27 ਮਾਰਚ ਤੋਂ ਅੰਤਰਰਾਸ਼ਟਰੀ ਫਲਾਈਟਾਂ ਦਾ ਸ਼ੁਰੂ ਹੋਣਾ ਮੁਸ਼ਕਲ

0
340

ਨਵੀਂ ਦਿੱਲੀ () : ਯੂਰਪ ਤੇ ਦੱਖਣੀ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਦੇ ਵਧਦੇ ਸੰਕ੍ਰਮਣ ਦੇ ਮੱਦੇਨਜ਼ਰ ਸਰਕਾਰ ਅੰਤਰਰਾਸ਼ਟਰੀ ਉਡਾਣਾਂ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਣ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਹੋ ਗਈ ਹੈ। ਸਰਕਾਰ ਨੇ 27 ਮਾਰਚ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਕ ਉੱਚ ਪੱਧਰੀ ਮੀਟਿੰਗ ’ਚ ਸਥਿਤੀ ਦਾ ਜਾਇਜ਼ਾ ਲਿਆ।
ਦਰਅਸਲ ਚੀਨ, ਦੱਖਣੀ ਕੋਰੀਆ, ਜਾਪਾਨ ਅਤੇ ਪੂਰਬੀ ਏਸ਼ੀਆ ਤੇ ਕਈ ਹੋਰ ਦੇਸ਼ਾਂ ਦੇ ਨਾਲ-ਨਾਲ ਯੂਰਪ ਦੇ ਕਈ ਦੇਸ਼ਾਂ ’ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਵੇਂ ਭਾਰਤ ’ਚ ਕੋਰੋਨਾ ਸੰਕ੍ਰਮਣ ਦੀ ਸਥਿਤੀ ਪਿਛਲੇ 22 ਮਹੀਨਿਆਂ ’ਚ ਸਭ ਤੋਂ ਵਧੀਆ ਹੈ ਅਤੇ ਇਸ ਵਿਚ ਲਗਾਤਾਰ ਗਿਰਾਵਟ ਦਿਖਾਈ ਦੇ ਰਹੀ ਹੈ ਪਰ ਦੂਜੇ ਦੇਸ਼ਾਂ ’ਚ ਲਾਗ ਵਿਚ ਤੇਜ਼ੀ ਨਾਲ ਵਾਧਾ ਚਿੰਤਾ ਦਾ ਕਾਰਨ ਹੈ। ਬੁੱਧਵਾਰ ਦੀ ਸਮੀਖਿਆ ਮੀਟਿੰਗ ’ਚ ਭਾਰਤ ਸਰਕਾਰ ਦੇ ਵਿਗਿਆਨਕ ਸਲਾਹਕਾਰ ਕੇ ਵਿਜੈ ਰਾਘਵਨ, ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ, ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ, ਏਮਜ਼ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ, ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (ਐੱਨਸੀਡੀਸੀ) ਦੇ ਡਾਇਰੈਕਟਰ ਐੱਸਕੇ ਸਿੰਘ, ਕੋਰੋਨਾ ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਗਰੁੱਪ ਦੇ ਮੁਖੀ ਡਾ. ਐੱਨਕੇ ਅਰੋੜਾ ਅਤੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਹ ਮੀਟਿੰਗ ਕਰੀਬ ਡੇਢ ਘੰਟਾ ਚੱਲੀ।