵਿੱਚ ਵਿਗਾੜ ਪੈਦਾ ਕਰ ਦਿੱਤਾ ਹੈ। ਵਨਸਪਤੀ, ਪਸ਼ੂ ਅਤੇ ਪੰਛੀ ਅੱਜ ਵੀ ‘ਕੁਦਰਤੀ ਅਤੇ ਸਦੀਵੀ ਬੁੱਧੀ’ ਤੇ ਨਿਰਭਰ ਹਨ ਜੋ ਖੁਸ਼ਹਾਲ ਜੀਵਨ ਜਿਓਣ ਲਈ ਅਤਿ ਜਰੂਰੀ ਹੈ, ਪਰ ਮਾਨਵ ਇਸ ਵਿਰਾਸਤ ਤੋਂ ਬੇਮੁੱਖ ਹੋ ਗਿਆ ਅਤੇ ਉਸਨੇ ‘ਨਕਲੀ ਬੁੱਧੀ’ ਅਰਜਿਤ ਕਰਨ ਵਿੱਚ ਆਪਣਾ ਸਮਾਂ ਅਤੇ ਊਰਜਾ ਲਾਈ, ਜਿਸ ਨਾਲ ਉਸਦੀ ਮਾਸੂਮੀਅਤ, ਸ਼ਾਂਤੀ ਅਤੇ ਖੁਸ਼ੀ ਉਸਤੋਂ ਦੂਰ ਜਾਂਦੀ ਰਹੀ। ‘ਕੁਦਰਤ ਦੁਆਰਾ ਰਚੀ ਦੁਨੀਆਂ’ ਨੂੰ ਡਾ. ਆਨੰਦ ਪਹਿਲੀ ਦੁਨੀਆਂ ਮੰਨਦੇ ਹਨ। ਇਸ ਕੁਦਰਤੀ ਦੁਨੀਆਂ ਦੀ ਥਾਂ ਹੁਣ ਮਨੁੱਖ ਦੁਆਰਾ ਨਿਰਮਿਤ ‘ਨਕਲੀ ਅਤੇ ਗੈਰ ਕੁਦਰਤੀ ਸੱਭਿਅਤਾ’ ਨੇ ਲੈ ਲਈ ਹੈ। ਮਨੁੱਖ ਦੀ ਮੁਕਤੀ ਅਤੇ ਵਿਸ਼ਵ ਕਲਿਆਣ ਲਈ ਇਸ ਪ੍ਰਕਿਰਿਆ ਨੂੰ ਉਲਟਾਉਣਾ ਅਤੇ ਮਨੁੱਖੀ ਸੱਭਿਅਤਾ ਦੇ ਮੁੜ ਕੁਦਰਤੀਕਰਣ ਕਰਨ ਵਿੱਚ ਹੀ ਨਿਹਿਤ ਹੈ। ਡਾ. ਆਨੰਦ ਨੇ ਆਪਨੀ ਰਚਨਾ ਵਿੱਚ ‘ਲਸਟਸ’ ਵਿੱਚ ਦਿਖਾਇਆ ਹੈ ਕਿ ਕਿਵੇਂ ‘ਹਨ੍ਹੇਰੇ ਦਾ ਰਾਜਕੁਮਾਰ’ ਇੱਕ ਅਜਿਹਾ ‘ਹੋਮੋਵਿਡ ਵੈਕਸੀਨ’ ਬਣਾ ਰਿਹਾ ਹੈ, ਜਿਸਨੂੰ ਲਗਾਉਂਦੇ ਹੀ ਪਸ਼ੂਆਂ ਵਿਚ ਮਾਨਵੀ ਬਿਰਤੀਆਂ ਘਰ ਕਰ ਜਾਣਗੀਆਂ ਤੇ ਉਹ ਮਨੁੱਖ ਦੀ ਤਰਾਂ ਹੰਕਾਰੀ, ਬਦਲਾਖੋਰ, ਈਰਖਾਲੂ ਤੇ ਮੁਨਾਫ਼ੇਖੋਰ ਬਣ ਜਾਣਗੇ।

