ਵਿਸ਼ਵ ਕੱਪ ਮਗਰੋਂ ਰੂਸ ਨੂੰ ਸਟੇਡੀਅਮ ਸੰਭਾਲਣ ਦੀ ਚਿੰਤਾ

0
418

ਮਾਸਕੋ : ਰੂਸ ਨੂੰ ਫੁਟਬਾਲ ਵਿਸ਼ਵ ਕੱਪ ਦੀ ਸਮਾਪਤੀ ਮਗਰੋਂ ਇਸ ਟੂਰਨਾਮੈਂਟ ਲਈ ਤਿਆਰ ਕੀਤੇ ਗਏ ਸਟੇਡੀਅਮਾਂ ਦੇ ਭਵਿੱਖ ਦੀ ਚਿੰਤਾ ਹੋ ਗਈ ਹੈ। ਆਲਮੀ ਟੂਰਨਾਮੈਂਟ ਲਈ ਸਟੇਡੀਅਮਾਂ ਦੀ ਉਸਾਰੀ ਅਤੇ ਮੁਰੰਮਤ ’ਤੇ ਰੂਸ ਨੇ ਲਗਪਗ ਚਾਰ ਬਿਲੀਅਨ ਡਾਲਰ ਖ਼ਰਚ ਕੀਤੇ ਹਨ। ਇਸ ਵਿੱਚ ਪਹਿਲਾਂ ਤੋਂ ਵਿਕਸਿਤ ਸ਼ਹਿਰਾਂ ਦੇ ਸਟੇਡੀਅਮਾਂ ਤੋਂ ਇਲਾਵਾ ਦੇਸ਼ ਦੇ ਦੂਰ-ਦਰਾਜ ਦੇ ਹਿੱਸੇ ਦੇ ਸਟੇਡੀਅਮ ਵੀ ਸ਼ਾਮਲ ਹਨ। ਅਜਿਹੇ ਸਟੇਡੀਅਮਾਂ ਵਿੱਚ ਵੋਲਗਾ ਨਦੀ ਕੰਢੇ ਬਣਾਇਆ ਨਿੱਝਨੀ ਨੋਵਗੋਰੋਦ ਸਟੇਡੀਅਮ ਅਤੇ ਛੋਟੇ ਅਤੇ ਇਕਾਂਤ ਥਾਂ ਸਰਾਂਸਕ ਵਿੱਚ ਬਣਿਆ ਸਟੇਡੀਅਮ ਵੀ ਸ਼ਾਮਲ ਹਨ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਪਤਾ ਹੈ ਕਿ ਵਿਸ਼ਵ ਕੱਪ ਦੀ ਸਫ਼ਲਤਾ ਦਾ ਅੰਦਾਜ਼ਾ ਸਟੇਡੀਅਮਾਂ ਦੇ ਭਵਿੱਖ ’ਤੇ ਵੀ ਨਿਰਭਰ ਕਰੇਗਾ। ਉਹ ਇਸ ਦੀ ਬਿਹਤਰ ਢੰਗ ਨਾਲ ਵਰਤੋਂ ਕਰਨਾ ਚਾਹੁੰਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਰੂਸ ਦੀ ਸੱਤਾ ’ਤੇ ਕਾਬਜ਼ ਪੂਤਿਨ ਇਸ ਮਸਲੇ ’ਤੇ ਗੰਭੀਰ ਅਤੇ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, ‘‘ਮੈਂ ਖੇਤਰ (ਸਟੇਡੀਅਮ) ਦੇ ਆਪਣੇ ਸਹਿਯੋਗੀਆਂ ਨੂੰ ਸੰਬੋਧਨ ਕਰਨਾ ਚਾਹੁੰਦਾ ਹਾਂ।’’
ਉਨ੍ਹਾਂ ਕਿਹਾ, ‘‘ਕਿਸੇ ਵੀ ਕੀਮਤ ’ਤੇ ਤੁਸੀਂ ਇਨ੍ਹਾਂ ਸਟੇਡੀਅਮਾਂ ਨੂੰ ਬਾਜ਼ਾਰ ਵਿੱਚ ਨਹੀਂ ਬਦਲ ਸਕਦੇ, ਜਿਵੇਂ ਕਿ 1990 ਦੇ ਅੱਧ ਵਿੱਚ ਹੋਇਆ ਸੀ।’’ ਫਾਈਨਲ ਦੀ ਮੇਜ਼ਬਾਨੀ ਕਰਨ ਵਾਲੇ ਲੁਜ਼ਨਿਕੀ ਸਟੇਡੀਅਮ ਲਈ ਜ਼ਿਆਦਾ ਖ਼ਤਰਾ ਨਹੀਂ, ਪਰ ਸਰਾਂਸਕ ਅਤੇ ਸਮਾਰਾ ਵਰਗੇ ਸਟੇਡੀਅਮ ਅਜਿਹੀਆਂ ਟੀਮਾਂ ਦੇ ਘਰਲੇੂ ਮੈਦਾਨ ਹੋਣਗੇ, ਜੋ ਕੁੱਝ ਹਜ਼ਾਰ ਦਰਸ਼ਕਾਂ ਨੂੰ ਹੀ ਖਿੱਚ ਸਕਦੇ ਹਨ। ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ 11 ਸ਼ਹਿਰਾਂ ਦੇ 12 ਸਟੇਡੀਅਮਾਂ ਦੇ ਭਵਿੱਖ ’ਤੇ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਇੱਥੇ ਪ੍ਰੀਮੀਅਰ ਲੀਗ (ਚੋਟੀ ਦਾ ਘਰੇਲੂ ਟੂਰਨਾਮੈਂਟ) ਵਿੱਚ ਸਿਰਫ਼ ਛੇ ਟੀਮਾਂ ਹੀ ਖੇਡਦੀਆਂ ਹਨ, ਜਿਸ ਦੇ ਪ੍ਰਸ਼ੰਸਕ ਟਿਕਟ ਲਈ ਪੈਸੇ ਖ਼ਰਚ ਕਰ ਸਕਦੇ ਹਨ। ਪ੍ਰੀਮੀਅਰ ਲੀਗ ਵਿੱਚ ਵੀ 12 ਤੋਂ 13 ਹਜ਼ਾਰ ਦਰਸ਼ਕ ਹੀ ਆਉਂਦੇ ਹਨ, ਜਦਕਿ ਵਿਸ਼ਵ ਕੱਪ ਲਈ ਤਿਆਰ ਸਟੇਡੀਅਮਾਂ ਦੀ ਸਮਰਥਾ ਘੱਟ ਤੋਂ ਘੱਟ 44 ਹਜ਼ਾਰ ਦਰਸ਼ਕਾਂ ਦੀ ਹੈ। -ਏਐਫਪੀ