ਡਾ. ਆਨੰਦ ਦਾ ਰਚਨਾ ਸੰਸਾਰ [150 ਪੁਸਤਕਾਂ] ਦੇਖ ਕੇ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਦੌਰ ਵਿਚ, ਨਾ ਹੀ ਭਾਰਤ ਵਿਚ ਤੇ ਨਾ ਹੀ ਵਿਸ਼ਵ ਸਾਹਿਤ ਵਿਚ, ਉਸਦਾ ਕੋਈ ਸਾਨੀ ਹੈ। ਬਹੁਤ ਘੱਟ ਸਾਹਿੱਤਕ ਹਸਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਣੇ ਸਮਕਾਲੀ ਸਾਹਿਤਕਾਰਾਂ ਵਲੋਂ ਰੱਜਵਾਂ ਪਿਆਰ ਤੇ ਸਤਿਕਾਰ ਮਿਲਦਾ ਹੈ। ਜੰਮੂ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸੇਵਾਮੁਕਤ ਮੁਖੀ ਡਾ. ਕੁਲਭੂਸ਼ਨ ਰਾਜ਼ਦਾਨ ਦੀਆਂ ਸਤਰਾਂ, ਡਾ. ਆਨੰਦ ਦੀ ਸਾਹਿੱਤਕ ਪ੍ਰਤਿਭਾ ਨੂੰ ਉਜਾਗਰ ਕਰਦੀਆਂ ਹਨ:

“ਡਾ. ਆਨੰਦ ਦੀ ਰਚਨਾਤਮਕ ਚਿੰਗਾਰੀ ਅਦਭੁਤ, ਹੈਰਾਨਕੁੰਨ,
ਬੁੱਧੀ ਨੂੰ ਗ੍ਰਹਿਣ ਲਾਉਣ ਵਾਲੀ ਤੇ ਮਨੁੱਖ ਨੂੰ ਜਾਗ੍ਰਿਤ ਕਰਨ ਵਾਲੀ
‘ਕਲਿਓਪ’ (ਰਚਨਾਤਮਕ ਸ਼ਕਤੀਆਂ ਦੀ ਦੇਵੀ) ਦੀ ਪਿਆਰੀ, ਸਰਸਵਤੀ ਦੀ ਮਨਪਸੰਦ,
ਓ ਜਰਨੈਲ,
ਤੇਰੀ ਕਲਮ ਵੱਲ ਕਵਿਤਾਵਾਂ ਇੰਜ ਆਉਂਦੀਆਂ ਹਨ ਜਿਵੇਂ ਚੁੰਬਕ ਵੱਲ ਸੂਈਆਂ
ਤੇਰੀ ਵਿਭਿੰਨਤਾ, ਆਨੰਦ, ਭਾਸ਼ਾ ਦੀ ਸਰਲਤਾ ਤੇਰੀ ਪਹਿਚਾਨ ਹਨ
ਤੇਰੀ ਸ਼ਬਦਾਵਲੀ, ਪਾਠਕਾਂ ਦਾ ਸਮੋਹਿਤ ਕਰਦੀ ਹੈ
ਤੇਰਾ ਨਿਮਰ-ਭਾਵ, ਨੇਕੀ, ਤੇਰੇ ਸੁਭਾਅ ਵਿੱਚ ਰਚੀ ਹੋਈ,
ਚੁੰਬਕੀ ਗੂੰਜ ਵਾਲਾ ਕਾਵਿ ਰਚਨ ਵਾਲੇ, ਸ਼ਾਸ਼ਵਤ ਪ੍ਰਤਿਭਾ ਦੇ ਮਾਲਿਕ
ਇਕ ਕਵੀ ਜਿਸ ਦਾ, ਰਚਨਾਤਮਕ ਕਾਵਿ ਬ੍ਰਹਿਮੰਡ,
ਗਲੈਕਸੀਆਂ ਵਾਂਗ ਵਿਸਤਾਰਿਤ ਹੈ
ਪ੍ਰਮਾਤਮਾ ਤੇਰੀ ਕਾਵਿ ਸ਼ਕਤੀ ਨੂੰ ਹੋਰ ਵਧਾਵੇ
ਅਤੇ ਵਿਭਿਨਤਾ ਅਤੇ ਸਾਦਗੀ ਦਾ ਮਾਰੂ ਸੁਮੇਲ ਕਾਇਮ ਰਹੇ।

ਡਾ. ਆਨੰਦ ਦੀ ਇਸ ਰਚਨਾਤਮਕ ਤੇ ਆਲੋਚਨਾਤਮਕ ਖੇਤਰ ਵਿਚ ਮਹਾਨ ਯੋਗਦਾਨ, ਵਿਸ਼ਵ ਸ਼ਾਂਤੀ, ਅੰਤਰ ਰਾਸ਼ਟਰੀ ਅਤੇ ਬ੍ਰਹਿਮੰਡੀ ਭਾਈਚਾਰਾ, ਪਿਆਰ ਵਰਤਾਰਾ, ਮਨੁੱਖੀ ਪਿਆਰ ਅਤੇ ਰਾਜਨੀਤਿਕ ਸਿਧਾਂਤ, ਅਤੇ ‘ਯੂਨੀਵਰਸਿਟੀ ਆਫ ਐਥਿਕਸ’ ਦੇ ਰੂਪ ਵਿਚ ਉਸਦਾ ਸਦੀਵੀ ਨਿਵੇਸ਼, ਉਸਨੂੰ ਸਾਡੇ ਸਮਿਆਂ ਦੀ ਇਕ ਮਹਾਨ ਸਾਹਿਤਿਕ ਪ੍ਰਤਿਭਾ ਬਣਾਉਂਦਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਸਦੀਵੀ ਪ੍ਰਭਾਵ ਪਾਵੇਗੀ। ਭਾਰਤ ਲਈ ਤੇ ਖਾਸ ਕਰਕੇ ਉਸ ਦੇ ਆਪਣੇ ਪੰਜਾਬ ਪ੍ਰਦੇਸ਼ ਲਈ ਇਹ ਇਕ ਮਾਣ ਦੀ ਘੜੀ ਹੈ ਕਿ ਉਸਦੀ ਵੱਡ-ਆਕਾਰੀ ਪ੍ਰਤਿਭਾ ਅਤੇ ਪ੍ਰਾਪਤੀਆਂ ਨੇ ਵਿਸ਼ਵ ਸਾਹਿਤ ਦੇ ਨਕਸ਼ੇ ਤੇ ਆਪਣੇ ਕਦਮ-ਚਿੰਨ ਉਲੀਕੇ ਹਨ। ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬ ਉਸ ਦਿਨ ਦੀ ਉਡੀਕ ਕਰੇਗਾ ਜਦ ਡਾ. ਆਨੰਦ ਟੈਗੋਰ ਦੀ ਤਰਾਂ ਭਾਰਤ ਦਾ ਮਾਣ ਵਧਾਉਣ ਵਿਚ ਤੇ ਨੋਬਲ ਪੁਰਸਕਾਰ ਹਾਸਲ ਕਾਰਨ ਵਿਚ ਸਫਲ ਹੋਣਗੇ।

— ਡਾ. ਸ਼ਿਵ ਸੇਠੀ, ਭਾਰਤ ਦੇ ਵਿਖਿਆਤ ਸਾਹਿਤਿਕ ਆਲੋਚਕ ਹਨ।

Jernail Singh Anand – Wikipedia

Bibliography https://www.daylife.page/2023/02/the-living-legend-dr-jernail-singh.html

International Academy of Ethics ethicsacademy.co.in